ਬਾਤਾਂ ਦੇਸ ਪੰਜਾਬ ਦੀਆਂ/ਠੱਗਾਂ ਨਾਲ ਠੱਗੀ
ਠੱਗਾਂ ਨਾਲ ਠੱਗੀ
ਇੱਕ ਸੀ ਠੱਗ ਤੇ ਇੱਕ ਸੀ ਉਹਦੀ ਮਾਂ। ਉਹਨਾਂ ਦਾ ਇੱਕ ਮੁੰਡਾ ਸੀ। ਠੱਗ ਮਰ ਗਿਆ। ਕੁਝ ਦਿਨਾਂ ਮਗਰੋਂ ਮੁੰਡਾ ਬੜੀ ਨੂੰ ਕਹਿੰਦਾ, “ਮਾਂ ਬਾਈ ਕੀ ਕਰਦਾ ਹੁੰਦਾ ਸੀ।"
ਬੁੜੀ ਕਹਿੰਦੀ, “ਹਲ ਵਾਹੁੰਦਿਆਂ ਅਤੇ ਖੁਹ ਖਾਹ ਚਲਾਉਂਦੇ ਲੋਕਾਂ ਦੀਆਂ ਜੁੱਤੀਆਂ ਚੱਕ ਲੈਂਦਾ ਸੀ।"
ਮੁੰਡਾ ਵੀ ਉਸੇ ਤਰ੍ਹਾਂ ਜੁੱਤੀਆਂ ਚੁੱਕ ਲਿਆਇਆ ਕਰੇ ਤੇ ਵੇਚ ਦਿਆ ਕਰੇ। ਇਸ ਤਰ੍ਹਾਂ ਉਹ ਖਾਸਾ ਚਿਰ ਆਪਣਾ ਗੁਜ਼ਾਰਾ ਤੋਰਦੇ ਰਹੇ। ਇੱਕ ਦਿਨ ਉਹ ਬਾਹਰੋਂ ਦੋ ਸਾਹੇ ਫੜ ਲਿਆਇਆ। ਇੱਕ ਸਾਹੇ ਨੂੰ ਉਹਨੇ ਘਰ ਬੰਨ ਦਿੱਤਾ ਤੇ ਦੂਜੇ ਨੂੰ ਆਪਣੇ ਕੋਲ ਲੈ ਲਿਆ ਤੇ ਜਾਂਦਾ ਹੋਇਆ ਬੁੜੀ ਨੂੰ ਕਹਿ ਗਿਆ, “ਕਣਕ ਦੀਆਂ ਰੋਟੀਆਂ, ਮਾਹਾਂ ਦੀ ਦਾਲ, ਰੋਟੀਆਂ ਦੋਹਾਂ ਪਾਸਿਆਂ ਤੋਂ ਚੋਪੜੀਆਂ ਹੋਣ।" ਉਹ ਆਪਣੇ ਨਾਲ ਇੱਕ ਪਾਣੀ ਦਾ ਘੜਾ ਅਤੇ ਹੁੱਕਾ ਵੀ ਲੈ ਗਿਆ ਤੇ ਪਿੰਡ ਤੋਂ ਖਾਸੀ ਦੂਰ ਜਾ ਕੇ, ਇੱਕ ਪਹੇ ਤੇ ਬਹਿ ਗਿਆ। ਕੁਝ ਸਮੇਂ ਮਗਰੋਂ ਓਧਰੋਂ ਚਾਰ ਠੱਗ ਆਏ। ਓਸ ਨੇ ਉਹਨਾਂ ਨੂੰ ਹੁੱਕਾ ਪਲਾਇਆ, ਮਿੱਠਾ ਪਾਣੀ ਪਲਾਇਆ। ਸਾਹੇ ਨੂੰ ਕਹਿੰਦਾ, “ਜਾ ਵੀਰਾ ਮਾਂ ਨੂੰ ਕਹਿੰਦੇ ਆਉਂਦਿਆਂ ਨੂੰ ਕਣਕ ਦੀਆਂ ਰੋਟੀਆਂ ਤੇ ਮਾਹਾਂ ਦੀ ਦਾਲ ਤਿਆਰ ਹੋਣ।"
