ਬਾਰਾਮਾਹਾ ਜ਼ੁਲੈਖ਼ਾ (ਗੁਲਾਮ ਰਸੂਲ ਆਲਮਪੁਰੀ)

ਬਾਰਾਮਾਹਾ ਜ਼ੁਲੈਖ਼ਾ
ਗੁਲਾਮ ਰਸੂਲ ਆਲਮਪੁਰੀ


ਚੇਤ

ਚੜ੍ਹਿਆ ਚੇਤ ਚਿਤਾਰਾਂ ਦਿਲਬਰ, ਮੈਨੂੰ ਨਜ਼ਰ ਨਾ ਆਵੇ
ਦਿਲ ਵਿਚ ਹਰਦਮ ਓਹਾ ਵਸਦਾ, ਨਾ ਵਿਚ ਚਸ਼ਮ ਸਮਾਵੇ
ਮੈਂ ਤੇਰੀ ਹੋ ਰਹੀਆਂ ਬੰਦੀ, ਕਿਉਂ ਤੂੰ ਨਜ਼ਰ ਨਾ ਆਵੇਂ
ਰਚ ਮਿਚ ਰਹਿਓਂ ਦਿਲੇ ਵਿਚ ਮੇਰੇ, ਕਿਸ ਥੀਂ ਨੈਣ ਛੁਪਾਵੇਂ
ਤਾਂਘ ਤੇਰੀ ਮੈਂ ਆ ਕਿੱਤ ਵੇਲੇ, ਝਾਤ ਘੱਤਾਂ ਜਿੰਦ ਵਾਰਾਂ
ਬਾਲ ਅਲੰਬਾ ਕਿੱਥੇ ਲੁਕਿਓਂ, ਮੇਰੀਆਂ ਸੁਣੀ ਪੁਕਾਰਾਂ
ਮੈਂ ਜਿਸ ਸ਼ੈ ਨੂੰ 'ਮੈਂ' ਕਰ ਕਿਹਾ, ਵਿਚ ਜ਼ਮੀਰ ਵਿਚਾਰਾਂ
'ਤੂੰ' ਕਰ ਕਹਿੰਦੀ ਦੂਰ ਵਸੇਂਦੀ, ਡਰ ਡਰ ਸੱਚ ਨਿਤਾਰਾਂ
ਵੈਸਾਖ

ਖੁੱਲ੍ਹ ਵੈਸਾਖ ਪਈਆਂ ਗੁਲਜ਼ਾਰਾਂ ਝੁੱਲੀਆਂ ਬਾਦ-ਬਹਾਰਾਂ
ਸੁੰਬਲ ਸ਼ਾਖ਼ਾਂ ਨਾਲ਼ ਸੁਹਾਂਦੇ, ਤੋੜ ਜ਼ੁਲਫ਼ ਦੀਆਂ ਤਾਰਾਂ
ਦਿਲ ਮੇਰੇ ਖ਼ਮ ਜ਼ੁਲਫ਼ ਤੇਰੀ ਦੇ, ਪਾਏ ਪੇਚ ਹਜ਼ਾਰਾਂ
ਮੈਂ ਵਿਚ ਪੇਚ ਫਸੀ ਫਸ ਮਰਨਾਂ, ਯਾਰ ਨਾ ਲੈਣੀਆਂ ਸਾਰਾਂ
ਗੁਲ ਗੁਲ ਦੇ ਸਿਰ ਬੁਲਬੁਲ ਰੋਂਦੀ, ਮਾਲੀ ਦੀ ਗੁਲਜ਼ਾਰੇ
ਤੇ ਮੈਂ ਲੱਭਦੀ ਡਾਲੀ ਡਾਲੀ, ਮਾਲੀ ਦੇ ਚਮਕਾਰੇ
ਜੇਠ

ਜੇਠ ਹਵਾਈਂ ਸੀਨਾ ਸਾੜਨ ਵਾਂਗ ਝੁਰੇਵੇਂ ਯਾਰਾਂ
ਕੌਣ ਓਹਾ ਜਿਸ ਮੈਂ ਗ਼ਮ ਘੱਤੀ, ਕਿਸ ਥੀਂ ਪੁੱਛਾਂ ਸਾਰਾਂ
ਐ ਮਹਿਬੂਬ ਮੁਹੱਬਤ ਤੇਰੀ, ਕੇਡਕ ਆਫ਼ਤ ਭਾਰੀ
ਸਬਰ ਲੁੱਟੇ ਤੇ ਹੋਸ਼ ਲੁਟਾਵੇ, ਜਾਨ ਖੜੇ ਕਢ ਸਾਰੀ
ਦਿਲ ਮੇਰੇ ਵਿਚ ਤੂੰਹੇਂ ਆਇਆ, ਬਹਿ ਬਹਿ ਘੱਤੇਂ ਝਾਤੀਂ
ਸਾਇਤ ਭਰ ਹੋ ਜ਼ਾਹਿਰ ਵੇਖਣ, ਨੈਣ ਮੇਰੇ ਬਹਿ ਘਾਤੀਂ
ਹਾੜ

