ਬਾਬੇ ਨਾਨਕ ਦੇਵ ਜੀ ਦੀ ਵਾਰ

ਬਾਬੇ ਨਾਨਕ ਦੇਵ ਜੀ ਦੀ ਵਾਰ
 ਭਾਈ ਗੁਰਦਾਸ
753ਬਾਬੇ ਨਾਨਕ ਦੇਵ ਜੀ ਦੀ ਵਾਰਭਾਈ ਗੁਰਦਾਸ

 

ਬਾਬੇ ਨਾਨਕ ਦੇਵ ਜੀ ਦੀ ਵਾਰ ਭਾਈ ਗੁਰਦਾਸ
1

ਨਮਸਕਾਰ ਗੁਰਦੇਵ ਕੋ ਸਤਨਾਮੁ ਜਿਸ ਮੰਤ੍ਰ ਸੁਣਾਯਾ ॥
ਭਵਜਲ ਵਿੱਚੋਂ ਕੱਢਕੇ ਮੁਕਤਿ ਪਦਾਰਥ ਮਾਂਹਿ ਸਮਾਯਾ ॥
ਜਨਮ ਮਰਨ ਭਉ ਕੱਟਿਆ ਸੰਸਾ ਰੋਗ ਵਿਜੋਗ ਮਿਟਾਯਾ ॥
ਸੰਸਾ ਇਹ ਸੰਸਾਰ ਹੈ ਜਨਮ ਮਰਨ ਵਿਚ ਦੁਖ ਸਬਾਯਾ ॥
ਜਮਦੰਡ ਸਿਰੋਂ ਨ ਉਤਰੈ ਸਾਕਤ ਦੁਰਜਨ ਜਨਮ ਗਵਾਯਾ ॥
ਚਰਨ ਗਹੇ ਗੁਰਦੇਵ ਕੇ ਸਤਿ ਸਬਦ ਦੇ ਮੁਕਤਿ ਕਰਾਯਾ ॥
ਭਾਇ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਯਾ ॥
ਜੇਹਾ ਬੀਉ ਤੇਹਾ ਫਲ ਪਾਯਾ ॥1॥
2

ਪ੍ਰਥਮੈਂ ਸਾਸ ਨ ਮਾਸ ਸਨ ਅੰਧ ਧੁੰਦ ਕਛ ਖਬਰ ਨ ਪਾਈ ॥
ਰਕਤ ਬਿੰਦ ਕੀ ਦੇਹ ਰਚ ਪਾਂਚ ਤਤ ਕੀ ਜੜਤ ਜੜਾਈ ॥
ਪਉਣ ਪਾਣੀ ਬੈਸੰਤਰੋ ਚੌਥੀ ਧਰਤੀ ਸੰਗ ਮਿਲਾਈ ॥
ਪੰਚ ਵਿਚ ਆਕਾਸ ਕਰ ਕਰਤਾ ਛਟਮ ਅਦਿਸ਼ ਸਮਾਈ ॥
ਪੰਚ ਤੱਤ ਪਚੀਸ ਗੁਣ ਸ਼ਤ੍ਰ ਮਿਤ੍ਰ ਮਿਲ ਦੇਹ ਬਣਾਈ ॥
ਖਾਣੀ ਬਾਣੀ ਚਲਿਤ ਕਰ ਆਵਾਗਉਣ ਚਰਿਤ ਦਿਖਾਈ ॥
ਚੌਰਾਸੀਹ ਲੱਖ ਜੋਨ ਉਪਾਈ ॥2॥
3

ਚੌਰਾਸੀਹ ਲੱਖ ਜੋਨ ਵਿਚ ਉੱਤਮ ਜਨਮ ਸੁ ਮਾਣਸ ਦੇਹੀ ॥
ਅਖੀ ਵੇਖਨ ਕਰਨ ਸੁਨਣ ਮੁਖ ਸ਼ੁਭ ਬੋਲਨ ਬਚਨ ਸਨੇਹੀ ॥
ਹਥੀਂ ਕਾਰ ਕਮਾਵਨੀ ਪੈਰੀ ਚਲ ਸਤਿਸੰਗ ਮਿਲੇਹੀ ॥
ਕਿਰਤ ਵਿਰਤ ਕਰ ਧਰਮ ਦੀ ਖੱਟ ਖਵਾਲਨ ਕਾਰ ਕਰੇਹੀ ॥
ਗੁਰਮੁਖ ਜਨਮ ਸਕਾਰਥਾ ਗੁਰਬਾਣੀ ਪੜ੍ਹ ਸਮਝ ਸਨੇਹੀ ॥
ਗੁਰ ਭਾਈ ਸੰਤੁਸ਼ਟ ਕਰ ਚਰਨਾਮ੍ਰਿਤ ਲੈ ਮੁਖ ਪਿਵੇਹੀ ॥
ਪੈਰੀ ਪਵਨ ਨ ਛੋਡੀਐ ਕਲੀ ਕਾਲ ਰਹਿਰਾਸ ਕਰੇਹੀ ॥
ਆਪ ਤਰੇ ਗੁਰ ਸਿਖ ਤਰੇਹੀ ॥3॥
4

ਓਅੰਕਾਰ ਆਕਾਰ ਕਰ ਏਕ ਕਵਾਉ ਪਸਾਉ ਪਸਾਰਾ ॥
ਪੰਚ ਤੱਤ ਪਰਵਾਨ ਕਰ ਘਟ ਘਟ ਅੰਦਰ ਤ੍ਰਿਭਵਨ ਸਾਰਾ ॥
ਕਾਦਰ ਕਿਨੇ ਨ ਲਖਿਆ ਕੁਦਰਤ ਸਾਜ ਕੀਆ ਅਵਤਾਰਾ ॥
ਇਕਦੂੰ ਕੁਦਰਤ ਲੱਖ ਕਰ ਲੱਖ ਬਿਅੰਤ ਅਸੰਖ ਅਪਾਰਾ ॥
ਰੋਮ ਰੋਮ ਵਿਚ ਰਖਿਓਨ ਕਰ ਬ੍ਰਹਮੰਡ ਕਰੋੜ ਸ਼ੁਮਾਰਾ ॥
ਇਕਸ ਇਕਸ ਬ੍ਰਹਮੰਡ ਵਿਚ ਦਸ ਦਸ ਕਰ ਔਤਾਰ ਉਤਾਰਾ ॥
ਕੇਤੇ ਬੇਦ ਬਿਆਸ ਕਰ ਕਈ ਕਤੇਬ ਮਹੰਮਦ ਯਾਰਾ ॥
ਕੁਦਰਤ ਇਕ ਏਤਾ ਪਾਸਾਰਾ ॥4॥
5

ਚਾਰ ਜੁਗ ਕਰ ਥਾਪਣਾ ਸਤਿਜੁਗ ਤ੍ਰੇਤਾ ਦੁਆਪੁਰ ਸਾਜੇ ॥
ਚੌਥਾ ਕਲਜੁਗ ਥਾਪਿਆ ਚਾਰ ਵਰਨ ਚਾਰੋਂ ਕੇ ਰਾਜੇ ॥
ਬਹਮਣ ਛਤ੍ਰੀ ਵੈਸ਼ ਸੂਦ੍ਰ ਜੁਗ ਜੁਗ ਏਕੋ ਵਰਨ ਬਿਰਾਜੇ ॥
ਸਤਿਜੁਗ ਹੰਸ ਅਉਤਾਰ ਧਰ ਸੋਹੰਬ੍ਰਹਮ ਨ ਦੂਜਾ ਪਾਜੇ ॥
ਏਕੋ ਬ੍ਰਹਮ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ ॥
ਕਰਨ ਤਪੱਸਯਾ ਬਨ ਵਿਖੇ ਵਖਤ ਗੁਜਾਰਨ ਪਿੰਨੀ ਸਾਗੇ ॥
ਲਖ ਵਰ੍ਹਿਆਂ ਦੀ ਆਰਜਾ ਕੋਠੇ ਕੋਟ ਨ ਮੰਦਰ ਸਾਜੇ ॥
ਇਕ ਬਿਨਸੇ ਇਕ ਅਸਥਿਰ ਗਾਜੇ ॥5॥
6