ਸਾਹਾ ਟਪੂਸੀਆਂ ਮਾਰਦਾ ਹੋਇਆ ਅੱਖਾਂ ਤੋਂ ਉਹਲੇ ਹੋ ਗਿਆ ਤੇ ਕਿਤੇ ਰਸਤੇ ਵਿੱਚ ਈ ਲੁਕ ਗਿਆ।
ਮੁੰਡਾ ਕਹਿੰਦਾ, “ਚਲੋ ਬਈ ਆਪਾਂ ਘਰ ਨੂੰ ਚੱਲੀਏ।”
ਜਦ ਘਰ ਆਏ ਤਾਂ ਉਹਨਾਂ ਦੇ ਆਉਂਦਿਆਂ ਨੂੰ ਬੁੜੀ ਰੋਟੀਆਂ ਪਕਾਈ ਤਿਆਰ ਬੈਠੀ ਸੀ। ਸਾਹਾ ਕੀਲੇ ਨਾਲ ਬੰਨਿਆ ਹੋਇਆ ਖੜਾ ਸੀ।ਉਹਨਾਂ ਨੇ ਰੋਟੀ ਖਾਧੀ। ਰੋਟੀ ਖਾ ਕੇ ਕਹਿੰਦੈ, “ਏਸ ਸਾਹੇ ਦਾ ਮੁੱਲ ਕਰੋ।"
ਮੁੰਡੇ ਨੇ ਕਿਹਾ, “ਮੈਂ ਤਾਂ ਚਾਰ ਹਜ਼ਾਰ ਲੈਣੈ।”
ਠੱਗਾਂ ਨੇ ਚਾਰ ਹਜ਼ਾਰ ਦੇ ਦਿੱਤਾ ਤੇ ਸਾਹੇ ਨੂੰ ਲੈ ਗਏ।
ਚਾਰੇ ਠੱਗ ਇੱਕ ਖੂਹ ਉਪਰ ਨਹਾਉਣ ਲੱਗ ਪਏ। ਘਰ ਉਹਨਾਂ ਦਾ ਨਜ਼ਦੀਕ ਹੀ ਸੀ। ਉਹਨਾਂ ਸਾਹੇ ਨੂੰ ਕਿਹਾ, “ਘਰ ਜਾ ਕੇ ਕਹਿੰਦੇ ਬਈ ਰੋਟੀਆਂ ਪਕਾ ਦੇਣ।"
ਜਦ ਘਰ ਆਏ ਰੋਟੀ ਪੱਕੀ ਨਾ ਹੋਈ। ਕਹਿੰਦੇ, “ਰੋਟੀ ਨੀ ਪਕਾਈ।"
ਉਹਨਾਂ ਦੀਆਂ ਵਹੁਟੀਆਂ ਕਹਿੰਦੀਆਂ, “ਸਾਨੂੰ ਕੀ ਪਤਾ ਸੀ ਤੁਸੀਂ ਆ ਗਏ ਓ।"
“ਸੁਨੇਹਾ ਘੱਲਿਆ ਸੀ ਸਾਹੇ ਕੋਲ।"
"ਹੋਤ ! ਸਾਹੋ ਵੀ ਸੁਨੇਹੇ ਲਿਆ ਸਕਦੇ ਨੇ।” ਬੜੇ ਠੱਗ ਦੀ ਵਹੁਟੀ ਕਹਿੰਦੀ।
ਕਹਿੰਦੇ, “ਚੱਲੇ ਉਸ ਮੁੰਡੇ ਨੂੰ ਮਾਰ ਕੇ ਆਈਏ ਜੀਹਨੇ ਸਾਡੇ ਨਾਲ ਠੱਗੀ ਕੀਤੀ ਐ।"
ਠੱਗ ਮੁੰਡੇ ਦੇ ਘਰ ਜਾ ਕੇ ਕਹਿੰਦੇ, “ਤੇਰੇ ਸਾਹੇ ਨੇ ਤਾਂ ਸੁਨੇਹਾ ਦਿੱਤਾ ਨੀ।"
ਮੁੰਡਾ ਕਹਿੰਦਾ, “ਘਰ ਵੀ ਦਖਾ ਦਿੱਤਾ ਸੀ?"
