ਬਾਤਾਂ ਦੇਸ ਪੰਜਾਬ ਦੀਆਂ/ਚੁਗਲਖੋ਼ਰ

ਚੁਗਲਖ਼ੋਰ

ਇੱਕ ਜੱਟ ਨੂੰ ਇੱਕ ਕਾਮੇ ਦੇ ਲੋੜ ਸੀ। ਲਭਦਿਆਂ ਲਭਦਿਆਂ ਉਸ ਨੂੰ ਇੱਕ ਹੱਡਾਂ ਪੈਰਾਂ ਦਾ ਨਰੋਆ ਕਾਮਾ ਲੱਭ ਪਿਆ।
ਜੱਟ ਨੇ ਕਾਮੇ ਦੀ ਤਨਖਾਹ ਪੁੱਛੀ।
"ਬਸ ਸਰਦਾਰਾ ਰੋਟੀ ਕਪੜਾ ਅਤੇ ਛੇ ਮਹੀਨੇ ਮਗਰੋਂ ਇੱਕ ਅੱਧ ਚੁਗ਼ਲੀ।" ਕਾਮੇ ਨੇ ਆਪਣੀ ਨੌਕਰੀ ਦੀ ਸ਼ਰਤ ਪੇਸ਼ ਕਰ ਦਿੱਤੀ।
"ਮੈਨੂੰ ਮਨਜ਼ੂਰ ਹੈ।" ਜੱਟ ਨੇ ਕਾਮੇ ਦੀ ਸ਼ਰਤ ਪਰਵਾਨ ਕਰ ਲਈ। ਰੋਟੀ ਕਪੜੇ ਤੇ ਜੱਟ ਨੂੰ ਕਾਮਾ ਮਿਲਦਾ ਸੀ-ਉਸ ਨੂੰ ਭਲਾ ਹੋਰ ਕੀ ਚਾਹੀਦਾ ਸੀ। ਚੁਗ਼ਲੀ ਦੀ ਜੱਟ ਨੇ ਕੋਈ ਪਰਵਾਹ ਨਾ ਕੀਤੀ।
ਕਾਮਾ ਬੜੇ ਚਾਵਾਂ ਨਾਲ ਜੱਟ ਨਾਲ ਕੰਮ ਕਰਦਾ ਰਿਹਾ। ਇਸ ਪਰਕਾਰ ਛੇ ਮਹੀਨੇ ਬਤੀਤ ਹੋ ਗਏ। ਕੋਈ ਘਟਨਾ ਨਾ ਵਾਪਰੀ।
ਆਖਰ ਇੱਕ ਦਿਨ ਕਾਮੇ ਨੇ ਜੱਟੀ ਨੂੰ ਆਖਿਆ, "ਤੇਰੇ ਘਰ ਵਾਲਾ ਤਾਂ ਕੋਹੜੀ ਹੋ ਗਿਐ।"
"ਹੈਂ ਦਾਦੇ ਮਗੌਣਾ ਕਿਹੜੀਆਂ ਗੱਲਾਂ ਕਰਦੈ, ਤੇਰਾ ਕਿਧਰੇ ਡਮਾਕ ਤਾਂ ਨੀ ਫਿਰ ਗਿਆ?" ਜੱਟੀ ਨੇ ਅੱਗੋਂ ਮੋੜਵਾਂ ਉੱਤਰ ਦਿੱਤਾ।
ਕਾਮੇ ਨੇ ਹਿੱਕ ਥਾਪੜ ਕੇ ਆਖਿਆ, "ਮੇਰੇ ਸਿਰ ਸੌ ਛਿੱਚਰ ਮਾਰੀਂ ਜੇ ਮੇਰੀ ਗੱਲ 'ਚ ਝੂਠ ਹੋਵੇ। ਜਿਹੜਾ ਆਦਮੀ ਕੋਹੜੀ ਹੋ ਜਾਵੇ ਉਸ ਦਾ ਸਾਰਾ ਸਰੀਰ ਸਲੂਣਾ ਸਲੂਣਾ ਹੋ ਜਾਂਦੈ, ਬੇਸ਼ਕ ਚੱਟ ਕੇ ਵੇਖ ਲਈਂ ਸਵੇਰੇ।"