ਤ੍ਰੇਤੇ ਛੱਤ੍ਰੀ ਰੂਪ ਧਰ ਸੂਰਜ ਬੰਸੀ ਬਡ ਅਵਤਾਰਾ ॥
ਨਉਂ ਹਿਸੇ ਗਈ ਆਰਜਾ ਮਾਯਾ ਮੋਹ ਅਹੰਕਾਰ ਪਸਾਰਾ ॥
ਦੁਆਪੁਰ ਜਾਦਵ ਵੇਸ ਕਰ ਜੁਗ ਜੁਗ ਅਉਧ ਘਟੈ ਆਚਾਰਾ ॥
ਰਿਗਬੇਦ ਮਹਿੰ ਬ੍ਰਹਮਕ੍ਰਿਤ ਪੂਰਬ ਮੁਖ ਸ਼ੁਭ ਕਰਮ ਬਿਚਾਰਾ ॥
ਖਤ੍ਰੀ ਥਾਪੇ ਜੁਜਰ ਵੇਦ ਦਖਣ ਮੁਖ ਬਹੁ ਦਾਨ ਦਾਤਾਰਾ ॥
ਵੈਸੋਂ ਥਾਪਿਆ ਸਿਆਮ ਵੇਦ ਪਛਮ ਮੁਖ ਕਰ ਸੀਸ ਨਿਵਾਰਾ ॥
ਰਿਗ ਨੀਲੰਬਰ ਜੁਜਰ ਪੀਤ ਸਵੇਤੰਬਰ ਕਰ ਸਿਆਮ ਸੁਧਾਰਾ ॥
ਤ੍ਰਿਹੁ ਜੁਗੀਂ ਤ੍ਰੈ ਧਰਮ ਉਚਾਰਾ ॥6॥
7

ਕਲਿਜੁਗ ਚੌਥਾ ਥਾਪਿਆ ਸੂਦ੍ਰ ਬਿਰਤ ਜਗ ਮਹਿ ਵਰਤਾਈ ॥
ਕਰਮ ਸੁ ਰਿਗ ਜੁਜਰ ਸਿਆਮਦੇ ਕਰੇ ਜਗਤ ਰਿਦ ਬਹੁ ਸੁਕਚਾਈ ॥
ਮਾਯਾ ਮੋਹੀ ਮੇਦਨੀ ਕਲਿ ਕਲ ਵਾਲੀ ਸਭ ਭਰਮਾਈ ॥
ਉਠੀ ਗਲਾਨ ਜਗਤ ਵਿਚ ਹਉਮੈ ਅੰਦਰ ਜਲੇ ਲੁਕਾਈ ॥
ਕੋਈ ਨ ਕਿਸੇ ਪੂਜਦਾ ਊਚ ਨੀਚ ਸਭ ਗਤਿ ਬਿਸਰਾਈ ॥
ਭਏ ਬਿਅਦਲੀ ਪਾਤਸ਼ਾਹ ਕਲਿਕਾਤੀ ਉਮਰਾਵ ਕਸਾਈ ॥
ਰਹਿਆ ਤਪਾਵਸ ਤ੍ਰਿਹੁ ਜੁਗੀ ਚੌਥੇ ਜੁਗ ਜੋ ਦੇਇ ਸੁ ਪਾਈ ॥
ਕਰਮ ਭ੍ਰਸ਼ਟ ਸਭ ਭਈ ਲੁਕਾਈ ॥7॥
8

ਚਹੁੰ ਬੇਦਾਂ ਕੇ ਧਰਮ ਮਥ ਖਟ ਸ਼ਾਸਤ੍ਰ ਮਥ ਰਿਖੀ ਸੁਨਾਵੈ ॥
ਬ੍ਰਹਮਾਦਿਕ ਸਨਕਾਦਿਕਾ ਜਿਉ ਤਿਹ ਕਹਾ ਤਿਵੇਂ ਜਗ ਗਾਵੈ ॥
ਗਾਵਨ ਪੜਨ ਬਿਚਾਰ ਬਹੁ ਕੋਟਿ ਮਧੇ ਵਿਰਲਾ ਗਤਿ ਪਾਵੈ ॥
ਇਹ ਅਚਰਜ ਮਨ ਆਂਵਦੀ ਪੜ੍ਹਤ ਗੁੜ੍ਹਤ ਕਛੁ ਭੇਦ ਨ ਆਵੈ ॥
ਜੁਗ ਜੁਗ ਏਕੋ ਵਰਨ ਹੈ ਕਲਜੁਗ ਕਿਵੇਂ ਬਹੁਤ ਦਿਖਲਾਵੈ ॥
ਜੰਦ੍ਰੇ ਵਜੇ ਤ੍ਰਿਹੁ ਜੁਗੀਂ ਕਥ ਪੜ੍ਹ ਰਹੈ ਭਰਮ ਨਹਿੰ ਜਾਵੈ ॥
ਜਿਓਂ ਕਰ ਕਥਿਆ ਚਾਰ ਵੇਦ ਖਟ ਸ਼ਾਸਤ੍ਰ ਸੰਗ ਸਾਂਖ ਸੁਣਾਵੈ ॥
ਆਪੋ ਆਪਣੇ ਸਬ ਮਤ ਗਾਵੈ ॥8॥
9

ਗੋਤਮ ਤਪੇ ਬਿਚਾਰ ਕੈ ਰਿਗ ਵੇਦ ਕੀ ਕਥਾ ਸੁਣਾਈ ॥
ਨਿਆਇ ਸ਼ਾਸਤ੍ਰ ਕੋ ਮਥ ਕਰ ਸਭ ਬਿਧ ਕਰਤੇ ਹੱਥ ਜਣਾਈ ॥
ਸਬ ਕੁਝ ਕਰਤੇ ਵਸ ਹੈ ਹੋਰ ਬਾਤ ਵਿਚ ਚਲੇ ਨ ਕਾਈ ॥
ਦੁਹੀਂ ਸਿਰੀਂ ਕਰਤਾਰ ਹੈ ਆਪ ਨਿਆਰਾ ਕਰ ਦਿਖਲਾਈ ॥
ਕਰਤਾ ਕਿਨੈ ਨ ਦੇਖਿਆ ਕੁਦਰਤ ਅੰਦਰ ਭਰਮ ਭੁਲਾਈ ॥
ਸੋਹੰ ਬ੍ਰਹਮ ਛਪਾਇਕੈ ਪੜਦਾ ਭਰਮ ਕਤਾਰ ਸੁਣਾਈ ॥
ਰਿਗ ਕਹੈ ਸੁਣ ਗੁਰਮੁਖਹੁ ਆਪੇ ਆਪ ਨ ਦੂਜੀ ਰਾਈ ॥
ਸਤਿਗੁਰੂ ਬਿਨਾਂ ਨ ਸੋਝੀ ਪਾਈ ॥9॥
10

ਫਿਰ ਜੈਮਨ ਰਿਖ ਬੋਲਿਆ ਜੁਜਰਵੇਦ ਮਥ ਕਥਾ ਸੁਣਾਵੈ ॥
ਕਰਮਾਂ ਉਤੇ ਨਿਬੜੇ ਦੇਹੀ ਮੱਧ ਕਰੇ ਸੋ ਪਾਵੈ ॥
ਥਾਪਸਿ ਕਰਮ ਸੰਸਾਰ ਵਿਚ ਕਰਮ ਵਾਸ ਕਰ ਆਵੈ ਜਾਵੈ ॥
ਸਹਸਾ ਮਨਹੁ ਨ ਚੁਕਈ ਕਰਮਾਂ ਅੰਦਰ ਭਰਮ ਭੁਲਾਵੈ ॥
ਭਰਮ ਵਰੱਤਣ ਜਗਤ ਕੀ ਇਕੋ ਮਾਯਾ ਬ੍ਰਹਮ ਕਹਾਵੈ ॥
ਜੁਜਰ ਵੇਦ ਕੋ ਮਥਨ ਕਰ ਤੱਤ ਬ੍ਰਹਮ ਵਿਚ ਭਰਮ ਭੁਲਾਵੈ ॥
ਕਰਮ ਦਿੜਾਇ ਜਗਤ ਵਿਚ ਕਰਮ ਬੰਧ ਕਰ ਆਵੈ ਜਾਵੈ ॥
ਸਤਿਗੁਰ ਬਿਨਾ ਨ ਸਹਸਾ ਜਾਵੈ ॥10॥
11