“ਹਕਾਂ" ਇੱਕ·ਠੱਗ ਨੇ ਨਾਂਹ ਵਿੱਚ ਸਿਰ ਘੁਮਾਇਆ।
"ਫੇਰ ਤਾਂ ਇਹਦੇ ਵਿੱਚ ਤੁਹਾਡਾ ਈ ਕਸੂਰ ਐ।”
ਉਹ ਆਪਣਾ ਕਸੂਰ ਮੰਨ ਗਏ।
ਫੇਰ ਮੁੰਡੇ ਨੇ ਠੱਗਾਂ ਲਈ ਵਿਹੜੇ ਵਿੱਚ ਮੰਜਾ ਡਾਹ ਦਿੱਤਾ ਤੇ ਬੁੜੀ ਨੂੰ ਕਹਿੰਦਾ, “ਮਾਂ ਰੋਟੀ ਲਾਹ ਦੇ।” ਫੇਰ ਉਹਨੇ ਬੁੜੀ ਨੂੰ ਅੰਦਰ ਲਿਜਾ ਕੇ ਕਿਹਾ, “ਮਾਂ ਮੈਂ ਤੇਰੇ ਗੁੱਝੂ ਮਾਰੂੰ, ਤੂੰ ਇੱਕ ਦਮ ਡਿੱਗ ਪਈਂ, ਮੈਂ ਸੋਟੀ ਤੇਰੇ ਮੱਥੇ ਤੇ ਲਾਊਂਗਾ ਤੂੰ ਰਾਮ ਰਾਮ ਕਹਿੰਦੀ ਉਠ ਪਈ।"
ਚਾਰੇ ਠੱਗ ਰੋਟੀ ਖਾ ਰਹੇ ਸੀ ਉਹਨੇ ਬੁੜੀ ਦੇ ਗੁੱਝੂ ਮਾਰਿਆ। ਬੁੜੀ ਸਾਹ ਘੜੀਸ ਕੇ ਪੈ ਗਈ। ਫੇਰ ਉਹ ਅੰਦਰੋਂ ਇੱਕ ਘਣ-ਖਾਧੀ ਸੋਟੀ ਲੈ ਆਇਆ। ਬੁੜੀ ਦੇ ਮੱਥੇ ਨੂੰ ਉਹ ਸੱਤ ਵਾਰੀ ਲਾਈ। ਬੁੜੀ ਰਾਮ ਰਾਮ ਕਰਦੀ ਉਠ ਖੜੀ।
ਠੱਗ ਕਹਿੰਦੇ, “ਏਸ ਸੋਟੀ ਦਾ ਮੁੱਲ ਕਰ।”
ਉਹਨੇ ਚਾਰ ਹਜ਼ਾਰ ਮੁੱਲ ਕੀਤਾ। ਉਹਨਾਂ ਨੇ ਚਾਰ ਹਜ਼ਾਰ ਦੇ ਕੇ ਉਹ ਸੋਟੀ ਲੈ ਲਈ ਤੇ ਘਰ ਆ ਗਏ। ਘਰ ਆ ਕੇ ਠੱਗਾਂ ਨੇ ਆਪਣੀਆਂ ਬਹੂਆਂ ਨੂੰ ਕੁੱਟਿਆ ਤੇ ਮਾਰ ਦਿੱਤੀਆਂ। ਉਹ ਉਹਨਾਂ ਦੇ ਮੱਥੇ ਨੂੰ ਸੋਟੀ ਲਾਉਣ ਪਰ ਉਹ ਉੱਠਣ ਹੀ ਨਾ। ਕਹਿੰਦੇ, “ਉਹਨੇ ਫੇਰ ਠੱਗੀ ਮਾਰੀ ਐ ਸਾਡੇ ਨਾਲ। ਆਓ ਹੁਣ ਉਸ ਨੂੰ ਦਰਿਆ ਵਿੱਚ ਸੁੱਟ ਆਈਏ।"
ਉਹ ਉਸ ਦੇ ਘਰ ਗਏ ਮੁੰਡੇ ਦੀ ਗਠੜੀ ਬੰਨ੍ਹ ਕੇ ਦਰਿਆ ਵਲ ਨੂੰ ਤੁਰ ਪਏ। ਖਾਸੀ ਦੂਰ ਚਲੇ ਗਏ। ਰਸਤੇ ਵਿੱਚ ਇੱਕ ਜੱਟ ਦੀ ਝਿੰਗਾਂ ਵੱਢਕੇ ਭਰੀ ਲਾਈ ਪਈ ਸੀ।ਮੁੰਡੇ ਨੂੰ ਭਰੀ ਹੇਠ ਦੇ ਕੇ ਆਪ ਲਾਗਲੇ ਪਿੰਡਾਂ ਰੋਟੀ ਖਾਣ ਚਲੇ ਗਏ।
