ਤਿਪਕਊਆ

ਇੱਕ ਬੁੜੀ ਦਾ ਬਹੁਤ ਦੂਰ ਬਣਾਂ ਵਿੱਚ ਕੋਠਾ ਸੀ। ਮੀਂਹ ਪੈ ਰਿਹਾ ਸੀ। ਕੋਠਾ ਚੋਣ ਲੱਗਾ ਬੁੜੀ ਕਹੇ, "ਸੱਪ ਤੋਂ ਨੀ ਡਰਦੀ, ਮੀਂਹ ਤੋਂ ਨੀ ਡਰਦੀ ਔਸ ਤਿਪਕਉਏ ਨੇ ਮਾਰੀ।"

ਬਾਹਰ ਸ਼ੇਰ ਖੜਾ ਸੁਣ ਰਿਹਾ ਸੀ। ਹਨੇਰੀ ਰਾਤ ਸੀ ਇੱਕ ਘੁਮਾਰ ਦਾ ਗਧਾ ਖੋ ਗਿਆ ਸੀ। ਘੁਮਾਰ ਗਧੇ ਨੂੰ ਟੋਲਦਾ ਫਿਰਦਾ ਸੀ। ਜਦ ਕੋਠੇ ਕੋਲ ਆਇਆ, ਓਥੇ ਸ਼ੇਰ ਖੜਾ ਸੀ। ਓਹਨੇ ਸ਼ੇਰ ਨੂੰ ਗਧਾ ਸਮਝਿਆ ਤੇ ਕੁੱਟਣ ਲੱਗ ਪਿਆ ਮੋਟੇ ਜਿਹੇ ਸੋਟੇ ਨਾਲ। ਸ਼ੇਰ ਸਮਝੇ ਇਹ ਤਾਂ ਓਹੀ ਤਿਪਕਊਐ ਜੀਹਤੋਂ ਬੁੜ੍ਹੀ ਡਰਦੀ ਐ। ਸ਼ੇਰ ਨੂੰ ਉਹਨੇ ਬਹੁਤਾ ਈ ਕੁੱਟਿਆ।

ਜਦ ਚੜਿਆ ਦਿਨ-ਇੱਕ ਪਿੱਪਲ ਸੀ ਬਹੁਤ ਭਾਰਾ ਓਥੇ ਉਹਨੂੰ ਦਿਨ ਚੜਿਆ ਜਦ ਦੇਖਿਆ ਓਹਨੇ ਇਹ ਸ਼ੇਰ ਐ ਓਹ ਪਿੱਪਲ ਦੇ ਟਾਹਣੇ ਨਾਲ ਟਪੂਸੀ ਮਾਰ ਕੇ ਲਟਕ ਪਿਆ। ਸ਼ੇਰ ਓਸੇ ਤਰ੍ਹਾਂ ਨਠਿਆ ਜਾਂਦਾ ਸੀ। ਅੱਗੇ ਓਸ ਨੂੰ ਇੱਕ ਗਿੱਦੜ ਮਿਲਿਆ। ਗਿੱਦੜ ਕਹਿੰਦਾ, "ਮਾਮਾ ਤੂੰ ਨੱਠਿਆ ਜਾਂਨੈਂ?"

ਸ਼ੇਰ ਬੋਲਿਆ, "ਇਹ ਪਤਾ ਨੀ ਕੀ ਐ ਉਹਨੇ ਕੁੱਟ ਕੁੱਟ ਮੇਰੀ ਚੂਹੀ ਰਾੜ ਕੇ ਰੱਖ ਦਿੱਤੀ ਐ।"

"ਚਲ ਮਾਮਾ ਮੈਨੂੰ ਦਿਖਾ।"

"ਨਾ ਬਈ ਮਾਂ ਤਾਂ ਜਾਣਾ ਨੀ।"

ਗਿੱਦੜ ਕਹਿੰਦਾ, "ਮਾਮਾ ਤੂੰ ਦੱਸ ਤਾਂ ਦੇ।"

"ਓਹ ਫਲਾਣੇ ਪਿੱਪਲ ਹੇਠਾਂ ਐ।"