ਸਿਆਮ ਵੇਦ ਕਉ ਸੋਧ ਕਰ ਮਥ ਵੇਦਾਂਤ ਬਿਆਸ ਸੁਣਾਯਾ ॥
ਕਥਨੀ ਬਦਨੀ ਬਾਹਿਰਾ ਆਪੇ ਆਪਨ ਬ੍ਰਹਮ ਜਣਾਯਾ ॥
ਨਦਰੀ ਕਿਸੇ ਨ ਲਿਆਵਈ ਹਉਮੈਂ ਅੰਦਰ ਭਰਮ ਭੁਲਾਯਾ ॥
ਆਪ ਪੁਜਾਇ ਜਗਤ ਵਿਚ ਭਾਉ ਭਗਤ ਦਾ ਮਰਮ ਨ ਪਾਯਾ ॥
ਤ੍ਰਿਪਤਿ ਨ ਆਵੀ ਵੇਦ ਮਥਿ ਅਗਨੀ ਅੰਦਰਿ ਤਪਤ ਤਪਾਯਾ ॥
ਮਾਯਾ ਦੰਡ ਨ ਉਤੱਰੇ ਜਮ ਦੰਡੇ ਬਹੁ ਦੁਖ ਰੂਆਯਾ ॥
ਨਾਰਦ ਮੁਨ ਉਪਦੇਸਿਆ ਮਥ ਭਗਵਤ ਗੁਣ ਗੀਤ ਕਰਾਯਾ ॥
ਬਿਨ ਸਰਨੀ ਨਹਿ ਕੋਇ ਤਰਾਯਾ ॥11॥
12

ਦੁਆਪਰ ਜੁਗ ਬੀਤਤ ਭਏ ਕਲਿਜੁਗ ਕੇ ਸਿਰ ਛਤ੍ਰ ਫਿਰਾਈ ॥
ਬੇਦ ਅਥਰਬਣ ਥਾਪਿਆ ਉਤੱਰ ਮੁਖ ਗੁਰਮੁਖ ਗੁਨਗਾਈ ॥
ਕਪਲ ਰਿਖੀਸ਼ਰ ਸਾਂਖ ਮਥ ਅਥਰਬਣ ਬੇਦ ਕੀ ਰਿਚਾ ਸੁਨਾਈ ॥
ਗਿਆਨੀ ਮਹਾਰਸ ਪੀਅ ਕੈ ਸਿਮਰੈ ਨਿਤ ਅਨਿਤ ਨਿਆਈ ॥
ਗਿਆਨ ਬਿਨਾ ਨਹਿ ਪਾਈਐ ਜੇ ਕਈ ਕੋਟ ਜਤਨ ਕਰ ਧਾਈ ॥
ਕਰਮ ਜੋਗ ਦੇਹੀ ਕਰੇ ਸੋ ਅਨਿਤੱ ਖਿਨ ਟਿਕੈ ਨ ਰਾਈ ॥
ਗਿਆਨ ਮਤੇ ਸੁਖ ਊਪਜੈ ਜਨਮ ਮਰਨ ਕਾ ਭਰਮ ਚੁਕਾਈ ॥
ਗੁਰਮੁਖ ਗਿਆਨੀ ਸਹਿਜ ਸਮਾਈ ॥12॥
13

ਬੇਦ ਅਥਰਬਣ ਮਥਨ ਕਰ ਗੁਰਮੁਖ ਬਾਸ਼ੇਖਕ ਗੁਣ ਗਾਵੈ ॥
ਜੇਹਾ ਬੀਜੈ ਸੋ ਲੁਣੈ ਸਮੇਂ ਬਿਨਾਂ ਫਲ ਹੱਥਿ ਨ ਆਵੈ ॥
ਹੁਕਮੈ ਅੰਦਰਿ ਸਭ ਕੋ ਮੰਨੈ ਹੁਕਮ ਸੁ ਸਹਜ ਸਮਾਵੈ ॥
ਆਪਹੁ ਕਛੂ ਨ ਹੋਵਈ ਬੁਰਾ ਭਲਾ ਨਹਿ ਮੰਨਿ ਵਸਾਵੈ ॥
ਜੈਸਾ ਕਰੇ ਤੈਸਾ ਲਹੈ ਰਿਖੀ ਕਣਾਦਿਕ ਭਾਖ ਸੁਣਾਵੈ ॥
ਸਤਿਜੁਗ ਕਾ ਅਨਿਆਉਂ ਸੁਣ ਇਕ ਫੇੜੇ ਸਭ ਜਗਤ ਮਰਾਵੈ ॥
ਤ੍ਰੇਤੇ ਨਗਰੀ ਪੀੜੀਐ ਦੁਆਪਰ ਵੰਸ ਕੁਵੰਸ ਕੁਹਾਵੈ ॥
ਕਲਿਜੁਗ ਜੋ ਫੇੜੇ ਸੋ ਪਾਵੈ ॥13॥
14

ਸੇਖਨਾਗ ਪਾਤੰਜਲ ਮਥਿਆ ਗੁਰਮੁਖ ਸ਼ਾਸਤ੍ਰ ਨਾਗ ਸੁਣਾਈ ॥
ਵੇਦ ਅਥਰਵਣ ਬੋਲਿਆ ਜੋਗ ਬਿਨਾ ਨਹਿ ਭਰਮ ਚੁਕਾਈ ॥
ਜਿਉਂਕਰ ਮੈਲੀ ਆਰਸੀ ਸਿਕਲ ਬਿਨਾ ਨਹਿੰ ਮੁਖ ਦਿਖਾਈ ॥
ਜੋਗ ਪਦਾਰਥ ਨਿਰਮਲਾ ਅਨਹਦ ਧੁਨ ਅੰਦਰ ਲਿਵਲਾਈ ॥
ਅਸ਼ਦਸਾ ਸਿਧਿ ਨਉਨਿਧੀ ਗੁਰਮੁਖ ਜੋਗੀ ਚਰਨ ਲਗਾਈ ॥
ਤ੍ਰਿਹੁ ਜੁਗਾਂ ਕੀ ਬਾਸ਼ਨਾ ਕਲਿਜੁਗ ਵਿਚ ਪਾਤੰਜਲ ਪਾਈ ॥
ਹਥੋ ਹਥੀ ਪਾਈਐ ਭਗਤ ਜੋਗ ਕੀ ਪੂਰ ਕਮਾਈ ॥
ਨਾਮ ਦਾਨ ਇਸ਼ਨਾਨ ਸੁਭਾਈ ॥14॥
15

ਜੁਗ ਜੁਗ ਮੇਰ ਸਰੀਰ ਕਾ ਬਾਸ਼ਨਾ ਬੱਧਾ ਆਵੈ ਜਾਵੈ ॥
ਫਿਰ ਫਿਰ ਫੇਰ ਵਟਾਈਐ ਗਿਆਨੀ ਹੋਇ ਮਰਮ ਕੋ ਪਾਵੈ ॥
ਸਤਿਜੁਗ ਦੂਜਾ ਭਰਮ ਕਰ ਤ੍ਰੇਤੇ ਵਿਚ ਜੋਨੀ ਫਿਰ ਆਵੈ ॥
ਤ੍ਰੇਤੇ ਕਰਮਾਂ ਬਾਂਧਤੇ ਦੁਆਪਰ ਫਿਰ ਅਵਤਾਰ ਕਰਾਵੈ ॥
ਦੁਆਪਰ ਮਮਤਾ ਅਹੰਕਾਰ ਹਉਮੈਂ ਅੰਦਰ ਗਰਬਿ ਗਲਾਵੈ ॥
ਤ੍ਰਿਹੁ ਜੁਗਾਂ ਕੇ ਕਰਮ ਕਰ ਜਨਮ ਮਰਨ ਸੰਸਾ ਨ ਚੁਕਾਵੈ ॥
ਫਿਰ ਕਲਿਜੁਗ ਅੰਦਰ ਦੇਹ ਧਰ ਕਰਮਾਂ ਅੰਦਰ ਫੇਰ ਵਸਾਵੈ ॥
ਅਉਸਰ ਚੁਕਾ ਹਥ ਨ ਆਵੈ ॥15॥
16