"ਮੈਂ ਇਸ ਗੱਲ ਦਾ ਜ਼ਰੂਰ ਪਰਤਿਆਵਾਂ ਲਊਂਗੀ ਸਵੇਰੇ ਰੋਟੀ ਦੇਣ ਆਈ" ਜੱਟੀ ਜਾਣੋ ਸੱਚ ਮੰਨ ਗਈ।
ਦੂਜੇ ਬੰਨੇ ਚੁਗਲਖੋਰ ਕਾਮਾ ਜੱਟ ਪਾਸ ਜਾ ਕੇ ਕਹਿਣ ਲੱਗਾ, "ਸਰਦਾਰਾ ਤੂੰ ਤਾਂ ਆਪਣੇ ਕੰਮ ਜੁਟਿਆ ਫਿਰਦੈ ਓਧਰ ਤੇਰੇ ਘਰ ਵਾਲੀ ਹਲਕੀ ਫਿਰਦੀ ਐ... ਜਣੇ ਖਣੇ ਨੂੰ ਵੱਢਣ ਨੂੰ ਪੈਂਦੀ ਐ।"
ਜੱਟ ਸੁਣ ਕੇ ਚੁੱਪ ਕਰ ਰਿਹਾ ਪਰ ਉਹਦੇ ਮਨ ਵਿੱਚ ਆਪਣੀ ਜੱਟੀ ਪ੍ਰਤੀ ਸ਼ੰਕੇ ਪੈਦਾ ਹੋ ਗਏ-ਖੌਰੇ ਸਚਮੁਚ ਹੀ ਹਲਕ ਗਈ ਹੋਵੇ।
ਮਾਲਕ ਤੀਵੀਂ ਦੋਹਾਂ ਦੇ ਮਨਾਂ ਵਿੱਚ ਭਰਮ ਪਾ ਕੇ ਚੁਗ਼ਲਖੋਰ ਜੱਟੀ ਦੇ ਭਰਾਵਾਂ ਕੋਲ ਜਾ ਕੇ ਆਖਣ ਲੱਗਾ, "ਸਰਦਾਰੋ ਮੈਂ ਚਾਹੁੰਦਾ ਤਾਂ ਨਹੀਂ ਸੀ ਤੁਹਾਡੇ ਕੋਲ ਜਾ ਕੇ ਕੋਈ ਗੱਲ ਕਰਦਾ। ਮੈਂ ਆਪਣੇ ਮਾਲਕ ਦਾ ਨਮਕ ਖਾ ਕੇ ਹਰਾਮ ਨਹੀਂ ਕਰਨਾ ਚਾਹੁੰਦਾ। ਪਰ ਦਿਆ ਵੀ ਕੋਈ ਚੀਜ਼ ਐ ... ਮੇਰੇ ਪਾਸੋਂ ਜ਼ਰ ਨਹੀਂ ਹੁੰਦਾ। ਤੁਹਾਡਾ ਭਣੋਈਆ ਤੁਹਾਡੀ ਭੈਣ ਨੂੰ ਹਰ ਰੋਜ਼ ਖੇਤਾਂ ਵਿੱਚ ਪਰੈਣੀਆਂ ਨਾਲ ਕੁੱਟਦੈ। ਬੇਸ਼ਕ ਸਵੇਰੇ ਜਾ ਕੇ ਖੇਤਾਂ ਵਿੱਚ ਵੇਖ ਲੈਣਾ।"
ਉਨ੍ਹਾਂ ਨੂੰ ਕਾਮੇ ਦੀ ਗੱਲ ਤੇ ਪੂਰਾ ਯਕੀਨ ਆ ਗਿਆ, "ਅਸੀਂ ਸਾਰੇ ਸਵੇਰੇ ਆਵਾਂਗੇ ਤੇ ਵੇਖਾਂਗੇ ਕਿ ਸਾਡੀ ਭੈਣ ਨੂੰ ਕਿਵੇਂ ਕੁੱਟਦਾ ਹੈ।"