ਹਾੜ ਮਹੀਨੇ ਸਿਰ ਪੁਰ ਗੁਜ਼ਰੀ, ਧੁੱਪ ਵਿਛੋੜੇ ਵਾਲੀ
ਸੂਰਜ ਗ਼ਮਾਂ ਦੇ ਹੱਡੀਆਂ ਮਗ਼ਜ਼ੋਂ, ਕਰ ਦਿਖਲਾਈਆਂ ਖ਼ਾਲੀ
ਸ਼ੱਮਸ ਦੋ ਪੈਕਰ ਦੇ ਵਿਚ ਸੀਨੇ, ਜਿਉਂ ਅੱਜ ਚਮਕਾਂ ਮਾਰੇ
ਏੈਵੇਂ ਜ਼ਖ਼ਮ ਤੇਰਾ ਅੱਜ ਮੇਰੇ, ਸੀਨੇ ਦੇ ਵਿਚਕਾਰੇ
ਤੂੰ ਸੁਫ਼ਨੇ ਵਿਚ ਰੋਂਦੀ ਪਿਟਦੀ, ਛੋੜ ਗਿਓਂ ਕਰ ਬੇਰੇ
ਜੇ ਇਕ ਵਾਰ ਮਿਲੇਂ ਮੁੜ ਵਾਰਾਂ, ਜਾਨ ਕਦਮ ਵਿਚ ਤੇਰੇ
ਸਾਵਣ

ਸਾਵਣ ਚੜ੍ਹੇ ਬੱਦਲ ਸਿਰ ਆਵਣ, ਨਦੀਆਂ ਨੀਰ ਉਛਾਲੇ
ਨੈਣ ਮੇਰੇ ਹੰਝ ਲਹਿਰੀਂ ਡੁੱਬਦੇ, ਬਹਿਰ ਫ਼ਿਰਾਕ ਵਿਚਾਲੇ
ਆਬ ਸਿਰੋਂ ਵਹ ਰੁੜ੍ਹੀਆਂ ਯਾਰਾ, ਜਿੰਦ ਪਲਕ ਯਾ ਘੜੀਆਂ
ਮੈਂ ਮਨਤਾਰੂ ਕਿਸ਼ਤੀ ਬਾਝੋਂ, ਨੈਂ ਡੋਬੂ ਵਿਚ ਵੜੀਆਂ
ਕਾਲੀਆਂ ਘਾਟਆਂ ਸੁਹਾਈਆਂ ਸਿਰ ਤੇ, ਆਹੀਂ ਜੋਸ਼ ਖਿਲਾਰੇ
ਯਾਰ ਮਿਲੇ ਮੈਂ ਬੰਨੇ ਲਗਦੀ, ਮਿਲੇ ਪਲਕ ਵਿਚ ਤਾਰੇ
ਭਾਦੋਂ

ਭਾਦੋਂ ਭਾਅ ਮੇਰੇ ਦੁੱਖ ਭਾਰੇ, ਤਪੇ ਦਿਮਾਗ਼ ਬੁਖ਼ਾਰੋਂ
ਰੂਇ ਜ਼ਿਮੀਂ ਦਾ ਤਖ਼ਤਾ ਗਲਿਆ, ਮੇਰੀ ਗਿਰਯਾਜ਼ਾਰੋਂ
ਹਾਲ ਮੇਰੇ ਦੀ ਮੁਸ਼ਕਲ ਭਾਰੀ, ਵੇਖ ਕਦੀ ਇਕ ਵਾਰੀ
ਖ਼ੁਸ਼ ਇਕਬਾਲ ਓਹਾ ਜਿਸ ਤੇਰੇ, ਜਾਨ ਕਦਮ ਪਰ ਵਾਰੀ
ਅੱਸੂ

