ਬਾਤਾਂ ਦੇਸ ਪੰਜਾਬ ਦੀਆਂ/ਚੋਰ ਤੇ ਮਰਾਸੀ

ਚੋਰ ਤੇ ਮਰਾਸੀ


ਚਾਰ ਚੇਰ ਸੀ। ਉਹਨਾਂ 'ਚੋਂ ਇੱਕ ਮਰਾਸੀ ਸੀ। ਕਹਿੰਦੇ ਚਲੇ ਚੋਰੀ ਕਰਨ ਚੱਲੀਏ। ਗਹਾਂ ਇੱਕ ਬੁੜੀ ਦੇ ਘਰ ਚੋਰੀ ਕਰਨ ਲੱਗੇ। ਬੁੜੀ ਦੀ ਖੀਰ ਰਿੰਨੀ ਪਈ ਸੀ ਤੇ ਉਹ ਕੋਲ ਸੁੱਤੀ ਪਈ ਸੀ। ਜਿਹੜੇ ਓਹਦੇ ਮੁੰਡੇ ਸੀ ਉਹ ਚਲਾਉਂਦੀ ਸੀ ਘੁਲਾੜੀ। ਚੋਰ ਉਹਨਾਂ ਦੇ ਘਰ ਜਾ ਬੜੇ। ਕਹਿੰਦੇ, ਪਹਿਲਾਂ ਖੀਰ ਖਾ ਲੋ, ਫੇਰ ਚੋਰੀ ਕਰਾਂਗੇ।
ਚੌਹਾਂ ਜਾਣਿਆਂ ਨੇ ਥਾਲੀ 'ਚ ਖੀਰ ਪਾ ਲੀ। ਜਿਹੜਾ ਮਰਾਸੀ ਸੀ ਕਹਿੰਦਾ, “ਤੁਸੀਂ ਤਾਂ ਥਾਲੀਆਂ ਚ ਪਾਲੀ, ਬੁੜੀ ਬਚਾਰੀ ਹੱਥ ਕਰੀਂ ਪਈ ਐ, ਇਹਨੂੰ ਵੀ ਥੋੜੀ ਜਹੀ ਦੇ ਦੋ।" ਮਰਾਸੀ ਨੇ ਤੱਤੀ-ਤੱਤੀ ਖੀਰ ਦੀ ਕੜਛੀ ਭਰ ਕੇ ਉਹਦੇ ਹੱਥ ਉੱਤੇ ਪਾ ਦਿੱਤੀ। ਬੁੜੀ ਹਾਲ-ਹਾਲ ਕਰਦੀ ਉੱਠੀ। ਬੁੜੀ ਦਾ ਰੌਲਾ ਸੁਣ ਕੇ ਸਾਰੇ ਭੱਜ ਆਏ ਮਰਾਸੀ ਓਥੇ ਹੀ ਰਹਿ ਗਿਆ। ਐਨੇ ਨੂੰ ਬੁੜੀ ਦੇ ਮੁੰਡੇ ਵੀ ਆ ਗਏ। ਉਹ ਮਰਾਸੀ ਨੂੰ ਕੁੱਟਣ ਲੱਗ ਪਏ। ਮਰਾਸੀ ਕਹਿੰਦਾ, “ਮੈਨੂੰ ਕਿਉਂ ਮਾਰਦੇ ਓਂ, ਮੈਂ ਤਾਂ ਥੋਡਾ ਘਰ ਬਚਾ ਦਿੱਤੈ।" ਉਹਨਾਂ ਨੇ ਮਰਾਸੀ ਨੂੰ ਪੰਜ ਰੁਪਏ ਤੇ ਇੱਕ ਥਾਨ ਦੇ ਦਿੱਤਾ।
ਮਰਾਸੀ ਫੇਰ ਜਾ ਰਲਿਆ ਦੂਜੇ ਚੋਰਾਂ ਨਾਲ। ਉਹ ਮਰਾਸੀ ਨੂੰ ਕਹਿੰਦੇ, “ਅਸੀਂ ਨੀ ਤੈਨੂੰ ਰਲਾਉਣਾ।”