ਜੱਟੀ ਦੇ ਭਰਾਵਾਂ ਕੋਲੋਂ ਹੋ ਕੇ ਉਹ ਸਿੱਧਾ ਜੱਟ ਦੇ ਭਰਾਵਾਂ ਪਾਸ ਆਇਆ ਤੇ ਉਹਨਾਂ ਨੂੰ ਆਖਿਆ, "ਦੋ ਭਾਂਡੇ ਹੁੰਦੇ ਨੇ ਤੇ ਆਪਸ ਵਿੱਚ ਖੜਕਦੇ ਹੀ ਨੇ। ਤੁਸੀਂ ਭਰਾਵਾਂ ਨੇ ਤਾਂ ਭਲਾ ਲੜਨਾ ਝਗੜਨਾ ਹੋਇਆ। ਤੁਸੀਂ ਫੇਰ ਭਾਈਆਂ ਦੇ ਭਾਈ ਹੋ। ਇੱਕੋ ਮਾਂ ਦਾ ਸੀਰ ਚੰਘਿਆ ਹੈ ਪਰ ਕੋਈ ਦੂਜਾ ਤੁਹਾਡੇ ਭਾਈ ਨੂੰ ਕਿਵੇਂ ਦਬਾਵੇ? ਤੁਹਾਡੇ ਭਾਈ ਦੇ ਸਾਲੇ ਉਹਨੂੰ ਕੱਲਾ ਜਾਣ ਕੇ ਦੂਜੇ ਤੀਜੇ ਦਿਨ ਉਸ ਦੇ ਆ ਦੁਆਲੇ ਹੁੰਦੇ ਨੇ ਉਹਨੂੰ ਮਾਰਦੇ ਕੁੱਟਦੇ ਨੇ। ਜੇਕਰ ਤੁਸੀਂ ਮੇਰੇ ਤੇ ਇਤਬਾਰ ਨਹੀਂ ਕਰਦੇ ਤਾਂ ਬੇਸ਼ਕ ਭਲਕੇ ਆ ਕੇ ਆਪਣੀਆਂ ਅੱਖਾਂ ਨਾਲ ਵੇਖ ਲੈਣਾ....।"
ਭਾਈ ਭਾਵੇਂ ਲੱਖ ਇੱਕ ਦੂਜੇ ਨਾਲ ਵੱਟੇ ਹੋਣ ਪਰ ਆਪਣੇ ਭਰਾ ਦੀ ਬੇ-ਇਜ਼ਤੀ ਨਹੀਂ ਬਰਦਾਸ਼ਤ ਕਰ ਸਕਦੇ। ਉਹਨਾਂ ਦੇ ਮਨ ਵਿੱਚ ਆਪਣੇ ਭਰਾ ਲਈ ਹਮਦਰਦੀ ਜਾਗੀ। ਉਹਨਾਂ ਨੇ ਆਪਣੇ ਭਰਾ ਦੇ ਸਾਲਿਆਂ ਨੂੰ ਪੰਜ ਸੱਤ ਗਾਲ੍ਹਾਂ ਕੱਢ ਕੇ ਆਖਿਆ, "ਅਸੀਂ ਡਾਂਗਾਂ ਲੈ ਕੇ, ਖੇਤ ਵਿੱਚ ਕੱਲ੍ਹ ਨੂੰ ਜ਼ਰੂਰ ਆਵਾਂਗੇ। ਦੇਖਦੇ ਆਂ ਉਹਨੂੰ ਕਿਹੜਾ ਮਾਈ ਦਾ ਲਾਲ ਹੱਥ ਲਾਉਂਦੈ।"
ਦੂਜੀ ਭਲਕ ਜੱਟ ਸਵੇਰੇ ਸਾਜਰੇ ਹੀ ਆਪਣੇ ਕੰਮ ਵਿੱਚ ਰੁਝ ਗਿਆ। ਚੁਗ਼ਲਖ਼ੋਰ ਵੀ ਉਹਦੇ ਨਾਲ ਹੀ ਮਚਲਾ ਬਣ ਕੇ ਕੰਮ ਕਰਵਾਉਂਦਾ ਰਿਹਾ।
ਦਿਨ ਚੜ੍ਹੇ ਜੱਟੀ ਆਪਣੇ ਘਰ ਵਾਲੇ ਅਤੇ ਕਾਮੇ ਦੀ ਰੋਟੀ ਲੈ ਕੇ ਖੇਤ ਵਿੱਚ ਆਈ।