ਕਲਿਜੁਗ ਕੀ ਸੁਧ ਸਾਧਨਾ ਕਰਮ ਕਿਰਤ ਕੀ ਚਲੈ ਨ ਕਾਈ ॥
ਬਿਨਾਂ ਭਜਨ ਭਗਵਾਨ ਕੇ ਭਾਉ ਭਗਤ ਬਿਨ ਠੌਰ ਨ ਥਾਈ ॥
ਲਹੇ ਕਮਾਣਾ ਏਤ ਜੁਗ ਪਿਛਲੀਂ ਜੁਗੀਂ ਕਰ ਕਮਾਈ ॥
ਪਾਯਾ ਮਾਨਸ ਦੇਹ ਕਉ ਐਥੋਂ ਚੁਕਿਆ ਠੌਰ ਨ ਠਾਈ ॥
ਕਲਿਜੁਗ ਕੇ ਉਪਕਾਰ ਸੁਣ ਜੈਸੇ ਬੇਦ ਅਥਰਬਣ ਗਾਈ ॥
ਭਾਉ ਭਗਤਿ ਪਰਵਾਣੁ ਹੈ ਜੱਗ ਹੋਮ ਤੇ ਪੁਰਬ ਕਮਾਈ ॥
ਕਰਕੇ ਨੀਚ ਸਦਾਵਣਾ ਤਾਂ ਪ੍ਰਭ ਲੇਖੇ ਅੰਦਰ ਪਾਈ ॥
ਕਲਿਜੁਗ ਨਾਵੈ ਕੀ ਵਡਿਆਈ ॥16॥
17

ਜੁਗਗਰਦੀ ਜਬ ਹੋਵਹੇ ਉਲਟੇ ਜੁਗ ਕਿਆ ਹੋਇ ਵਰਤਾਰਾ ॥
ਉਠੇ ਗਿਲਾਨ ਜਗਤ ਵਿਚ ਵਰਤੈ ਪਾਪ ਭ੍ਰਸ਼ਟ ਸੰਸਾਰਾ ॥
ਵਰਨਾ ਵਰਨ ਨ ਭਾਵਨੀ ਖਹਿ ਖਹਿ ਜਲਨ ਬਾਂਸ ਅੰਗਯਾਰਾ ॥
ਨਿੰਦਾ ਚਾਲੈ ਵੇਦ ਕੀ ਸਮਝਨ ਨਹਿ ਅਗਿਆਨ ਗੁਬਾਰਾ ॥
ਬੇਦ ਗ੍ਰੰਥ ਗੁਰ ਹੱਟ ਹੈ ਜਿਸ ਲਗ ਭਵਜਲ ਪਾਰ ਉਤਾਰਾ ॥
ਸਤਿਗੁਰ ਬਾਝ ਨ ਬੁਝੀਐ ਜਿਚੱਰ ਧਰੇ ਨ ਗੁਰ ਅਵਤਾਰਾ ॥
ਗੁਰ ਪਰਮੇਸ਼ਰ ਇਕ ਹੈ ਸੱਚਾ ਸ਼ਾਹ ਜਗਤ ਵਣਜਾਰਾ ॥
ਚੜੇ ਸੂਰ ਮਿਟ ਜਾਇ ਅੰਧਾਰਾ ॥17॥
18

ਕਲਿਜੁਗ ਬੋਧ ਅਵਤਾਰ ਹੈ ਬੋਧ ਅਬੋਧ ਨ ਦ੍ਰਿਸ਼ਟੀ ਆਵੈ ॥
ਕੋਇ ਨ ਕਿਸੈ ਵਰਜਈ ਸੋਈ ਕਰੈ ਜੋਈ ਮਨ ਭਾਵੈ ॥
ਕਿਸੈ ਪੁਜਾਈ ਸਿਲਾ ਸੁੰਨ ਕੋਈ ਗੋਰੀਂ ਮੜ੍ਹੀ ਪੁਜਾਵੈ ॥
ਤੰਤ੍ਰ ਮੰਤ੍ਰ ਪਾਖੰਡ ਕਰ ਕਲਹ ਕ੍ਰੋਧ ਬਹੁ ਵਾਧ ਵਧਾਵੈ ॥
ਆਪੋ ਧਾਪੀ ਹੋਇਕੈ ਨਿਆਰੇ ਨਿਆਰੇ ਧਰਮ ਚਲਾਵੈ ॥
ਕੋਈ ਪੂਜੈ ਚੰਦ੍ਰ ਸੂਰ ਕੋਈ ਧਰਤ ਅਕਾਸ ਮਨਾਵੈ ॥
ਪਉਣ ਪਾਣੀ ਬੈਸੰਤਰੋ ਧਰਮਰਾਜ ਕੋਈ ਤ੍ਰਿਪਤਾਵੈ ॥
ਫੋਕਟ ਧਰਮੀ ਭਰਮ ਭੁਲਾਵੈ ॥18॥
19

ਭਈ ਗਿਲਾਨ ਜਗਤ ਵਿਚ ਚਾਰ ਵਰਨ ਆਸ਼੍ਰਮ ਉੇਪਾਏ ॥
ਦਸ ਨਾਮ ਸਨਿਆਸੀਆਂ ਜੋਗੀ ਬਾਰਹ ਪੰਥ ਚਲਾਏ ॥
ਜੰਗਮ ਅਤੇ ਸਰੇਵੜੇ ਦਗੇ ਦਿਗੰਬਰ ਵਾਦ ਕਰਾਏ ॥
ਬ੍ਰਹਮਣ ਬਹੁ ਪਰਕਾਰ ਕਰ ਸ਼ਾਸਤ੍ਰ ਵੇਦ ਪੁਰਾਣ ਲੜਾਏ ॥
ਖਟ ਦਰਸ਼ਨ ਬਹੁ ਵੈਰ ਕਰ ਨਾਲ ਛਤੀਸ ਪਾਖੰਡ ਚਲਾਏ ॥
ਤੰਤ ਮੰਤ ਰਾਸਾਇਣਾ ਕਰਾਮਾਤ ਕਾਲਖ ਲਪਟਾਏ ॥
ਏਕਸ ਤੇ ਬਹੁ ਰੂਪ ਕਰੂਪੀ ਘਣੇ ਦਿਖਾਏ ॥
ਕਲਿਜੁਗ ਅੰਦਰ ਭਰਮ ਭੁਲਾਏ ॥19॥
20

ਬਹੁ ਵਾਟੀਂ ਜੱਗ ਚਲੀਆਂ ਜਬ ਹੀ ਭਏ ਮਹੰਮਦ ਯਾਰਾ ॥
ਕੌਮ ਬਹੱਤਰ ਸੰਗ ਕਰ ਬਹੁ ਬਿਧਿ ਬੈਰ ਬਿਰੋਧ ਪਸਾਰਾ ॥
ਰੋਝੇ ਈਦ ਨਮਾਝ ਕਰ ਕਰਮੀ ਬੰਦ ਕੀਆ ਸੰਸਾਰਾ ॥
ਪੀਰ ਪਕੰਬਰ ਔਲੀਐ ਗ਼ੌਸ ਕੁਤਬ ਬਹੁ ਭੇਖ ਸਵਾਰਾ ॥
ਠਾਕੁਰ ਦੁਆਰੈ ਢਾਹਿਕੈ ਤਿਹ ਠਉੜੀਂ ਮਸੀਤ ਉਸਾਰਾ ॥
ਮਾਰਨ ਗਉ ਗਰੀਬ ਧਰਤੀ ਉਪਰ ਪਾਪ ਬਿਥਾਰਾ ॥
ਕਾਫਰ ਮੁਲਹਦ ਇਰਮਨੀ ਰੂੰਮੀ ਜੰਗੀ ਦੁਸ਼ਮਨ ਦਾਰਾ ॥
ਪਾਪੇ ਦਾ ਵਰਤਿਆ ਵਰਤਾਰਾ ॥20॥
21

ਚਾਰ ਵਰਨ ਚਾਰ ਮਝਹਬਾਂ ਜਗ ਵਿਚ ਹਿੰਦੂ ਮੁਸਲਮਾਣੇ ॥
ਖੁਦੀ ਬਕੀਲੀ ਤਕੱਬਰੀ ਖਿੰਚੋਤਾਣ ਕਰੇਨ ਧਿਙਾਣੇ ॥
ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਣੇ ॥
ਸੁੰਨਤ ਮੁਸਲਮਾਨ ਦੀ ਤਿਲਕ ਜੰਞੂ ਹਿੰਦੂ ਲੋਭਾਣੇ ॥
ਰਾਮ ਰਹੀਮ ਕਹਾਇੰਦੇ ਇਕ ਨਾਮ ਦੁਇ ਰਾਹ ਭੁਲਾਣੇ ॥
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸ਼ੈਤਾਣੇ ॥
ਸੱਚ ਕਿਨਾਰੇ ਰਹਿ ਗਯਾ ਖਹਿ ਮਰਦੇ ਬਾਮਣ ਮਉਲਾਣੇ ॥
ਸਿਰੋਂ ਨ ਮਿਟੇ ਆਵਣ ਜਾਣੇ ॥21॥
22