ਮਰਾਸੀ ਕਹਿੰਦਾ, “ਹੁਣ ਨੀ ਕਰਦਾ ਕੁਸ ਮੈਨੂੰ ਰਲਾ ਲੋ।
ਫੇਰ ਉਹਨਾਂ ਨੇ ਇੱਕ ਘਰ ਜਾ ਕੇ ਪਾੜ ਲਾਇਆ। ਮਰਾਸੀ ਨੂੰ ਕਹਿੰਦੇ, “ਅਸੀਂ ਅੰਦਰ ਜਾਨੇ ਆਂ ਤੂੰ ਬਾਹਰੋਂ ਬਿੜਕ ਤਿੜਕ ਲਈਂ।"
"ਚੋਰ ਅੰਦਰ ਜਾ ਬੜੇ। ਬਾਹਰ ਮਰਾਸੀ ਕਰਨ ਲੱਗ ਪਿਆ ‘ਬਿੜਕ ਤਿੜਕ’ ‘ਬਿੜਕ ਤਿੜਕ ਮਰਾਸੀ ਦੀ ਵਾਜ ਸੁਣ ਕੇ ਘਰ ਵਾਲੇ ਜਾਗ ਪਏ। ਚੋਰ ਨੱਸ ਗਏ ਤੇ ਮਰਾਸੀ ਰਹਿ ਗਿਆ। ਉਹਨਾਂ ਨੇ ਉਸ ਨੂੰ ਫੜ ਲਿਆ। ਮਰਾਸੀ ਨੂੰ ਕੁੱਟਣ ਲੱਗ ਪਏ ਬਹੁਤ ਕੁੱਟਿਆ। ਮਰਾਸੀ ਕਹਿੰਦਾ, “ਮੈਨੂੰ ਕਿਉਂ ਮਾਰਦੇ ਓ, ਮੈਂ ਤਾਂ ਥੋਨੂੰ ਬਚਾਇਐ।”
ਉਹਨਾਂ ਨੇ ਵੀ ਉਹਨੂੰ ਪੰਜ ਰੁਪਏ ਤੇ ਇੱਕ ਥਾਨ ਦੇ ਦਿੱਤਾ। ਉਹ ਫੇਰ ਜਾ ਰਲਿਆ ਚੋਰਾਂ ਨਾਲ ਕਹਿੰਦੇ, “ਹੁਣ ਨਹੀਂ ਤੈਨੂੰ ਰਲਣ ਦੇਣਾ।"
ਮਰਾਸੀ ਤਰਲੇ ਮਿੰਨਤਾਂ ਕਰਕੇ ਫੇਰ ਜਾਂ ਰਲਿਆ ਉਹਨਾਂ ਨਾਲ।
ਫੇਰ ਉਹਨਾਂ ਨੇ ਭਰਾਈਆਂ ਦੇ ਘਰ ਜਾ ਕੇ ਚੋਰੀ ਕੀਤੀ। ਕਿਸੇ ਨੇ ਕੁਛ ਚੁਕਿਆ ਕਿਸੇ ਨੇ ਕੁਛ ਪਰ ਮਰਾਸੀ ਨੇ ਢੋਲ ਚੁੱਕ ਲਿਆ। ਉਹ ਢੋਲ ਚੁੱਕ ਕੇ ਭਰਾਈਆਂ ਦੇ ਕੋਠੇ ਤੇ ਚੜ ਕੇ ਬਜਾਉਣ ਲੱਗ ਪਿਆ ਨਾਲੇ ਗਾਈ ਜਾਵੇ :
ਦਗੜ ਦਗੜ ਕੁੱਟੀਦਾ
ਭਰਾਈਆਂ ਦਾ ਘਰ ਲੁੱਟੀਦਾ