ਜੱਟੀ ਨੂੰ ਵੇਖ ਕੇ ਚੁਗ਼ਲਖ਼ੋਰ ਮਨੋ ਮਨੀ ਹੱਸਿਆ। ਜੱਟੀ ਲੱਸੀ ਦਾ ਝੱਕਰਾ ਅਤੇ ਰੋਟੀਆਂ ਦਾ ਛਿੱਕੂ ਉਹਨਾਂ ਦੇ ਵਿਚਕਾਰ ਰੱਖ ਕੇ ਬੈਠ ਗਈ। ਜੱਟ ਡਰਦਾ ਮਾਰਿਆ ਦੂਰ ਦੂਰ ਜਾਵੇ ਤੇ ਜੱਟੀ ਪਰਤਾਵਾ ਲੈਣ ਦੀ ਮਾਰੀ ਨੇੜੇ ਨੇੜੇ ਹੋਵੇ। ਜਦੋਂ ਜੱਟੀ ਨੇ ਲੱਸੀ ਦਾ ਭਰਿਆ ਛੰਨਾ ਆਪਣੇ ਜੱਟ ਵੱਲ ਵਧਾਇਆ ਤੇ ਅੱਗੋਂ ਜੱਟ ਆਪਣੇ ਹੱਥ ਵਧਾ ਕੇ ਛੰਨਾ ਫੜਨ ਲੱਗਾ ਤਾਂ ਜੱਟੀ ਨੇ ਝੱਟ ਰੋਟੀ ਵਿਚਾਲੇ ਛੱਡ ਕੇ ਉਹਦੀ ਨੰਗੀ ਬਾਂਹ ਵੱਲ ਮੂੰਹ ਵਧਾਇਆ ਤਾਂ ਜੋ ਉਸ ਨੂੰ ਚੱਖ ਕੇ ਵੇਖ ਸਕੇ।
ਜੱਟ ਇੱਕ ਦਮ ਤ੍ਰਬਕ ਗਿਆ, "ਇਹ ਤਾਂ ਸੱਚੀਓਂ ਹਲਕ ਗਈ ਐ" ਆਖਦਿਆਂ ਪਰਾਣੀ ਚੁੱਕ ਕੇ ਜੱਟੀ ਨੂੰ ਮਾਰਨਾ ਸ਼ੁਰੂ ਕਰ ਦਿੱਤਾ।
ਜੱਟੀ ਦੇ ਭਾਈ ਵੀ ਨੇੜੇ ਹੀ ਲੁਕੇ ਬੈਠੇ ਸੀ, ਝੱਟ ਡਾਂਗਾ ਲੈ ਕੇ ਜੱਟ ਦੇ ਆ ਦੁਆਲੇ ਹੋਏ। ਉਹ ਕੁੱਟ ਹੀ ਰਹੇ ਸਨ ਕਿ ਜੱਟ ਦੇ ਭਰਾਵਾਂ ਨੇ ਵੀ ਦੁਰੋਂ ਹੀ ਆ ਲਲਕਾਰਾ ਮਾਰਿਆ, "ਜਾਇਓ ਨਾ ਬਈ-ਅੱਜ ਨਹੀਂ ਜਿਉਂਦੇ ਜਾਣ ਦੇਂਦੇ ਤੁਹਾਨੂੰ। ਤੁਸੀਂ ਵੀ ਸਾਡੇ ਭਰਾ ਨੂੰ ਕੱਲਾ ਤਕਾਇਐ।"
ਬਸ ਫੇਰ ਕੀ ਸੀ। ਦੇ ਡਾਂਗ ਤੇ ਡਾਂਗ: ਸਾਰਿਆਂ ਦੀ ਜਦੋਂ ਬੱਸ ਹੋ ਗੀ। ਪੰਜ ਚਾਰ ਮੂਧੇ ਵੀ ਪੈ ਗਏ ਤਦ ਕਿਤੇ ਜਾ ਕੇ ਅਸਲੀ ਗੱਲ ਦਾ ਪਤਾ ਲੱਗਿਆ-ਇਹ ਤਾਂ ਚੁਗ਼ਲੀ ਦੇ ਕਾਰੇ ਹਨ-ਗੱਲ ਅਸਲ ਵਿੱਚ ਕੁੱਝ ਵੀ ਨਹੀਂ ਸੀ।