ਬਾਰਾਂਮਾਹ  (1905) 
ਹਦਾਇਤੁੱਲਾ

ਛਾਪਾ ਟੈਪ


ਬਾਰਾਂਮਾਹ
ਹਿਦਾਇਤੁੱਲਾ
ਜਿਸਕੋ
ਹਾਜੀ ਚਰਾਗ਼ਦੀਨ ਸਰਾਜਦੀਨ
ਤਾਜਰਾਨਿ ਕੁਤਬ ਲਾਹੌਰ
ਬਾਜ਼ਾਰ ਕਸ਼ਮੀਰੀ
ਨੇ
ਮੁਨਸ਼ੀ ਲਾਲਦੀਨ
ਮਲਿਕ ਮੁਤਬਾ ਸੇ


ਐਲਬੀਯਨ ਪ੍ਰੈਸ ਲਾਹੌਰ ਦਰਵਾਜ਼ਹ
ਮਸਤੀ ਵਿਖੇ ਛਪਵਾਯਾ ੧੯੦੫

ੴਸਤਿਗੁਰ ਪ੍ਰਸਾਦਿ ॥
ਅਥ ਬਾਰਹ ਮਾਂਹ ਹਿਦਾਇਤੁੱਲਾ

ਚੜਦੇ ਚੇਤ ਨਹੀਂ ਘਰ ਜਾਨੀ ਰੋ ਰੋ ਆਹੀਂ ਮਾਰਾਂ ਮੈਂ॥ ਫਲਿਆ ਬਾਗ ਪਕੇ ਸੇਬ ਮੇਵੇ ਕਿਸਦੀ ਨਜਰ ਗੁਜਾਰਾਂ ਮੈਂ॥ ਝੁਕ ਰਹੇ ਡਾਲ ਨਹੀਂ ਵਿੱਚ ਮਾਲੀ ਬੁਲਬੁਲ ਵਾਂਗ ਪੁਕਾਰਾਂ ਮੈਂ॥ ਜੇਘਰ ਯਾਰ ਹਦਾਇਤ ਆਵੇ ਅੰਬ ਅਨਾਰ ਉਤਾਰਾਂ ਮੈਂ॥੧॥

ਚੜ੍ਹੇ ਵਿਸਾਖ ਵਿਸਾਖੀ ਹੋਈ ਘਰੀਂ ਸੁਦਾਗ੍ਰ ਆਏ ਨੀ॥ ਨਾਹੀਂ ਖਬਰ ਅਸਾਡੇ ਜਾਨੀ


ਕਿਉਂ ਇਤਨੇ ਦਿਨ ਲਾਏ ਨੀ॥ ਖੁਲੇਕੇਸ ਗਲੇ ਵਿੱਚ ਮੇਰੇ ਸਾਈਆਂ ਸੀਸ ਗੁੰਦਾਏ ਨੀ॥ ਕੌਣ ਹਿਦਾਇਤਾ ਖਬਰ ਲਿਆਵੇ ਕੇਹੜਾ ਕਾਸਦ ਜਾਏ ਨੀ॥ ੨ ॥

ਚੜਦੇ ਜੇਠ ਵਗਣ ਹੁਨ ਲੋਆਂ ਰੁਤਗਰਮੀ ਦੀ ਆਈ ਹੈ॥ ਜ਼ਾਲਮ ਬਿਰਹੋਂ ਫੂਕ ਅਲੰਬਾ ਆਤਸ਼ ਤੇਜ਼ ਮਚਾਈ ਹੈ॥ ਏਸ ਵਿਛੋੜੇ ਵਾਂਗ ਸ਼ਮਾਂ ਦੇ ਮੇਰੀ ਜਾਨ ਜਲਾਈ ਹੈ॥ ਅਜੇ ਹਿਦਾਇਤ ਯਾਰ ਨੇ ਆਯਾ ਜਾਨਲਬਾਂਪਰ ਆਈ ਹੈ॥ ੩ ॥

ਚੜਿਆ ਹਾੜ ਘਤਾਂ ਮੈਂ ਹਾੜੇ ਪੀਆ ਬਾਝ ਇੱਕਲੀ ਜੇ॥ ਮੁਦਤ ਗੁਜ਼ਰੀ ਪੰਧਉਡੀਕਾਂ ਸੋਹਣੇ ਖਬਰ ਨ ਘੱਲੀ ਜੇ॥ ਵਾਂਗ ਜ਼ੁਲੈਖਾ