ਢੋਲ ਦੀ ਵਾਜ ਸੁਣ ਕੇ ਭਰਾਈ ਉੱਠ ਖੜੇ। ਤਿੰਨੇ ਚੋਰ ਨੱਸ ਗਏ। ਮਰਾਸੀ ਫੇਰ ਫਸ ਗਿਆ। ਉਹਨੂੰ ਭਰਾਈ ਫੇਰ ਕੁੱਟਣ ਲੱਗ ਪਏ। ਮਰਾਸੀ ਭਾਈਆਂ ਨੂੰ ਕਹਿੰਦਾ, “ਤੁਸੀਂ ਮੈਨੂੰ ਕਾਹਤੇ ਕੁਟਦੇ ਓਂ, ਮੈਂ ਤਾਂ ਥੋਡਾ ਘਰ ਬਚਾ ਦਿੱਤਾ ਚੋਰਾਂ ਤੋਂ।"
ਪੰਜ ਰੁਪਏ ਤੇ ਥਾਨ ਉਹਨਾਂ ਨੇ ਮਰਾਸੀ ਨੂੰ ਦੇ ਦਿੱਤਾ ਉਹ ਫੇਰ ਜਾ ਰਲਿਆ ਚੋਰਾਂ ਨਾਲ। ਉਹ ਕਹਿੰਦੇ, “ਅਸੀਂ ਨੀ ਹੁਣ ਰਲਾਉਣਾ।"
ਮਰਾਸੀ ਕਹਿੰਦਾ, “ਮੈਨੂੰ ਰਲਾ ਲੋ, ਨਹੀਂ ਥਾਣੇ ਜਾ ਕੇ ਦਸ ਦੂੰਗਾ।”
ਉਹਨਾਂ ਨੇ ਫੇਰ ਰਲਾ ਲਿਆ।
ਉਹ ਚੌਥੇ ਘਰ ਚੋਰੀ ਕਰਨ ਲੱਗੇ। ਕਿਸੇ ਨੇ ਕੁੱਛ ਚੁੱਕਿਆ ਕਿਸੇ ਨੇ ਕੁੱਛ ਚੁੱਕਿਆ ਮਰਾਸੀ ਨੇ ਓਥੋਂ ਭੜੋਲੀ ਚੁੱਕ ਲਈ। ਉਹ ਕਹਿੰਦੇ, "ਮੂਰਖਾ ਮਿੱਟੀ ਦੀ ਭੜੋਲੀ ਕੀ ਕਰਨੀ ਐਂ, ਸੁੱਟ ਏਥੇ।"
ਮਰਾਸੀ ਕਹਿੰਦਾ, “ਮੈਂ ਤਾਂ ਇਹੋ ਚੁੱਕਣੀ ਏਂ, ਤੁਸੀਂ ਚੁੱਕ ਕੇ ਲੈ ਚੱਲੋ ਨਹੀਂ ਥਾਣੇ ਦਸ ਦੂੰਗਾ।"
ਫੇਰ ਉਹ ਇੱਕ ਪਿੱਪਲ ਥੱਲੇ ਆ ਗਏ। ਓਧਰੋਂ ਥਾਣੇਦਾਰ ਸਪਾਹੀਆਂ ਨਾਲ ਆ ਗਿਆ। ਉਨਹਾਂ ਕੋਲ ਮੈਸਾਂ ਸੀ ਤੇ ਵਿੱਚ ਉਹਨਾਂ ਦੇ ਇੱਕ ਝੋਟਾ ਸੀ। ਚੋਰ ਭੜੋਲੀ ਸਮੇਤ ਪਿੱਪਲ ਤੇ ਚੜ੍ਹ ਕੇ ਬੈਠ ਗਏ। ਥਾਣੇਦਾਰ ਵੀ ਪਿੱਪਲ ਥੱਲੇ ਆ ਗਿਆ। ਥੱਲੇ ਬੈਠੇ ਉਹ ਰੋਟੀ ਖਾ ਰਹੇ ਸੀ। ਮਰਾਸੀ ਕਹਿੰਦਾ, “ਮੈਂ ਪਸ਼ਾਬ ਕਰਨੈ।"