ਅੱਸੂ ਆਸ ਦੁਰਾਡੀ ਮੈਨੂੰ, ਰੋਂਦਿਆਂ ਜੁਗ ਵਿਹਾਣੇ
ਸੋਹਣੇ ਵਾਲੀਆਂ ਅੱਖੀਂ ਓਹਾ, ਕੁੰਹਦੀਆਂ ਜ਼ੋਰ ੰਿਧਗਾਣੇ
ਦਿਨ ਰੋਵਾਂ ਮੈਂ ਰਾਤੀਂ ਝੂਰਾਂ, ਤਾਜ਼ੇ ਕਰਾਂ ਸਿਆਪੇ
ਦਿਨ ਮਾਤਮ ਮੈਂ ਰਾਤ ਕਜ਼ੀਏ, ਇਹ ਦੋਜ਼ਖ਼ ਸਿਰ ਜਾਪੇ
ਜੇ ਹੈ ਇਸ਼ਕ ਤੇਰਾ ਭਲਿਆਈ, ਮੁੱਲ ਬਹਿਸ਼ਤ ਨਾ ਕਾਈ
ਜੇ ਹੈ ਬੁਰਾ ਨਾ ਦੋਜ਼ਖ਼ ਹਾਜਤ, ਕਾਫ਼ੀ ਅਜਰ ਜੁਦਾਈ
ਕੱਤਕ

ਕੱਤਕ ਕਟਕ ਬਿਰਹੋਂ ਦੇ ਧਾਣੇ, ਮੈਨੂੰ ਲੁੱਟ ਸਿਧਾਏ
ਉਸ ਦਿਲਬਰ ਦੇ ਨੈਣ ਤ੍ਰਿਖੇ, ਵਗ ਦਿਲ ਕਾਰੀ ਆਏ
ਦੇਖ ਲਵਾਂ ਹੁਣ ਤਾਲਿਅ ਆਪਣੇ, ਮੁੜ ਕਦ ਮਿਲੇ ਪਿਆਰਾ
ਕਰ ਘਾਇਲ ਛਿੱਲ ਜਾਨਾਂ ਦਮ ਵਿਚ ਇਹ ਉਸ ਦਾ ਵਰਤਾਰਾ
ਕਰ ਫੇਰਾ ਦੁੱਖ ਲੰਮੇ ਹੋਏ, ਮਰ ਖੱਪੀਆਂ ਵਿਚ ਦੂਰੀ
ਸੀਨਾ ਪੁਰਜ਼ੇ ਜਿਗਰ ਸ਼ਰਾਰੋਂ, ਤਨ ਮਨ ਹੋਇਆ ਚੂਰੀ
ਮੱਘਰ

ਮੱਘਰ ਮਾਹ ਅਮਲ ਦੇ ਪਾਲੇ, ਤੇਰੀਆਂ ਵਾਹ ਰਜ਼ਾਈਂ
ਮੁੱਦਤ ਜਲੀ ਬਲੀ ਮੈਂ ਦਰਦੀਂ, ਹੁਣ ਤੇ ਆ ਮਿਲ ਜਾਈਂ
ਰੁੱਖ਼ੋਂ ਨਕਾਬ ਉਤਾਰ ਕਰਮ ਥੀਂ, ਸੁਫ਼ਨੇ ਰੂਪ ਦਿਖਾਈਂ
ਕਿਤਿਓਂ ਘੇਰ ਘੜੀ ਭਰ ਪਹਿਲੀ, ਨੀਂਦ ਅੱਖੀਂ ਵਿਚ ਪਾਈਂ
ਮੈਂ ਤੇਰੀ ਤੂੰ ਕਿਸ ਥੀਂ ਨੱਸੇਂ, ਕਿਸ ਥੀਂ ਘੱਤੇਂ ਪਰਦਾ
ਪਾਸ ਹੋਂਦੋਂ ਇਹ ਦਰਦ ਸੁਣੇਂਦੋਂ, ਵਾਹ ਦਰਦਾ ਵਾਹ ਦਰਦਾ
ਪੋਹ

ਪੋਹ ਮਹੀਨਾ ਠੰਡਾ ਚੜ੍ਹਿਆ, ਜਿਗਰ ਵਧੇਰੇ ਸੜਿਆ
ਲੰਮੀ ਰਾਤ ਫ਼ਿਰਾਕਾਂ ਵਾਲੀ, ਯਾਰ ਨਾ ਮੁੜ ਘਰ ਵੜਿਆ
ਘਰ ਮੇਰੇ ਤੂੰ ਪੈਰ ਨ ਪਾਵੇਂ, ਵੇਖ ਦੁੱਖਾਂ ਦੀਆਂ ਆਹੀਂ
ਇਹ ਆਖ਼ਿਰ ਦੁੱਖ ਲਾਏ ਤੂਹੇਂ, ਹੁਣ ਕਿਉਂ ਹਟੇਂ ਪਿਛਾਹੀਂ
ਦੀਦ ਤੂੰਹੀ ਦੁੱਖ ਤੇਰਾ ਮੈਨੂੰ, ਮੈਂ ਤੇਰੀ ਤੂੰ ਮੇਰਾ
ਤੂੰਹੀਂ ਦੌਲਤ ਤੂੰਹੀਂ ਮਾਲਿਕ ਤੂੰਹੀਂ ਆਪ ਲੁਟੇਰਾ
ਮਾਘ