ਯੂਸਫ਼ ਪਿਛੇ ਮੈਂ ਭੀ ਹੋਈ ਝੱਲੀ ਜੇ॥ ਲੱਗੇ ਇਸ਼ਕ ਹਿਦਾਇਤ ਉਸਨੂੰ ਕਿਸਮਤ ਜਿਦੀ

ਅਵੱਲੀ ਜੇ ॥ ੪ ॥

ਚੜ੍ਹਦੇ ਸਾਵਨ ਮੀਂਹ ਬਰਸਾਵਨ ਸਈਆਂ ਪੀਂਘਾਂ ਪਾਈਆਂਨੀ।। ਕਾਲੀ ਘਟਾ ਸਿਰੇ ਪਰ ਮੇਰੇ ਜ਼ਾਲਮ ਇਸ਼ਕ ਝੜਾਈਆਂ ਨੀ।। ਬਿਜਲੀ ਚਮਕੇ ਬਿਰਹੋਂ ਵਾਲੀ ਨੈਣਾਂ ਝੜੀਆਂ ਲਾਈਆਂਨੀ।। ਸੌਖਾ ਇਸ਼ਕ ਹਿਦਯਤ ਦਿਸੇ ਇਸ ਵਿਚ ਸਖਤ ਬਲਾਈਆਂਨੀ॥੫॥

ਭਾਦ੍ਰੋਂ ਭਾਇ ਇਸ਼ਕ ਨੇ ਫੂਕੀ ਖੂਨ ਬਦਨ ਦਾ ਸੜਿਆ ਜੇ।। ਦਸ ਪੀਆ ਦੀ ਪੈਂਦੀ ਨਾਹੀਂ ਛਿਵਾਂ ਮਹੀਨਾ ਚੜਿਆ ਜੇ।। ਮੈਂ ਬੇਕਿਸਮਤ ਰੋਂਦੀ ਫਿਰਦੀ ਨਾਗ ਇਸ਼ਕਦਾ ਲੜਿਆਜੇ ॥ ਕੇਹੜੇਦੇਸਹਿਦਾਯਤ ਜਾਨੀ ਕਿਸਮਤ ਮੇਰੀ ਖੜਿਆ ਜੇ ॥ ੬ ॥

ਅੱਸੂ ਆਨ ਸਤਾਯਾ ਮੈਨੂੰ ਤਰਫ ਜੰਗਲ ਉਠ ਵੈਨੀਹਾਂ ॥ ਕਰਕੇ ਯਾਦ ਪੀਆਨੂੰਰੋਵਾਂ ਅਕਲੀ ਹੋ ਹੋਬਹਿਨੀਹ ॥ ਜ਼ਾਲਮ ਬਿਰਹੋਂ ਪੈਣ ਨ ਦੇਂਦਾ ਜੇ ਮੈਂ ਲੰਮੀ ਪੈਨੀ ਹਾਂ॥ ਜਾਨੀਬਾਝ ਹਿਦਾਇਤਤੇਰੇ ਤਾਰੇ ਗਿਣਦੀ ਰਹੀਨੀ ਹਾਂ ॥ ੭ ॥

ਚੜਿਆ ਕੱਤਕ ਕੰਤ ਨਾਆਇਆ ਮੈਂਹੁਣ ਭਾਲਣਜਾਵਾਂਗੀ ॥ ਦੇਸ ਬਦੇਸ ਫਿਰਾਂਗੀ ਭੌਂਦੀ ਜੋਗੀ ਭੇਸ ਬਨਾਵਾਂਗੀ ॥ ਗੇਰੀਨਾਲ ਰੰਗਾਂਗੀ ਕਪੜੇ ਕੰਨ ਵਿਚ ਮੁੰਦ੍ਰਾਂ ਪਾਵਾਂਗੀ॥ ਸੱਸੀ ਵਾਂਗ ਹਿਦਾਯਤ ਮੈਂ ਭੀ ਥਲ ਵਿਚ ਜਾਨ ਗਵਾਵਾਂਗੀ॥ ੮ ॥

ਮੱਘਰ ਮਾਰ ਮੁਕਾਇਆ ਮੈਨੂੰ ਹਡ ਵਛੋੜੇ ਗਾਲੇ ਨੀ॥ ਸਾਡੀ ਵੱਲੋਂ ਕਿਉਂ ਚਿਤਚਾਯਾ ਓਸ ਪੀਆ ਮਤਵਾਲੇ ਨੀ ॥ ਅੱਗੇ ਰਾਤ ਕਹਿਰ ਦੀ ਲੰਮੀ ਉੱਤੋਂ ਪੈਗਏ ਪਾਲੇ ਨੀ॥ ਜਾਨੀ ਕੋਲ ਹਿਦਾਯਤ ਨਾਹੀਂ ਲਾਵਾਂ ਅੱਗ ਸਿਆਲੇ ਨੀ ॥ ੯ ॥

