ਬਾਰਾਂਮਾਹ ਸਾਈਂ ਮੌਲਾ ਸ਼ਾਹ
ਬਾਰਾਂਮਾਹ
ਫਿਰ ਗਈਆਂ ਰੁਤਾਂ ਚੜ੍ਹਿਆ ਚੇਤ ਮਹੀਨਾ ਵੇ
ਹਸ ਰਸ ਛਾਤੀ ਲਗ, ਨਾ ਰਖ ਦਿਲ ਵਿਚ ਕੀਨਾ ਵੇ
ਫੁਲੇ ਬਾਗ਼ ਬਣ ਬਾਸ ਗੁਲਜ਼ਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਚੜ੍ਹੇ ਬਿਸਾਖ ਧੁਪਾਂ ਲਗਣ, ਤਵਾੜਾਂ ਵੇ
ਹੀਰ ਜੱਟੀ ਦੀ ਖ਼ਾਤਰ ਰਾਂਝੇ, ਚਾਰੀਆਂ ਮੱਝੀਂ ਉਜਾੜਾਂ ਵੇ
ਮਖ਼ਲੂਕਾਤ ਵਾਕਫ਼ ਦੋਹਾਂ ਦਾ, ਜੋ ਪਿਆਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਜੇਠ ਮਹੀਨਾ ਲੋਆਂ ਵਗਣ ਕਹਾਰੀਂ ਵੇ
ਕੀ ਸੁਖ ਪਾਇਆ ਤੇਰੇ ਮੈਂ ਲਾ ਕੇ ਯਾਰੀ ਵੇ
ਕਿਸੇ ਨਾਹੀਂ ਮੰਨਣੀ ਤੇਰੀ ਇਹ ਗੱਲ ਸਰਦਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਸੂਰਜ ਹਾੜ ਮਹੀਨਾ ਤਪਤ ਸਵਾਈ ਵੇ
ਰੇਤਾਂ ਤਪਦੀਆਂ ਪੈਂਡੇ ਤੁਰਨ ਨਾ ਰਾਹੀ ਵੇ
ਇਸ਼ਕ ਹਿਜਰ ਦੇ ਭੇਦ ਦਸ ਨਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਸੌਣ ਮਹੀਨਾਂ ਬੂੰਦਾਂ ਪੜਤ ਪੁਹਾਰ ਵੇ
ਅਦਮ ਮਤਲਕ ਬਮਲਕਤੇ ਜਿਹੜੀ ਵੇਖ ਬੱਦਲ ਚਮਕਾਰ ਵੇ
ਆਰਫ਼ ਆਸ਼ਕ ਦਹਸ਼ਤ ਕੜਕਨ ਛਡ ਦੇ ਕੌਲ ਕਰਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਫ਼ਰਾਕ ਪ੍ਰੇਮ ਧੁਪ ਭਾਦੋਂ ਸਖਤੀ ਝੱਲਣ ਆਹੋ ਨਾ ਗੈਂਡੇ ਵੇ
ਪਾਣੀ ਛਾਂ ਵਲ ਨਸੇ ਚੌਪਾਏ, ਟੁਰਨ ਨਾ ਰਾਹੀ ਪੈਂਡੇ ਵੇ
ਯਾਰ ਵਿਛੋੜਾ ਹਾਵਾ ਦੋਜ਼ਖ ਕੌਣ ਕਿਸੇ ਗ਼ਮਖ਼ਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਓਸ ਅਸੂ ਵਿਚ ਸ਼ਬਨਮ ਪੈਂਦੀ ਸਰਦੀ ਵੇ
ਦਸਤ ਬਦਸਤਾ ਮੂੰਹ ਘਾਹ ਗਲ ਪੱਲੂ ਯਾਰ ਮੈਂ ਤੇਰੀ ਬਰਦੀ ਵੇ
ਸਮਝਾ ਰਖ ਤਰਕਾਂ ਨੈਨ, ਸਿਪਾਹੀਆ ਤੀਰ ਨਜ਼ਰ ਨਾ ਮਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਤਬਦੀਲ ਕੱਤਕ ਵਿਚ ਮੌਸਮ ਹੁੰਦਾ ਬਿਰਛਾਂ ਪੱਤਰ ਝੜਦੇ ਵੇ
ਬਰਫ਼ੋਂ ਡਰਦੇ ਲੋਕ ਪਹਾੜੀ ਆਣ ਬਨਾਂ ਵਿਚ ਵੜਦੇ ਵੇ
ਰੁਸ ਰੁਸ ਹਟਾਣ ਇਸ਼ਕੋਂ ਡਰ ਕੇ ਮਿਤਰ ਪਿਆ ਦਿਲਦਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਦਿਨ ਛੋਟੇ ਮਘਰ ਮਹੀਨੇ ਰਾਤਾਂ ਵੱਡੀਆਂ ਵੇ
ਤਰਕ ਫ਼ਰੰਗੀਆਂ ਬਜਨ ਨਗਾਰੇ ਰਣ ਵਿਚ ਜਿਹਦੀਆਂ ਗੱਡੀਆਂ ਵੇ
ਇਸ਼ਕ ਸਪਾਹੀ ਪੈਦਲ ਲੜਦੇ ਪਿਆਦੇ ਅਕਲ ਸਵਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਮਾਘ ਮਹੀਨੇ ਛਾਓਂ ਭਜ ਭਜ ਧੁਪੇ ਬਹਿੰਦੇ ਮੋਰ ਵੇ
ਮਸ਼ੂਕ ਰੁਸੇ ਨੂੰ ਇਸ਼ਕ ਮਨਾਵੇ ਕੌਣ ਮਨਾਵੇ ਹੋਰ ਵੇ
ਹਜਾਬ ਜਾਂਦਾ ਉਠ ਇਸ਼ਕ ਦੋਪਾਸੀ ਅੱਖਾਂ ਹੋਵਣ ਚਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।
ਮਾਹ ਫੱਗਣ ਵਿਚ ਖੇਲਣ ਹੋਲੀ ਰੰਗ ਭਰਨ ਪਿਚਕਾਰੀ ਵੇ
ਮੌਲੇ ਸ਼ਾਹ ਮੇਰੀ ਛਡ ਦੇ ਵੀਣੀ ਤੂੰ ਵਿੱਚ ਖਮਰ ਖੁਮਾਰੀ ਵੇ
ਵਗਦੀ ਰਾਵੀ ਤਰਦੀ ਬੇੜੀ ਕਦੀ ਉਰਾਰ ਕਦੀ ਪਾਰ ਵੇ ਬੀਬਾ
ਨਾ ਰੁਸ ਯਾਰੀ ਲਾ ਕੇ ਮੇਰੇ ਨਾਲ ਯਾਰ ਵੇ ਬੀਬਾ।