ਮਾਘ ਮਘਾਈ ਦਿਲ ਦੀ ਆਤਿਸ਼, ਜਾਨ ਗਈ ਹੋ ਬੇਰੇ
ਜਿਉਂ ਜਿਉਂ ਕਰਾਂ ਇਲਾਜ ਦੁੱਖਾਂ ਦਾ, ਤਿਉਂ ਤਿਉਂ ਹੋਣ ਵਧੇਰੇ
ਕਰ ਘਾਇਲ ਤੂੰ ਨਾ ਮੁੜ ਮਿਲਿਆ, ਤੇ ਇਹ ਦਰਦ ਨਾ ਮੁੱਕੇ
ਕਾਠ ਹੋਇਆ ਸੁੱਕ ਤਨ ਮਨ ਮੇਰਾ, ਜ਼ਾਲਮ ਨੈਣ ਨਾ ਸੁੱਕੇ
ਜੇ ਇੱਕ ਵਾਰ ਮਿਲੇਂ ਮੈਂ ਪੁੱਛਾਂ, ਬਾਦ ਸਲਾਮ ਦੁਆਈਆਂ
ਤੂੰ ਇਹ ਨੈਣ ਮੇਰੇ ਵਿਚ ਕਿਥੋਂ, ਨਦੀਆਂ ਟੋਰ ਵਗਾਈਆਂ
ਫੱਗਣ

ਫੱਗਣ ਮਾਹ ਫ਼ਿਰਾਕੋਂ ਰੋਂਦੀ, ਪਏ ਅੱਖੀਂ ਵਿਚ ਰੋਹੇ
ਵਾਹ ਵਾਹ ਇਸ਼ਕ ਤੇਰੇ ਨੇ ਮੈਨੂੰ, ਦੁੱਖ ਦਿੱਤੇ ਸੁਖ ਖੋਹੇ
ਹੁਣ ਇਹ ਅੱਖੀਂ ਸੌਂਦੀਆਂ ਨਾਹੀਂ, ਨੀਂਦ ਗਿਓਂ ਲੈ ਨਾਲੇ
ਆਣ ਵਿਖਾ ਉਹ ਸ਼ੋਅਲੇ ਨੂਰੀ, ਖੁੱਲੀਆਂ ਨੀਂਦਾਂ ਵਾਲੇ
ਦਿਲ ਦਾ ਖ਼ੂਨ ਅੱਖੀਂ ਥੀਂ ਵਹਿੰਦਾ, ਗ਼ਮ ਦੀਆਂ ਵਗਣ ਕਟਾਰਾਂ
ਵਿਚ ਕੱਜ਼ੀਆਂ ਤੇਰਿਆਂ ਰੋਂਦੀ, ਗਏ ਮਹੀਨੇ ਬਾਰਾਂ
ਇਸੇ ਹਾਲ ਜ਼ੁਲੈਖ਼ਾ ਤਾਈਂ, ਸਾਰਾ ਸਾਲ ਵਹਾਇਆ
ਨਾ ਉਹ ਖੁੱਲੀਆਂ ਨੀਂਦਾਂ ਗ਼ਾਲਿਬ, ਨਾ ਉਹ ਯਾਰ ਦਿਸਾਇਆ
ਜਰਿਆ ਬਰਸ ਦੇ ਗ਼ਮ ਭਾਰਾ, ਤਾਕਤ ਰਹੀ ਨਾ ਜ਼ੋਰਾ
ਅੱਖੀਂ ਪੱਕ ਰਹਿਣ ਵਿਚ ਲਾਲੀ, ਬਦਨ ਗਿਆ ਹੋ ਖੋਰਾ
ਇਕੋ ਸਾਲ ਜ਼ੁਲੈਖ਼ਾ ਤਾਈਂ, ਗ਼ਮ ਦੇ ਸੋਜ਼ ਵਬਾਲੋਂ
ਦੋਜ਼ਖ਼ ਦੇ ਵਿਚ ਕੱਟਣ ਨਾਲੋਂ, ਬੜਾ ਹਜ਼ਾਰਾਂ ਸਾਲੋਂ
ਗੁਜ਼ਰਿਆ ਸਾਲ ਇਕਾਹਰ ਗ਼ਮ ਦਾ, ਹੁਣ ਦੋਹਰੇ ਦੀ ਵਾਰੀ
ਵਗੀ ਕਲਾਮ ਦਿਲੋਂ ਦੋ ਹਰਫ਼ੀ, ਤਾਲਾ ਫ਼ਾਲ ਵਿਚਾਰੀ