ਬਾਤਾਂ ਦੇਸ ਪੰਜਾਬ ਦੀਆਂ/ਜੱਟ ਦੀ ਸਿਆਣਪ

ਜੱਟ ਦੀ ਸਿਆਣਪ


ਇੱਕ ਵਾਰੀ ਦੀ ਗੱਲ ਹੈ ਇੱਕ ਜੱਟ ਨੂੰ ਰਾਜੇ ਦੇ ਦਰਸ਼ਨ ਕਰਨ ਦਾ ਸ਼ੌਕ ਜਾਗ ਪਿਆ। ਉਹਨੇ ਆਪਣੇ ਦਿਲ ਦੀ ਗੱਲ ਇੱਕ ਲਾਲੇ ਨੂੰ ਦੱਸੀ। ਲਾਲੇ ਨੇ ਜੱਟ ਨੂੰ ਟਿੱਚਰ ਕਰਕੇ ਕਿਹਾ, "ਕਿਸੇ ਗੰਜੇ ਦੇ ਸਿਰ ਵਿੱਚ ਚਾਰ ਜੁੱਤੀਆਂ ਮਾਰ ਦੇ, ਆਪੇ ਰਾਜੇ ਦੀ ਕਚਹਿਰੀ ਪਹੁੰਚ ਜਾਏਂਗਾ।"
ਜੱਟ ਨੇ, ਨਾ ਆ ਦੇਖਿਆ ਨਾ ਤਾ, ਉਸ ਨੇ ਲਾਲੇ ਦੇ ਸਿਰ ਵਿੱਚ ਜੁੱੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਰੌਲਾ ਸੁਣ ਕੇ ਦੋ ਸਿਪਾਹੀ ਉਥੇ ਆ ਗਏ ਤੇ ਉਹਨਾਂ ਦੋਹਾਂ ਨੂੰ ਫੜ ਕੇ ਰਾਜੇ ਦੇ ਦਰਬਾਰ ਵਿੱਚ ਹਾਜ਼ਰ ਹੋ ਗਏ।
ਰਾਜੇ ਨੇ ਸੋਚਿਆ-ਲਾਲੇ ਨੇ ਜੱਟ ਨੂੰ ਜ਼ਰੂਰ ਕੋਈ ਟਿੱਚਰ ਕੀਤੀ ਹੋਣੀ ਐਂ। ਉਹਨੇ ਜੱਟ ਨੂੰ ਘੂਰ ਕੇ ਪੁੱਛਿਆ, "ਕਿਉਂ ਬਈ ਜੱਟਾ ਤੂੰ ਲਾਲੇ ਦੇ ਜੁੱਤੀਆਂ ਮਾਰੀਆਂ ਨੇ?" ਜੱਟ ਨੇ ਉੱਤਰ ਦਿੱਤਾ, "ਹਾਂ ਜਨਾਬ ਮਾਰੀਆਂ ਨੇ।" ਇਹ ਆਖ ਕੇ ਜੱਟ ਨੇ ਸਾਰੀ ਵਿਥਿਆ ਸੁਣਾ ਦਿੱਤੀ।
ਰਾਜੇ ਨੇ ਜੱਟ ਨੂੰ ਮੂਰਖ ਸਮਝ ਕੇ ਜਾਣ ਲਈ ਆਖ ਦਿੱਤਾ। ਜੱਟ ਉਥੋਂ ਤੁਰ ਪਿਆ।
ਜੱਟ ਦੇ ਤੁਰਨ ਮਗਰੋਂ ਰਾਜੇ ਨੇ ਸੋਚਿਆ, "ਜੱਟ ਮੇਰੇ ਦਰਸ਼ਨਾਂ ਲਈ ਆਇਆ ਸੀ। ਮੈਂ ਐਵੇਂ ਉਸ ਨੂੰ ਖਾਲੀ ਤੋਰਿਆ-ਉਸ ਨੂੰ ਜ਼ਰੂਰ ਕੋਈ ਇਨਾਮ ਦੇਣਾ ਚਾਹੀਦਾ ਸੀ। ਰਾਜੇ ਦੇ ਕੋਲ ਹੀ ਕੰਜਰੀ ਬੈਠੀ ਸੀ, ਉਸ ਨੂੰ ਰਾਜੇ ਨੇ ਆਖਿਆ, "ਜਾਓ, ਜਾ ਕੇ ਜੱਟ ਨੂੰ ਸੱਦ ਲਿਆਓ।"
ਕੰਜਰੀ ਨੇ ਜੱਟ ਕੋਲ ਜਾ ਕੇ ਆਖਿਆ, "ਰਾਜਾ ਤੈਨੂੰ ਸੱਦਦਾ ਹੈ। ਉਹ ਜੋ ਇਨਾਮ ਤੈਨੂੰ ਦੇਊਗਾ ਉਹਦੇ ਵਿੱਚੋਂ ਅੱਧਾ ਇਨਾਮ ਮੇਰਾ ਰਿਹਾ।"