ਚੋਰ ਕਹਿੰਦੇ, “ਭੜੋਲੀ ’ਚ ਕਰਲੈ।”
ਕਹਿੰਦਾ, “ਮੈਂ ਕਿਉਂ ਕਰਾਂ, ਮੇਰੀ ਮਰਾਸਣ ਨੂੰ ਮੁਸ਼ਕ ਆਊ।” ਉਹਨੇ ਉਪਰੋਂ ਥਾਣੇਦਾਰ ਦੇ ਸਿਰ ਵਿੱਚ ਪਸ਼ਾਬ ਕਰ ਦਿੱਤਾ।
ਠਾਣੇਦਾਰ ਕਹਿੰਦਾ, “ਜਾਨਵਰ ਪਸ਼ਾਬ ਕਰਦੇ ਨੇ। ਬੰਦੂਕਾਂ ਦੇ ਫੋਕੇ ਫਾਇਰ ਕਰੋ।"
ਚੋਰ ਉਪਰ ਸਹਿਕੇ ਬੈਠੇ ਰਹੇ। ਮਰਾਸੀ ਫੇਰ ਕਹਿੰਦਾ, “ਮੈਨੂੰ ਤਾਂ ਪਖਾਨਾ ਆਉਂਦੈ।
ਚੋਰ ਕਹਿੰਦੇ, “ਭੜੋਲੀ ’ਚ ਹੋ ਲੈ।”
ਕਹਿੰਦਾ, “ਕਿਉਂ ਕਰਾਂ, ਮੇਰੀ ਮਰਾਸਣ ਨੂੰ ਮੁਸ਼ਕ ਆਊ।"
ਉਹਨੇ ਉੱਪਰੋਂ ਟੱਟੀ ਫਿਰ ਦਿੱਤੀ ਤੇ ਉਹ ਥਾਣੇਦਾਰ ਦੇ ਐਨ ਸਿਰ ਤੇ ਆ ਕੇ ਡਿੱਗੀ। ਉਹਨਾਂ ਨੇ ਸਮਝਾਇਆ ਬਈ ਜਾਨਵਰ ਬਿੱਠ ਕਰਦੇ ਨੇ। ਜਾਨਵਰ ਉਡਾਣ ਲਈ ਉਹਨਾਂ ਨੇ ਬੰਦੂਕਾਂ ਦੇ ਫਾਇਰ ਕੀਤੇ। ਡਰ ਦੇ ਮਾਰੇ ਚੋਰਾਂ ਦੇ ਹੱਥੋਂ ਉਪਰੋਂ ਭੜੋਲੀ ਹੋਠਾਂ ਡਿੱਗ ਪਈ।
ਭੜੋਲੀ ਡਿੱਗਦੇ ਸਾਰ ਹੀ ਥੱਲੇ ਬੈਠੇ ਸਪਾਹੀ ਡਰ ਗਏ ਸਮਝੇ ਕੋਈ ਸ਼ੈ ਐ। ਉਹ ਸਾਰਾ ਸਾਮਾਨ ਓਥੇ ਹੀ ਛੱਡ ਕੇ ਓਥੋਂ ਨੱਸ ਗਏ।
ਚੋਰ ਉਪਰੋਂ ਥੱਲੇ ਉਤਰੇ। ਦੂਜੇ ਚੋਰਾਂ ਨੇ ਮੱਝਾਂ ਸਾਂਭੀਆਂ, ਮਰਾਸੀ ਨੇ ਸਾਂਭਿਆ ਝੋਟਾ। ਉਹ ਮੁੜ ਘਿੜ ਆਵੇ ਝੋਟੇ ਨੂੰ ਥਾਪੀ ਦੇ ਦੇਵੇ। ਨਾਲ ਦੇ ਚੋਰ ਕਹਿੰਦੇ, “ਇਹ ਝੋਟਾ ਸਾਨੂੰ ਦੇ ਦੇ ਸਾਥੋਂ ਮੈਸ ਲੈ ਲੈ।” ਪਰ ਮਰਾਸੀ ਨਾ ਮੰਨਿਆ। ਉਹ ਫੇਰ ਆਪਣੇ-ਆਪਣੇ ਘਰੀਂ ਮੱਝਾਂ ਛੱਡ ਆਏ। ਮਰਾਸੀ ਝੋਟਾ ਲੈ ਆਇਆ। ਚਾਰਾਂ ਨੇ ਘਰ ਆ ਕੇ ਖੀਰ ਧਰੀ। ਝੋਟਾ ਜੱਦ ਪਸ਼ਾਬ ਕਰੇ ਮਰਾਸੀ ਤੌੜੀ ਥੱਲੇ ਕਰ ਦਿਆ ਕਰੇ। ਏਸ ਤਰਾਂ ਓਸ ਨੇ ਖਾਸਾ ਸਾਰਾ ਪਸ਼ਾਬ ਕੱਠਾ ਕਰ ਲਿਆ। ਓਹਨੇ ਖੀਰ ਧਰੀ ਪਰ ਖੀਰ ਨਾ ਬਣੀ। ਕਹਿੰਦਾ, “ਮੇਰੀ ਖੀਰ ਕਾਹਤੇ ਨੀ ਬਣਦੀ।"
ਉਹ ਕਹਿੰਦੇ, “ਇਹ ਝੋਟੈ ਤਾਂ ਨੀ ਬਣਦੀ।" ਫੇਰ ਉਹਨਾਂ ਨੇ ਮਰਾਸੀ ਤੋਂ ਝੋਟਾ ਲੈ ਲਿਆ ਤੇ ਮੱਝ ਦੇ ਦਿੱਤੀ।
ਫੇਰ ਉਹ ਚੋਰੀ ਕਰਨ ਤੁਰ ਪਏ। ਉਹਨਾਂ ਨੇ ਊਠ ਚੋਰੀ ਕੀਤੇ। ਦੂਜਿਆਂ ਦੇ ਦਰ ਚੌੜੇ ਸੀ ਪਰ ਮਰਾਸੀ ਦਾ ਦਰ ਛੋਟਾ ਸੀ। ਉਠ ਦਰ ਵਿੱਚ ਫਸ ਗਿਆ ਨਾ ਅੰਦਰ ਜਾਵੇ ਨਾ ਬਾਹਰ ਨਿਕਲੇ। ਮਰਾਸੀ ਨੇ ਟਾਕੂਆ ਲੈ ਕੇ ਊਠ ਦੀਆਂ ਚਾਰੇ ਲੱਤਾਂ ਵੱਢ ਦਿੱਤੀਆਂ ਤੇ ਉਹਨੂੰ ਖਿੱਚਕੇ ਅੰਦਰ ਕਰ ਲਿਆ ਚੋਰ ਕਹਿੰਦੇ, “ਇਹ ਊਠ ਮਰ ਗਿਐ, ਇਹਨੂੰ ਹੁਣ ਬਾਹਰ ਸੁੱਟ ਦੇ।"
ਮਰਾਸੀ ਕਹਿੰਦਾ, “ਇਹਦਾ ਕੀ ਮਰ ਗਿਆ। ਓਕਣ ਹੀ ਤਾਂ ਝਾਕਦੈ।"
ਕਹਿੰਦੇ, "ਦੇਖ ਤਾਂ ਮਰਿਆ ਨੀ ਹੋਇਆ।" ਉਹਨੇ ਹੱਥ ਲਾਇਆ। ਊਠ ਡਿੱਗ ਪਿਆ ਫੇਰ ਓਸ ਨੂੰ ਚੁੱਕ ਕੇ ਬਾਹਰ ਸੁੱਟ ਆਂਦਾ।