ਚਾਰੇ ਜੱਗੇ ਚਹੁ ਜੁਗੀ ਪੰਚਾਇਣ ਪ੍ਰਭ ਆਪੇ ਹੋਆ ॥
ਆਪੇ ਪੱਟੀ ਕਲਮ ਆਪ ਆਪੇ ਲਿਖਣਹਾਰਾ ਹੋਆ ॥
ਬਾਝ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਬਿਧ ਲੋਆ ॥
ਵਰਤਿਆ ਪਾਪ ਜਗੱਤ੍ਰ ਤੇ ਧਉਲ ਉਡੀਣਾ ਨਿਸਦਿਨ ਰੋਆ ॥
ਬਾਝ ਦਇਆ ਬਲ ਹੀਣ ਹੋ ਨਿੱਘਰ ਚਲੇ ਰਸਾਤਲ ਟੋਆ ॥
ਖੜਾ ਇਕ ਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ ॥
ਥੰਮੇ ਕੋਇ ਨ ਸਾਧ ਬਿਨ ਸਾਧ ਨ ਦਿੱਸੈ ਜਗ ਵਿਚ ਕੋਆ ॥
ਧਰਮ ਧੌਲ ਪੁਕਾਰੈ ਤਲੇ ਖੜੋਆ ॥22॥
23

ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਹਿੰ ਪਠਾਯਾ ॥
ਚਰਨ ਧੋਇ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪੀਲਾਯਾ ॥
ਪਾਰਬ੍ਰਹਮ ਪੂਰਨ ਬ੍ਰਹਮ ਕਲਿਜੁਗ ਅੰਦਰ ਇਕ ਦਿਖਾਯਾ ॥
ਚਾਰੈ ਪੈਰ ਧਰੰਮ ਦੇ ਚਾਰ ਵਰਨ ਇਕ ਵਰਨ ਕਰਾਯਾ ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ ॥
ਉਲਟਾ ਖੇਲ ਪਿਰੰਮ ਦਾ ਪੈਰਾਂ ਉਪਰ ਸੀਸ ਨਿਵਾਯਾ ॥
ਕਲਿਜੁਗ ਬਾਬੇ ਤਾਰਿਆ ਸੱਤਨਾਮ ਪੜ੍ਹ ਮੰਤ੍ਰ ਸੁਣਾਯਾ ॥
ਕਲਿ ਤਾਰਣ ਗੁਰ ਨਾਨਕ ਆਯਾ ॥23॥
24

ਪਹਿਲਾਂ ਬਾਬੇ ਪਾਯਾ ਬਖਸ਼ ਦਰ ਪਿਛੋਂ ਦੇ ਫਿਰ ਘਾਲ ਕਮਾਈ ॥
ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਛਾਈ ॥
ਭਾਰੀ ਕਰੀ ਤੱਪਸਿਆ ਬਡੇ ਭਾਗ ਹਰਿ ਸਿਉਂ ਬਣਿ ਆਈ ॥
ਬਾਬਾ ਪੈਧਾ ਸਚ ਖੰਡ ਨਾਨਿਧਿ ਨਾਮ ਗਰੀਬੀ ਪਾਈ ॥
ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ ॥
ਬਾਝਹੁ ਗੁਰੂ ਗੁਬਾਰ ਹੈ ਹੈਹੈ ਕਰਦੀ ਸੁਣੀ ਲੁਕਾਈ ॥
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ ॥
ਚੜ੍ਹਿਆ ਸੋਧਨ ਧਰਤ ਲੁਕਾਈ ॥24॥
25

ਬਾਬਾ ਆਇਆ ਤੀਰਥੀਂ ਤੀਰਥ ਪੁਰਬ ਸਭੇ ਫਿਰ ਦੇਖੈ ॥
ਪੂਰਬ ਧਰਮ ਬਹੁ ਕਰਮ ਕਰ ਭਾਉ ਭਗਤਿ ਬਿਨ ਕਿਤੇ ਨ ਲੇਖੈ ॥
ਭਾਉ ਨ ਬ੍ਰਹਮੇ ਲਿਖਿਆ ਚਾਰ ਬੇਦ ਸਿੰਮ੍ਰਤਿ ਪੜ੍ਹ ਦੇਖੈ ॥
ਢੂੰਡੀ ਸਗਲੀ ਪਿਰਥਮੀ ਸਤਿਜੁਗ ਆਦਿ ਦੁਆਪਰ ਤ੍ਰੇਤੈ ॥
ਕਲਿਜੁਗ ਧੁੰਧੂਕਾਰ ਹੈ ਭਰਮ ਭੁਲਾਈ ਬਹੁ ਬਿਧਿ ਭੇਖੈ ॥
ਭੇਖੀਂ ਪ੍ਰਭੂ ਨ ਪਾਈਐ ਆਪ ਗਵਾਏ ਰੂਪ ਨ ਰੇਖੈ ॥
ਗੁਰਮੁਖ ਵਰਨ ਅਵਰਨ ਹੋਇ ਨਿਵ ਚਲੈ ਗੁਰਸਿਖ ਵਿਸੇਖੈ ॥
ਤਾਂ ਕੁਛ ਘਾਲ ਪਵੈ ਦਰ ਲੇਖੈ ॥25॥
26

ਜਤ ਸਤੀ ਚਿਰ ਜੀਵਣੇ ਸਾਧਿਕ ਸਿੱਧ ਨਾਥ ਗੁਰ ਚੇਲੇ ॥
ਦੇਵੀ ਦੇਵ ਰਖੀਸ਼ਰਾਂ ਭੈਰੋਂ ਖੇਤ੍ਰ ਪਾਲ ਬਹੁ ਮੇਲੇ ॥
ਗਣ ਗੰਧਰਬ ਅਪਸ਼ਰਾਂ ਕਿੰਨਰ ਜੱਛ ਚਲਿਤ ਬਹੁ ਖੇਲੇ ॥
ਰਾਕਸ਼ ਦਾਨੋ ਦੈਂਤ ਲਖ ਅੰਦਰ ਦੂਜਾ ਭਾਉ ਦੁਹੇਲੇ ॥
ਹਉਮੈਂ ਅੰਦਰ ਸਭਕੋ ਡੁਬੇ ਗੁਰੂ ਸਣੇਂ ਬਹੁ ਚੇਲੇ ॥
ਗੁਰਮੁਖ ਕੋਇ ਨ ਦਿਸਈ ਢੂੰਡੇ ਤੀਰਥ ਜਾਤ੍ਰੀ ਮੇਲੇ ॥
ਢੂੰਡੇ ਹਿੰਦੂ ਤੁਰਕ ਸਭ ਪੀਰ ਪੈਕੰਬਰ ਕਉਮਿ ਕਤੇਲੇ ॥
ਅੰਧੀ ਅੰਧੇ ਖੂਹੇ ਠੇਲੇ ॥26॥
27

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ ॥
ਗੁਰਮੁਖ ਕਲਿ ਵਿਚ ਪਰਗਟ ਹੋਆ ॥28॥
28

ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ ॥
ਫਿਰ ਜਾ ਚੜੇ ਸੁਮੇਰ ਪਰ ਸਿਧ ਮੰਡਲੀ ਦ੍ਰਿਸ਼ਟੀ ਆਈ ॥
ਚੌਰਾਸੀਹ ਸਿਧ ਗੋਰਖਾਦਿ ਮਨ ਅੰਦਰ ਗਣਤੀ ਵਰਤਾਈ ॥
ਸਿਧ ਪੁੱਛਨ ਸੁਨ ਬਾਲਿਆ ਕੌਨ ਸ਼ਕਤ ਤੁਹਿ ਏਥੇ ਲਿਆਈ ॥
ਹਉਂ ਜਪਿਆ ਪਰਮੇਸ਼ਰੋ ਭਾਉ ਭਗਤ ਸੰਗ ਤਾੜੀ ਲਾਈ ॥
ਆਖਣ ਸਿਧ ਸੁਣ ਬਾਲਿਆ ਅਪਣਾ ਨਾਂ ਤੁਮ ਦੇਹੁ ਬਤਾਈ ॥
ਬਾਬਾ ਆਖੇ ਨਾਥ ਜੀ ਨਾਨਕ ਨਾਮ ਜਪੇ ਗਤ ਪਾਈ ॥
ਨੀਚ ਕਹਾਇ ਊਚ ਘਰ ਆਈ ॥28॥
29