ਜੱਟ ਅੱਧਾ ਇਨਾਮ ਕੰਜਰੀ ਨੂੰ ਦੇਣਾ ਮੰਨ ਗਿਆ। ਅੱਗੇ ਪਹਿਰੇ ਵਾਲਾ ਕੋਤਵਾਲ ਆਖਣ ਲੱਗਾ, "ਮੈਂ ਤਾਂ ਅੰਦਰ ਜਾਣ ਦਿਊਂਗਾ ਜੇ ਤੂੰ ਅੱਧੇ ਇਨਾਮ ਵਿਚੋਂ ਅੱਧਾ ਮੈਨੂੰ ਦਏਂਗਾ।"
ਜੱਟ ਇਹ ਵੀ ਮੰਨ ਗਿਆ।
ਜੱਟ ਰਾਜੇ ਦੇ ਦਰਬਾਰ ਜਾ ਹਾਜ਼ਰ ਹੋਇਆ। ਰਾਜਾ ਆਖਣ ਲੱਗਾ, "ਜੱਟਾ ਤੂੰ ਮੇਰੇ ਦਰਸ਼ਨਾਂ ਲਈ ਆਇਆ ਸੀ: ਮੰਗ ਜੋ ਮੰਗਣੈ।"
"ਮਹਾਰਾਜ ਤੁਹਾਡੇ ਦਰਸ਼ਨ ਕਰਨੇ ਸੀ, ਹੋ ਗਏ-ਹੋਰ ਮੈਨੂੰ ਕਾਸੇ ਦੀ ਲੋੜ ਨਹੀਂ ਤੁਹਾਡਾ ਦਿੱਤਾ ਈ ਖਾਨੇ ਆਂ।"
ਰਾਜੇ ਨੇ ਫੇਰ ਆਖਿਆ। ਜੱਟ ਨੇ ਪਹਿਲਾ ਹੀ ਉੱਤਰ ਦੇ ਦਿੱਤਾ। ਆਖਰ ਤੀਜੀ ਵਾਰ ਰਾਜੇ ਨੇ ਫੇਰ ਆਖਿਆ, "ਤੀਜਾ ਬਚਨ ਐ, ਮੰਗ ਲੈ।"
ਜੱਟ ਨੇ ਕਿਹਾ, "ਮਹਾਰਾਜ, ਜੇ ਤੁਸੀਂ ਬਹੁਤਾ ਹੀ ਖਹਿੜੇ ਪੈਂਦੇ ਹੋ ਤਾਂ ਮੇਰੇ ਸਿਰ ਉੱਤੇ ਇੱਕ ਸੌ ਜੁੱਤੀਆਂ ਮਾਰੀਆਂ ਜਾਣ।"
ਰਾਜੇ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਜੱਟ ਦੇ ਸਿਰ ਉੱਤੇ ਸੌ ਜੁੱਤੀਆਂ ਮਾਰੀਆਂ ਜਾਣ।
ਜੱਟ ਦੇ ਸਿਰ ਤੇ ਤਾੜ ਤਾੜ ਜੁੱਤੀਆਂ ਪੈਣ ਲੱਗੀਆਂ। ਜੱਟ ਵੀ ਹੋਣੋਂ ਉੱਚੀ ਉੱਚੀ ਗਿਣਦਾ ਰਿਹਾ। ਜਦੋਂ ਪੱਚੀ ਹੋ ਗਈਆਂ ਤਾਂ ਬੋਲਿਆ, "ਮਹਾਰਾਜ ਠਹਿਰੋ-ਇਸ ਇਨਾਮ ਵਿੱਚ ਦੋ ਹੋਰ ਹਿੱਸੇਦਾਰ ਨੇ-ਜਿਨ੍ਹਾਂ ਵਿੱਚੋਂ ਇੱਕ ਤਾਂ ਥੋਡੀ ਕੰਜਰੀ ਹੈ, ਜੀਹਨੇ ਸਾਰੇ ਇਨਾਮ ਦਾ ਅੱਧ ਮੰਗਿਆ ਸੀ ਪਹਿਲਾਂ ਇਹਦੇ ਪੰਜਾਹ ਜੁੱਤੀਆਂ ਮਾਰੀਆਂ ਜਾਣ।"
ਜਦੋਂ ਕੰਜਰੀ ਦੇ ਪੰਜਾਹ ਜੁੱਤੀਆਂ ਲੱਗ ਗਈਆਂ ਤਾਂ ਜੱਟ ਬੋਲਿਆ, "ਮਹਾਰਾਜ, ਦੂਜਾ ਹਿੱਸੇਦਾਰ ਥੋਡਾ ਕੋਤਵਾਲ ਹੈ ਜੀਹਨੇ ਅੱਧ ਵਿੱਚੋਂ ਅੱਧ ਮੰਗਿਆ ਸੀ। ਉਸ ਦੇ ਪੱਚੀ ਜੁੱਤੀਆਂ ਮਾਰੀਆਂ ਜਾਣ।"
ਕੋਤਵਾਲ ਨੂੰ ਵੀ ਪੱਚੀ ਜੁੱਤੀਆਂ ਦਾ ਇਨਾਮ ਦਿੱਤਾ ਗਿਆ। ਰਾਜਾ ਜੱਟ ਦੀ ਸਿਆਣਪ ਤੇ ਬਹੁਤ ਖ਼ੁਸ਼ ਹੋਇਆ। ਉਹਨੇ ਜੱਟ ਨੂੰ ਬਹੁਤ ਸਾਰਾ ਇਨਾਮ ਦੇ ਕੇ ਤੋਰ ਦਿੱਤਾ।