ਚੜਿਆ ਪੋਹ ਪਈਆਂ ਹੁਣ ਬਰਫ਼ਾਂ ਕੋਈ ਖ਼ਬਰ ਨਵਾਲੀ ਨੂੰ ॥ ਮੁੜਕੇ ਖ਼ਬਰਨ ਪੁਛੀ ਉਸਨੇ ਛਡਗਿਆ ਬੇ ਹਾਲੀ ਨੂੰ ॥ ਭਾਂਬੜ ਬਲਨ ਜਦੋਂ ਮੈਂ ਦੇਖਾਂ ਉਸਦੀ ਪਲੰਘ ਨਿਹਾਲੀ ॥ ਲਾ ਗਲ ਯਾਰ ਹਿਦਾਯਤ ਰੋਵਾਂ ਲੋਫ਼ੇ ਸਿਰਾਣੇ ਖ਼ਾਲੀ ਨੂੰ ॥ ੧੦ ॥ ਮਾਘ ਮਹੀਨਾ ਮਾਹੀ ਬਾਝੋਂ ਜੋ ਕੁਛ ਮੈਂਸੰਗ ਬੀਤੀ ਜੇ॥ ਸ਼ਾਲਾ ਦੁਸ਼ਮਨ ਨਾਲ ਨ ਹੋਵੇ ਜੇਹੀ ਵਿਛੋੜੇ ਕੀਤੀ ਜੇ॥ ਕੋਹਲੂ ਵਾਂਗਰ ਜਾਨ ਤਤੀ ਦੀ ਪੀੜ ਇਸ਼ਕ ਨੇਲੀਤੀਜੇ॥ ਜਾਣੇ ਓਹ ਏਹ ਗਲ ਹਿਦਾਯਤ ਜ਼ਹਿਰ ਇਸ਼ਕ ਜਿਨ ਪੀਤੀ ਜੇ॥ ੧੧ ॥

ਚੜਿਆ ਫੱਗਨ ਕੰਧੀ ਲੱਗਣ ਉਮਰ ਰਹੀ ਦਿਨ ਥੋੜੇ ਨੀ॥ ਨਾਲ ਪੀਆ ਦੇ ਖੇਡਾਂ ਹੋਲੀ ਏਹ ਮੇਰਾ ਦਿਲ ਲੋੜੇ ਨੀ॥ ਐਸਾ ਕੌਣ ਕੱਢਾਂ ਮੈਂ ਦਰਦੀ ਜਾ ਉਸ ਨੂੰ ਹੱਥ ਜੋੜੇ ਨੀ॥

ਤਾਂ ਸੁਹਾਗਣ ਬਣਾਂ ਹਿਦਾਇਤ ਜੇ ਸ਼ਹੁ ਵਾਗਾਂ ਮੋੜੇ ਨੀ॥ ੧੨ ॥ ੧ ॥

॥ ਮਹੀਨਾ ਲੌਂਦ ॥

ਪੀਆ ਗਿੜ ਪੀਆ ਘਰ ਆਵੇ ਹਾਰ ਸੰਗਾਰ ਬਨਾਵਾਂ ਮੈਂ॥ ਕਰਾਂ ਤਿਆਰੀ ਸੇਜ ਚੜ੍ਹਨ ਦੀ ਰੋ ਰੋ ਹਾਲ ਗਵਾਵਾਂ ਮੈਂ ॥ ਸੱਜਣ ਆਣ ਵੜੇ ਵਿਚ ਵੇਹੜੇ ਰੱਤਾ ਪਲੰਘ ਵਛਾਵਾਂ ਮੈਂ॥ ਜਾਗੇ ਬਖ਼ਤ ਹਿਦਾਯਤ ਮੇਰੇ ਢੋਲੇ ਨੂੰ ਗਲ ਲਾਵਾਂ ਮੈਂ ॥ ੧੩ ॥

ਸੰਪੂਰਨੰ

ਨਾਨਕਸ਼ਾਹੀ ੪੩੬

ਇਹ ਲਿਖਤ ਹੁਣ ਜਨਤਕ ਖੇਤਰ ਵਿੱਚ ਹੈ ਕਿਉਂਕਿ ਇਹ ਭਾਰਤ ਤੋਂ ਸ਼ੁਰੂ ਹੁੰਦਾ ਹੈ ਅਤੇ ਇਸਦੀ ਕਾਪੀਰਾਈਟ ਦੀ ਸਮਾਂ ਸੀਮਾ ਸਮਾਪਤ ਹੋ ਗਈ ਹੈ। ਭਾਰਤੀ ਕਾਪੀਰਾਈਟ ਐਕਟ, 1957 ਦੇ ਅਨੁਸਾਰ, ਸੱਠ ਸਾਲਾਂ ਤੋਂ ਲੇਖਕ ਦੀ ਮੌਤ ਤੋਂ ਬਾਅਦ ਅਗਲੇ ਸਾਲ ਕੈਲੰਡਰ ਸਾਲ ਦੀ ਸ਼ੁਰੂਆਤ ਤੋਂ (ਜਿਵੇਂ ਕਿ 2024 ਤੱਕ, 1 ਜਨਵਰੀ 1964 ਤੋਂ) ਸਾਰੇ ਦਸਤਾਵੇਜ਼ ਜਨਤਕ ਖੇਤਰ ਵਿੱਚ ਦਾਖਲ ਹੋ ਜਾਂਦੇ ਹਨ।

Public domainPublic domainfalsefalse