ਐਨੇ ਨੂੰ ਘੁਮਾਰ ਪਿੱਪਲ ਤੋਂ ਉੱਤਰ ਕੇ ਥੱਲੇ ਆ ਬੈਠਾ ਸੀ।

ਗਿੱਦੜ ਭੱਜਿਆ ਭੱਜਿਆ ਉਹਦੇ ਕੋਲ ਆਇਆ ਤੇ ਘੁਮਾਰ ਨੇ ਆਉਂਦੇ ਨੂੰ ਈ ਢਾਅ ਲਿਆ ਤੇ ਉਹਦੇ ਕੰਨਾਂ ਨੂੰ ਫੜਕੇ ਬਹੁਤ ਸਾਰੀਆਂ ਸੋਟੀਆਂ ਮਾਰੀਆਂ। ਗਿੱਦੜ ਸ਼ੇਰ ਕੋਲ ਆ ਕੇ ਕਹਿੰਦਾ, "ਉਹ ਤਾਂ ਕੰਨ ਪਟੈ।"

ਦੋਨੋਂ ਉਹ ਨੱਠੇ ਜਾਂਦੇ ਨੇ। ਅੱਗੇ ਉਹਨਾਂ ਨੂੰ ਇੱਕ ਬਾਂਦਰ ਮਿਲਿਆ। ਕਹਿੰਦਾ, "ਤੁਸੀਂ ਨੱਠੇ ਜਾਨੇ ਓਂ?"

ਗਿੱਦੜ ਕਹਿੰਦਾ, "ਇੱਕ ਕੰਨ ਪਟੈ ਓਹ ਫਲਾਣੇ ਪਿੱਪਲ ਹੇਠ ਬੈਠੇ।" ਬਾਂਦਰ ਕਹਿੰਦਾ, “ਚਲੋਂ ਆਪਾਂ ਤਿੰਨੇ ਚੱਲੀਏ।”

ਓਹ ਓਥੋਂ ਤਿੰਨੇ ਤੁਰ ਪਏ। ਘੁਮਾਰ ਪਿੱਪਲ ਉੱਤੇ ਚੜ੍ਹ ਗਿਆ। ਗਿੱਦੜ ਅਰ ਸ਼ੇਰ ਤਾਂ ਪਰੇ ਖੜਗੇ। ਫੇਰ ਬਾਂਦਰ ਆਇਆ। ਬਾਂਦਰ ਨੇ ਹੇਠਾਂ ਉੱਪਰ ਦੇਖਿਆ ਕਿਤੇ ਦਖਾਈ ਨਾ ਦਿੱਤਾ। ਉੱਪਰ ਚੜ੍ਹਕੇ ਦੇਖਿਆ ਘੁਮਾਰ ਇੱਕ ਟਾਹਣੇ ਤੇ ਬੈਠਾ ਸੀ। ਪਿੱਪਲ ਥੱਲੇ ਟੋਭਾ ਸੀ। ਦੋਨੋਂ ਲੜਨ ਲੱਗ ਪਏ। ਦੋਨੋਂ ਲੜਦੇ ਲੜਦੇ ਟੋਭੇ ਵਿੱਚ ਡਿੱਗ ਪਏ ਕਦੇ ਬਾਂਦਰ ਛਡਕੇ ਪਰੇ ਹੋ ਜਾਵੇ ਕਦੇ ਘੁਮਾਰ। ਫੇਰ ਬਾਂਦਰ ਛੁਟ ਕੇ ਭੱਜ ਗਿਆ।

ਉਹ ਸ਼ੇਰ ਤੇ ਗਿੱਦੜ ਕੋਲ ਚਲਿਆ ਗਿਆ ਜਾ ਕੇ ਕਹਿੰਦਾ, “ਉਹ ਕੰਨ ਪਟਾ ਕਾਹਨੂੰ ਐ ਉਹ ਤਾਂ ਘੋਤਮ ਲੈ।"

ਫੇਰ ਉਹ ਤਿੰਨੇ ਨੱਸ ਗਏ। ਘੁਮਾਰ ਆਪਣੇ ਘਰ ਨੂੰ ਮੁੜ ਆਇਆ।