ਫਿਰ ਪੁੱਛਣ ਸਿਧ ਨਾਨਕਾ ਮਾਤ ਲੋਕ ਵਿਚ ਕਿਆ ਵਰਤਾਰਾ ॥
ਸਭ ਸਿਧੀਂ ਏਹ ਬੁਝਿਆ ਕਲਿ ਤਾਰਣ ਨਾਨਕ ਅਵਤਾਰਾ ॥
ਬਾਬੇ ਕਹਿਆ ਨਾਥ ਜੀ ਸੱਚ ਚੰਦ੍ਰਮਾ ਕੂੜ ਅੰਧਾਰਾ ॥
ਕੂੜ ਅਮਾਵਸ ਵਰਤਿਆ ਹਉਂ ਭਾਲਣ ਚੜਿਆ ਸੰਸਾਰਾ ॥
ਪਾਪ ਗਿਰਾਸੀ ਪਿਰਥਮੀ ਧੌਲ ਖੜਾ ਧਰ ਹੇਠ ਪੁਕਾਰਾ ॥
ਸਿਧ ਛਪ ਬੈਠੇ ਪਰਬਤੀਂ ਕੌਣ ਜਗ ਕਉ ਪਾਰ ਉਤਾਰਾ ॥
ਜੋਗੀ ਗਿਆਨ ਵਿਹੂਣਿਆਂ ਨਿਸਦਿਨ ਅੰਗ ਲਗਾਇਨ ਛਾਰਾ ॥
ਬਾਝ ਗੁਰੂ ਡੁੱਬਾ ਜਗ ਸਾਰਾ ॥29॥
30

ਕਲ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ ॥
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ ॥
ਪਰਜਾ ਅੰਧੀ ਗਿਆਨ ਬਿਨ ਕੂੜ ਕੁਸਤ ਮੁਖਹੁ ਅਲਾਈ ॥
ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ ॥
ਸੇਵਕ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ ॥
ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈਕੇ ਹੱਕ ਗਵਾਈ ॥
ਇਸਤ੍ਰੀ ਪੁਰਖਾ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ ॥
ਵਰਤਿਆ ਪਾਪ ਸਭਸ ਜਗ ਮਾਂਹੀ ॥30॥
31

ਸਿਧੀਂ ਮਨੇ ਬਿਚਾਰਿਆ ਕਿਵ ਦਰਸ਼ਨ ਏਹ ਲੇਵੇ ਬਾਲਾ ॥
ਐਸਾ ਜੋਗੀ ਕਲੀ ਮਾਹਿ ਹਮਰੇ ਪੰਥ ਕਰੇ ਉਜਿਆਲਾ ॥
ਖੱਪਰ ਦਿਤਾ ਨਾਥ ਜੀ ਪਾਣੀ ਭਰ ਲੈਵਣ ਉਠ ਚਾਲਾ ॥
ਬਾਬਾ ਆਇਆ ਪਾਣੀਐ ਡਿਠੇ ਰਤਨ ਜਵਾਹਰ ਲਾਲਾ ॥
ਸਤਿਗੁਰ ਅਗਮ ਅਗਾਧ ਪੁਰਖ ਕੇਹੜਾ ਝਲੇ ਗੁਰ ਦੀ ਝਾਲਾ ॥
ਫਿਰ ਆਯਾ ਗੁਰ ਨਾਥ ਜੀ ਪਾਣੀ ਠਉੜ ਨਹੀਂ ਉਸ ਤਾਲਾ ॥
ਸ਼ਬਦ ਜਿਤੀ ਸਿਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ ॥
ਕਲਿਜੁਗ ਨਾਨਕ ਨਾਮ ਸੁਖਾਲਾ ॥31॥
32

ਬਾਬਾ ਫਿਰ ਮੱਕੇ ਗਯਾ ਨੀਲ ਬਸਤ੍ਰ ਧਾਰੇ ਬਨਵਾਰੀ ॥
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ ॥
ਬੈਠਾ ਜਾਇ ਮਸੀਤ ਵਿਚ ਜਿਥੇ ਹਾਜੀ ਹੱਜ ਗੁਜਾਰੀ ॥
ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਂਇ ਪਸਾਰੀ ॥
ਜੀਵਨ ਮਾਰੀ ਲਤ ਦੀ ਕੇੜ੍ਹਾ ਸੁਤਾ ਕੁਫ਼ਰ ਕੁਫ਼ਾਰੀ ॥
ਲਤਾਂ ਵਲ ਖ਼ੁਦਾਇ ਦੇ ਕਿਉਂਕਰ ਪਇਆ ਹੋਇ ਬਜਗਾਰੀ ॥
ਟੰਗੋਂ ਪਕੜ ਘਸੀਟਿਆ ਫਿਰਿਆ ਮੱਕਾ ਕਲਾ ਦਿਖਾਰੀ ॥
ਹੋਇ ਹੈਰਾਨ ਕਰੇਨ ਜੁਹਾਰੀ ॥32॥
33

ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ ॥
ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ ॥
ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ ॥
ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋ ਦੋਵੇਂ ਰੋਈ ॥
ਹਿੰਦੂ ਮੁਸਲਮਾਨ ਦੋਇ ਦਰਗਹਿ ਅੰਦਰ ਲੈਣ ਨ ਢੋਈ ॥
ਕਚਾ ਰੰਗ ਕੁਸੁੰਭ ਕਾ ਪਾਣੀ ਧੋਤੈ ਥਿਰ ਨ ਰਹੋਈ ॥
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕੁਥਾਇ ਖਲੋਈ ॥
ਰਾਹ ਸ਼ੈਤਾਨੀ ਦੁਨੀਆ ਗੋਈ ॥33॥
34

ਧਰੀ ਨਿਸ਼ਾਨੀ ਕੌਸ ਦੀ ਮਕੇ ਅੰਦਰ ਪੂਜ ਕਰਾਈ ॥
ਜਿਥੇ ਜਾਈ ਜਗਤ ਵਿਚ ਬਾਬੇ ਬਾਝ ਨ ਖਾਲੀ ਜਾਈ ॥
ਘਰ ਘਰ ਬਾਬਾ ਪੂਜੀਏ ਹਿੰਦੂ ਮੁਸਲਮਾਨ ਗੁਆਈ ॥
ਛਪੇ ਨਾਂਹਿ ਛਪਾਇਆ ਚੜਿਆ ਸੂਰਜ ਜਗ ਰੁਸ਼ਨਾਈ ॥
ਬੁਕਿਆ ਸਿੰਘ ਉਜਾੜ ਵਿਚ ਸਬ ਮਿਰਗਾਵਲ ਭੰਨੀ ਜਾਈ ॥
ਚੜ੍ਹਿਆ ਚੰਦ ਨ ਲੁਕਈ ਕਢ ਕੁਨਾਲੀ ਜੋਤ ਛਪਾਈ ॥
ਉਗਵਣਹੁ ਤੇ ਆਥਵਣਹੁ ਨਉ ਖੰਡ ਪ੍ਰਿਥਵੀ ਸਭ ਝੁਕਾਈ ॥
ਜਗ ਅੰਦਰ ਕੁਦਰਤ ਵਰਤਾਈ ॥34॥
35

ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਥਾਨਾ ॥
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ॥
ਦਿਤੀ ਬਾਂਗ ਨਿਮਾਜ਼ ਕਰ ਸੁੰਨ ਸਮਾਨ ਹੋਯਾ ਜਹਾਨਾ ॥
ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ॥
ਵੇਖੈ ਧਿਆਨ ਲਗਾਇ ਕਰ ਇਕ ਫਕੀਰ ਵਡਾ ਮਸਤਾਨਾ ॥
ਪੁਛਿਆ ਫਿਰਕੇ ਦਸਤਗੀਰ ਕੌਨ ਫਕੀਰ ਕਿਸ ਕਾ ਘਰਾਨਾ ॥
ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕ ਪਹਿਚਾਨਾ ॥
ਧਰਤ ਅਕਾਸ਼ ਚਹੂੰ ਦਿਸ ਜਾਨਾ ॥35॥
36

ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਆਤਾਈ ॥
ਏਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ ॥
ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁ ਸਾਈ ॥
ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ ਤੁਹਿ ਪਾਈ ॥
ਨਾਲ ਲੀਤਾ ਬੇਟਾ ਪੀਰ ਦਾ ਅਖੀਂ ਮੀਟ ਗਿਆ ਹਵਾਈ ॥
ਲਖ ਅਕਾਸ਼ ਪਤਾਲ ਲਖ ਅਖ ਫੁਰਕ ਵਿਚ ਸਭ ਦਿਖਲਾਈ ॥
ਭਰ ਕਚਕੌਲ ਪ੍ਰਸ਼ਾਦ ਦਾ ਧੁਰੋਂ ਪਤਾਲੋਂ ਲਈ ਕੜਾਈ ॥
ਜ਼ਾਹਰ ਕਲਾ ਨ ਛਪੈ ਛਪਾਈ ॥36॥
37

ਗੜ੍ਹ ਬਗਦਾਦ ਨਿਵਾਇਕੈ ਮਕਾ ਮਦੀਨਾ ਸਭ ਨਿਵਾਯਾ ॥
ਸਿਧ ਚੌਰਾਸੀਹ ਮੰਡਲੀ ਖਟ ਦਰਸ਼ਨ ਪਾਖੰਡ ਜਣਾਯਾ ॥
ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਬਾਯਾ ॥
ਜਿਤੀ ਨਵਖੰਡ ਮੇਦਨੀ ਸਤਨਾਮ ਕਾ ਚਕ੍ਰ ਫਿਰਾਯਾ ॥
ਦੇਵਦਾਨੋ ਰਾਕਸ ਦੈਂਤ ਸਭ ਚਿਤ੍ਰ ਗੁਪਤ ਸਭ ਚਰਨੀ ਲਾਯਾ ॥
ਇੰਦ੍ਰਾਸਣ ਅਪੱਛਰਾਂ ਰਾਗ ਰਾਗਨੀ ਮੰਗਲ ਗਾਯਾ ॥
ਹਿੰਦੂ ਮੁਸਲਮਾਨ ਨਿਵਾਇਆ ॥37॥
38

ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ ॥
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ ॥
ਉਲਟੀ ਗੰਗ ਵਹਾਈਓਨ ਗੁਰ ਅੰਗਦ ਸਿਰ ਉਪਰ ਧਾਰਾ ॥
ਪੁਤੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ ॥
ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਾਰਾ ॥
ਗਿਆਨ ਗੋਸ਼ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ ॥
ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ ॥
ਗੁਰਮੁਖ ਭਾਰ ਅਥਰਬਣ ਧਾਰਾ ॥38॥
39

ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ॥
ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ ॥
ਲਗੀ ਬਰਸਨ ਲਛਮੀ ਰਿਧ ਸਿਧ ਨਉ ਨਿਧਿ ਸਵਾਈ ॥
ਜੋਗੀ ਵੇਖ ਚਲਿਤ੍ਰ ਨੋਂ ਮਨ ਵਿਚ ਰਿਸ਼ਕ ਘਨੇਰੀ ਖਾਈ ॥
ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਇਆ ਛਪਾਈ ॥
ਭਗਤੀਆਂ ਗਈ ਭਗਤ ਬੂਲ ਲੋਟੇ ਅੰਦਰ ਸੁਰਤ ਭੁਲਾਈ ॥
ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾਂ ਲੁਕਾਈ ॥
ਵੇਖ ਚਲਿਤ੍ਰ ਜੋਗੀ ਖੁਣਸਾਈ ॥39॥
40

ਖਾਧੀ ਖੁਣਸ ਜੋਗੀਸ਼ਰਾਂ ਗੋਸਟ ਕਰਨ ਸਭੇ ਉਠ ਆਈ ॥
ਪੁਛੇ ਜੋਗੀ ਭੰਗ੍ਰ ਨਾਥ ਤੁਹਿ ਦੁਧ ਵਿਚ ਕਿਉਂ ਕਾਂਜੀ ਪਾਈ ॥
ਫਿਟਿ ਆ ਚਾਟਾ ਦੁਧ ਦਾ ਰਿੜਕਿਆਂ ਮਖਣ ਹਥ ਨ ਆਈ ॥
ਭੇਖ ਉਾਤਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ ॥
ਨਾਨਕ ਆਖੇ ਭੰਗ੍ਰਨਾਥ ਤੇਰੀ ਮਾਉ ਕੁਚੱਜੀ ਆਈ ॥
ਭਾਂਡਾ ਧੋਇ ਨ ਜਾਤਿਓਨ ਭਾਇ ਕੁਚਜੇ ਫੁਲ ਸੜਾਈ ॥
ਹੋਇ ਅਤੀਤ ਗ੍ਰਿਹਸਤ ਤਜ ਫਿਰ ਉਨਹੂੰਕੇ ਘਰ ਮੰਗਨ ਜਾਈ ॥
ਬਿਨ ਦਿਤੇ ਕਿਛ ਹਥ ਨ ਆਈ ॥40॥
41

ਏਹ ਸੁਣ ਬਚਨ ਜੁਗੀਸਰਾਂ ਮਾਰ ਕਿਲਕ ਬਹੁ ਰੂਪ ਉਠਾਈ ॥
ਖਟ ਦਰਸ਼ਨ ਕਉ ਖੇਦਿਆ ਕਲਿਜੁਗ ਬੇਦੀ ਨਾਨਕ ਆਈ ॥
ਸਿਧ ਬੋਲਨ ਸਭ ਅਉਖਧੀਆਂ ਤੰਤ੍ਰ ਮੰਤ੍ਰ ਕੀ ਧੁਨੋ ਚੜ੍ਹਾਈ ॥
ਰੂਪ ਵਟਾਇਆ ਜੋਗੀਆਂ ਸਿੰਘ ਬਾਘ ਬਹੁ ਚਲਿਤ ਦਿਖਾਈ ॥
ਇਕ ਪਰ ਕਰਕੇ ਉਡਰਨ ਪੰਖੀ ਜਿਵੇਂ ਰਹੇ ਲੀਲਾਈ ॥
ਇਕ ਨਾਗ ਹੋਇ ਪਵਨ ਛੋਡ ਇਕਨਾ ਵਰਖਾ ਅਗਨ ਵਸਾਈ ॥
ਤਾਰੇ ਤੋੜੇ ਭੰਗ੍ਰਨਾਥ ਇਕ ਚੜ ਮਿਰਗਾਨੀ ਜਲ ਤਰ ਜਾਈ ॥
ਸਿਧਾਂ ਅਗਨ ਨ ਬੁਝੇ ਬੁਝਾਈ ॥41॥
42

ਸਿਧ ਬੋਲੇ ਸੁਨ ਨਾਨਕਾ ਤੁਹਿ ਜਗ ਨੂੰ ਕਰਾਮਾਤ ਦਿਖਲਾਈ ॥
ਕੁਝ ਦਿਖਾਈਂ ਅਸਾਨੂੰ ਭੀ ਤੂੰ ਕਿਉਂ ਢਿਲ ਅਜੇਹੀ ਲਾਈ ॥
ਬਾਬਾ ਬੋਲੇ ਨਾਥ ਜੀ ਅਸਾਂ ਵੇਖੇ ਜੋਗੀ ਵਸਤੁ ਨ ਕਾਈ ॥
ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ॥
ਸਿਵ ਰੂਪੀ ਕਰਤਾ ਪੁਰਖ ਚਲੇ ਨਾਹੀਂ ਧਰਤ ਚਲਾਈ ॥
ਸਿਧ ਤੰਤ੍ਰ ਮੰਤ੍ਰ ਕਰ ਝੜ ਪਏ ਸ਼ਬਦ ਗੁਰੂ ਕੈ ਕਲਾ ਛਪਾਈ ॥
ਦਦੇ ਦਾਤਾ ਗੁਰੂ ਹੈ ਕਕੇ ਕੀਮਤ ਕਿਨੈ ਨ ਪਾਈ ॥
ਸੋ ਦੀਨ ਨਾਨਕ ਸਤਿਗੁਰ ਸਰਣਾਈ ॥42॥
43