ਜੱਟ ਦਿਨੇ ਗੁਜਰ ਨੂੰ ਇੱਜੜ ਚਾਰਨ ਨਹੀਂ ਸੀ ਦਿੰਦੇ। ਗੁਜਰ ਰਾਤੀਂ ਚੋਰੀ ਚਾਰਨ ਆਇਆ। ਗੁੱਜਰ ਨੇ ਭਰੀ ਫੋਲੀ ਹੇਠੈ ਮੁੰਡਾ ਨਿਕਲ ਆਇਆ। ਗੁਜਰ ਕਹਿੰਦਾ, “ਤੂੰ ਬੰਨਿਆ ਪਿਐ।”
ਉਹ ਬੋਲਿਆ, “ਮੇਰੇ ਭਾਈ ਮੇਰਾ ਵਿਆਹ ਕਰਨ ਨੂੰ ਕਹਿੰਦੇ ਨੇ ਪਰ ਮੈਂ ਕਰਾਉਣਾ ਨੀ।"
ਗੁਜਰ ਕਹਿੰਦਾ "ਤਾਂ ਮੈਨੂੰ ਬੰਨਦੇ ਜੇ ਤੂੰ ਕਰਾਉਣਾ ਨੀ।"
ਉਹਨੇ ਗੁੱਜਰ ਬੰਨ੍ਹ ਦਿੱਤਾ ਤੇ ਆਪ ਡੇਢ ਸੌ ਬੱਕਰੀ ਘਰ ਨੂੰ ਲੈ ਕੇ ਆ ਗਿਆ।
ਰੋਟੀ ਖਾ ਕੇ ਦੂਜੇ ਠੱਗ ਆ ਗਏ ਤੇ ਉਹਨਾਂ ਨੇ ਗੁੱਜਰ ਚੱਕ ਲਿਆ। ਗੁੱਜਰ ਓਸ ਮੁੰਡੇ ਨਾਲੋਂ ਭਾਰਾ ਸੀ, ਇੱਕ ਚੱਕ ਲਵੇ, ਦੁਜਾ ਫੜ ਲਵੇ। ਮਸੀਂ ਉਸ ਨੂੰ ਦਰਿਆ ਕੋਲ ਲੈ ਕੇ ਗਏ। ਗੁੱਜਰ ਨੂੰ ਦਰਿਆ ਵਿੱਚ ਸੁੱਟ ਕੇ ਆਪਸ ਵਿੱਚ ਕਹਿੰਦੇ, "ਆਓ ਹੁਣ ਉਹਦੀ ਬੁੜੀ ਨੂੰ ਮਾਰ ਆਈਏ।"
ਜਦ ਉਹਦੇ ਘਰ ਗਏ ਅਗਾਂਹ ਮੁੰਡਾ ਦੁੱਧ ਦੇ ਕੜਾਹੇ ਉਬਾਲ ਰਿਹਾ ਸੀ।
ਠੱਗ ਕਹਿੰਦੇ,“ਤੈਨੂੰ ਤਾਂ ਅਸੀਂ ਦਰਿਆ ਵਿੱਚ ਸੁੱਟ ਕੇ ਆਏ ਆਂ।”
ਮੁੰਡਾ ਬੋਲਿਆ, “ਤੁਸੀਂ ਤਾਂ ਮੈਨੂੰ ਅਜੇ ਨੇੜੇ ਹੀ ਸੁੱਟਿਆ ਸੀ ਜੇ ਤੁਸੀਂ ਮੈਨੂੰ ਗਾਹਾਂ ਨੂੰ ਸੁੱਟਦੇ ਤਾਂ ਮੈਂ ਕੁੰਢੀਆਂ ਝੋਟੀਆਂ ਲੈ ਕੇ ਆਉਂਦਾ।"
ਠੱਗ ਬੋਲੇ, “ਤਾਂ ਤੇ ਬਈ ਓਥੇ ਸਾਨੂੰ ਸੁੱਟ ਕੇ ਆ।”
“ਮੈਂ ਸੁੱਟੂੰ ਤਾਂ ਇੱਕ ਨੂੰ, ਤੁਸੀਂ ਉਹਦੇ ਗੈਲ ਛਾਲ ਮਾਰਿਓ।”
ਦਰਿਆ ਕੋਲ ਜਾ ਕੇ ਉਹਨੇ ਇੱਕ ਠੱਗ ਸੁੱਟ ਦਿੱਤਾ ਬਾਕੀ ਤੇਹਾਂ ਨੇ ਮਗਰੋਂ ਛਾਲਾਂ ਮਾਰ ਦਿੱਤੀਆਂ.......ਮੁੰਡਾ ਕਲੀਆਂ ਲਾਉਂਦਾ ਆਪਣੇ ਘਰ ਨੂੰ ਆ ਗਿਆ।...