ਬਾਬਾ ਬੋਲੇ ਨਾਥ ਜੀ ਸ਼ਬਦ ਸੁਨਹੁ ਸਚ ਮੁਖਹੁ ਅਲਾਈ ॥
ਬਾਜਹੁ ਸਚੇ ਨਾਮ ਦੇ ਹੋਰ ਕਰਾਮਾਤ ਅਸਾਥੇ ਨਾਹੀ ॥
ਬਸਤਰ ਪਹਿਰੋਂ ਅਗਨਿ ਕੇ ਬਰਫ ਹਿਮਾਲੇ ਮੰਦਰ ਛਾਈ ॥
ਕਰੋ ਰਸੋਈ ਸਾਰ ਦੀ ਸਗਲੀ ਧਰਤੀ ਨੱਥ ਚਲਾਈ ॥
ਏਵਡ ਕਰੀ ਵਿਥਾਰ ਕਉ ਸਗਲੀ ਧਰਤੀ ਹੱਕੀ ਜਾਈ ॥
ਤੋਲੀਂ ਧਰਤਿ ਆਕਾਸ਼ ਦੁਇ ਪਿਛੇ ਛਾਬੇ ਟੰਕ ਚੜ੍ਹਾਈ ॥
ਏਹ ਬਲ ਰਖਾਂ ਆਪ ਵਿਚ ਜਿਸ ਆਖਾਂ ਤਿਸ ਪਾਰ ਕਰਾਈ ॥
ਸਤਿਨਾਮ ਬਿਨ ਬਾਦਰ ਛਾਈ ॥43॥
44

ਬਾਬੇ ਕੀਤੀ ਸਿਧ ਗੋਸ਼ਟ ਸ਼ਬਦ ਸ਼ਾਂਤਿ ਸਿਧਾਂ ਵਿਚ ਆਈ ॥
ਜਿਣ ਮੇਲਾ ਸ਼ਿਵਰਾਤ ਦਾ ਖਟ ਦਰਸ਼ਨ ਆਦੇਸ਼ ਕਰਾਈ ॥
ਸਿਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ ॥
ਵਡਾ ਪੁਰਖ ਪ੍ਰਗਟਿਆ ਕਲਿਜੁਗ ਅੰਦਰ ਜੋਤ ਜਗਾਈ ॥
ਮੇਲਿਓਂ ਬਾਬਾ ਉਠਿਆ ਮੁਲਤਾਨੇ ਦੀ ਜ਼ਿਆਰਤ ਜਾਈ ॥
ਅਗੋਂ ਪੀਰ ਮੁਲਤਾਨ ਦੇ ਦੁਧ ਕਟੋਰਾ ਭਰ ਲੈ ਆਈ ॥
ਬਾਬੇ ਕਢ ਕਰ ਬਗਲ ਤੇ ਚੰਬੇਲੀ ਦੁੱਧ ਵਿਚ ਮਿਲਾਈ ॥
ਜਿਉਂ ਸਾਗਰ ਵਿਚ ਗੰਗ ਸਮਾਈ ॥44॥
45

ਜ਼ਿਆਰਤ ਕਰ ਮੁਲਤਾਨ ਦੀ ਫਿਰ ਕਰਤਾਰਪੁਰੇ ਨੂੰ ਆਯਾ ॥
ਚੜ੍ਹੇ ਸਵਾਈ ਦਹਦਿਹੀ ਕਲਿਜੁਗ ਨਾਨਕ ਨਾਮ ਧਿਆਯਾ ॥
ਵਿਣ ਨਾਵੈ ਹੋਰ ਮੰਗਣਾ ਸਿਰ ਦੁਖਾਂ ਦੇ ਦੁਖ ਸਬਾਯਾ ॥
ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ ॥
ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰ ਛਤ੍ਰ ਫਿਰਾਯਾ ॥
ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ ॥
ਲਖ ਨ ਕੋਈ ਸਕਈ ਆਚਰਜੇ ਆਚਰਜ ਦਿਖਾਯਾ ॥
ਕਾਯਾਂ ਪਲਟ ਸਰੂਪ ਬਣਾਯਾ ॥45॥
46

ਸੋ ਟਿਕਾ ਸੋ ਛਤ੍ਰ ਸਿਰ ਸੋਈ ਸਚਾ ਤਖਤ ਟਿਕਾਈ ॥
ਗੁਰ ਨਾਨਕ ਹੰਦੀ ਮੋਹਰ ਹਥ ਗੁਰ ਅੰਗਦ ਦੀ ਦੋਹੀ ਫਿਰਾਈ ॥
ਦਿੱਤਾ ਛੱਡ ਕਰਤਾਰਪੁਰ ਬੈਠ ਖਡੂਰੇ ਜੋਤਿ ਜਗਾਈ ॥
ਜੰਮੇ ਪੂਰਬ ਬੀਜਿਆ ਵਿਚ ਵਿਚ ਹੋਰ ਕੂੜੀ ਚਤਰਾਈ ॥
ਲਹਿਣੇ ਪਾਈ ਨਾਨਕੋਂ ਦੇਣੀ ਅਮਰਦਾਸ ਘਰ ਆਈ ॥
ਗੁਰ ਬੈਠਾ ਅਮਰ ਸਰੂਪ ਹੋ ਗੁਰਮੁਖ ਪਾਈ ਦਾਤ ਇਲਾਹੀ ॥
ਫੇਰ ਵਸਾਯਾ ਗੋਂਦਵਾਲ ਅਚਰਜ ਖੇਲ ਨ ਲਖਿਆ ਜਾਈ ॥
ਦਾਤਿ ਜੋਤ ਖਸਮੈ ਵਡਿਆਈ ॥46॥
47

ਦਿੱਚੇ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ ॥
ਬੈਠਾ ਸੋਢੀ ਪਾਤਿਸ਼ਾਹ ਰਾਮਦਾਸ ਸਤਿਗੁਰੂ ਕਹਾਵੈ ॥
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ ॥
ਉਲਟਾ ਖੇਲ ਖਸੰਮ ਦਾ ਉਲਟੀ ਗੰਗ ਸਮੁੰਦ ਸਮਾਵੈ ॥
ਦਿਤਾ ਲਈਏ ਆਪਣਾ ਅਣ ਦਿਤਾ ਕਛ ਹਥ ਨ ਆਵੈ ॥
ਫਿਰ ਆਈ ਘਰ ਅਰਜਨੇ ਪੁਤ ਸੰਸਾਰੀ ਗੁਰੂ ਕਹਾਵੈ ॥
ਜਾਨ ਨ ਦੇਸਾਂ ਸੋਢੀਓਂ ਹੋਰਸ ਅਜਰ ਨ ਜਰਿਆ ਜਾਵੈ ॥
ਘਰ ਹੀ ਕੀ ਵੱਥ ਘਰੇ ਰਹਾਵੈ ॥47॥
48

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ ॥
ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ ॥
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ ॥
ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ ॥
ਪੁਛੱਨ ਸਿੱਖ ਅਰਦਾਸ ਕਰ ਛੇ ਮਹਿਲਾਂ ਤਕ ਦਰਸ ਨਿਹਾਰੀ ॥
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ ॥
ਕਲਿਜੁਗ ਪੀੜ੍ਹੀ ਸੋਢੀਆਂ ਨਿਹਚਲ ਨੀਨ ਉਸਾਰ ਖਲ੍ਹਾਰੀ ॥
ਜੁਗ ਜੁਗ ਸਤਿਗੁਰ ਧਰੇ ਅਵਤਾਰੀ ॥48॥
49

ਸਤਿਜੁਗ ਸਤਿਗੁਰ ਵਾਸਦੇਵ ਵਾਵਾ ਵਿਸ਼ਨਾ ਨਾਮ ਜਪਾਵੈ ॥
ਦੁਆਪਰ ਸਤਿਗੁਰ ਹਰੀਕ੍ਰਿਸ਼ਨ ਹਾਹਾ ਹਰਿ ਹਰਿ ਨਾਮ ਧਿਆਵੈ ॥
ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖ ਪਾਵੈ ॥
ਕਲਿਜੁਗ ਨਾਨਕ ਗੁਰ ਗੋਬਿੰਦ ਗਗਾ ਗੋਵਿੰਦ ਨਾਮ ਜਪਾਵੈ ॥
ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚ ਜਾਇ ਸਮਾਵੈ ॥
ਚਾਰੋਂ ਅਛਰ ਇਕ ਕਰ ਵਾਹਿਗੁਰੂ ਜਪ ਮੰਤ੍ਰ ਜਪਾਵੈ ॥
ਜਹਾਂ ਤੇ ਉਪਜਿਆ ਫਿਰ ਤਹਾਂ ਸਮਾਵੈ ॥49॥1॥