ਬਾਤਾਂ ਦੇਸ ਪੰਜਾਬ ਦੀਆਂ/ਘੁੱਗੀ ਤੇ ਜੱਟ

ਘੁੱਗੀ ਤੇ ਜੱਟ

ਇੱਕ ਜੱਟ ਦਾ ਬਾਜਰਾ ਬੀਜਿਆ ਹੋਇਆ ਸੀ। ਘੁੱਗੀ ਹਰ ਰੋਜ਼ ਆਇਆ ਕਰੇ ਤੇ ਜੱਟ ਦਾ ਬਾਜਰਾ ਚੁਗ ਜਾਇਆ ਕਰੇ। ਜੱਟ ਨੇ ਆਪਣੇ ਨਿਆਣੇ ਵੀ ਰਾਖੀ ਬਣਾ ਦਿੱਤੇ ਪਰ ਘੁੱਗੀ ਫੇਰ ਵੀ ਨਾ ਹਟੀ। ਆਖਰ ਇੱਕ ਦਿਨ ਜੱਟ ਨੇ ਘੁੱਗੀ ਨੂੰ ਜਾਲ ਲਾ ਕੇ ਫੜ ਲਿਆ ਤੇ ਉਹਨੂੰ ਕਹਿੰਦਾ, "ਮੈਂ ਤਾਂ ਤੈਨੂੰ ਹੁਣ ਰਾਜੇ ਕੋਲ ਲਜਾਊਂਗਾ।"

ਉਹ ਘੁੱਗੀ ਨੂੰ ਨਾਲ ਲੈ ਕੇ ਰਾਜੇ ਦੀ ਕਚਹਿਰੀ ਵੱਲ ਨੂੰ ਤੁਰ ਪਿਆ। ਰਸਤੇ ਵਿੱਚ ਉਹਨਾਂ ਨੂੰ ਘਾਹੀ ਘਾਹ ਖੋਤਦੇ ਮਿਲ ਪਏ। ਘੁੱਗੀ ਉਹਨਾਂ ਨੂੰ ਵੇਖ ਕੇ ਬੋਲੀ:

ਘਾਹੀਓ ਘਾਹ ਖੋਤਦਿਓ
ਲਕ ਟੁਣੂੰ ਟੁਣੂੰ
ਟਾਹਲੀ ਮੇਰੇ ਬੱਚੜੇ
ਲਕ ਟੁਣੂੰ ਟੁਣੂੰ
ਹਵਾ ਵਗੂ ਡਿਗ ਪੈਣ ਗੇ
ਲਕ ਟੁਣੂੰ ਟੁਣੂੰ
ਧੂਪ ਪਊ ਸੜ ਜਾਣ ਗੇ
ਲਕ ਟੁਣੂੰ ਟੁਣੂੰ
ਮੀੰਹ ਪਉ ਭਿੱਜ ਜਾਣ ਗੇ
ਲਕ ਟੁਣੂੰ ਟੁਣੂੰ

ਘਾਹੀਆਂ ਨੇ ਜੱਟ ਨੂੰ ਆਖਿਆ ਕਿ ਉਹ ਘੁੱਗੀ ਨੂੰ ਛੱਡ ਦੇਵੇ ਪਰ ਜੱਟ ਨਾ ਮੰਨਿਆ ਕਹਿੰਦਾ, "ਮੈਂ ਤਾਂ ਇਹ ਰਾਜੇ ਕੋਲ ਈ ਲਜਾਣੀ ਐਂ। ਇਹਨੇ ਮੇਰਾ ਸਾਰਾ ਬਾਜਰਾ ਚੁੱਗ ਲਿਐ।"

ਅਗਾਂਹ ਗਏ ਉਹਨਾਂ ਨੂੰ ਹਾਲੀ ਹਲ ਚਲਾਉਂਦੇ ਮਿਲ ਪਏ। ਘੁੱਗੀ ਹਾਲੀਆਂ ਨੂੰ ਵੇਖ ਕੇ ਬੋਲੀ:

ਹਾਲੀਓ ਹਲ ਵਗੇਂਦਿਏ
ਲਕ ਟੁਣੂੰ ਟੁਣੂੰ
ਟਾਹਲੀ ਮੇਰੇ ਬੱਚੜੇ
ਲਕ ਟੁਣੂੰ ਟੁਣੂੰ
ਹਵਾ ਵਗੂ ਡਿਗ ਪੈਣ ਗੇ

ਲਕ ਟੁਣੂੰ ਟੁਣੂੰ
ਧੂਪ ਪਊ ਸੜ ਜਾਣ ਗੇ
ਲਕ ਟੁਣੂੰ ਟੁਣੂੰ
ਮੀਂਹ ਪਊ ਭਿੱਜ ਜਾਣ ਗੇ
ਲਕ ਟੁਣੂੰ ਟੁਣੂੰ

ਹਾਲੀਆਂ ਨੇ ਵੀ ਜੱਟ ਨੂੰ ਬਥੇਰਾ ਆਖਿਆ ਕਿ ਉਹ ਘੁੱਗੀ ਨੂੰ ਛੱਡ ਦੇਵੇ। ਉਹਨੇ ਪਹਿਲਾਂ ਵਾਲਾ ਹੀ ਉੱਤਰ ਦਿੱਤਾ, “ਮੈਂ ਤਾਂ ਇਹ ਰਾਜੇ ਕੋਲ ਈ ਲਜਾਣੀ ਐਂ, ਇਹਨੇ ਮੇਰਾ ਸਾਰਾ ਬਾਜਰਾ ਚੁਗ ਲਿਐ।”

ਜੱਟ ਘੁੱਗੀ ਨੂੰ ਲੈ ਕੇ ਰਾਜੇ ਦੀ ਕਚਹਿਰੀ ਵਿੱਚ ਚਲਿਆ ਗਿਆ। ਘੁੱਗੀ ਰਾਜੇ ਪਾਸ ਜਾ ਕੇ ਬੋਲੀ :

ਰਾਜਿਆ ਰਾਜ ਕਰੇਂਦਿਆ
ਲਕ ਟੁਣੂੰ ਟੁਣੂੰ
ਟਾਹਲੀ ਮੇਰੇ ਬੱਚੜੇ
ਲਕ ਟੁਣੂੰ ਟੁਣੂੰ
ਹਵਾ ਵਗੁ ਡਿਗ ਪੈਣਗੇ
ਲਕ ਟੁਣੂੰ ਟੁਣੂੰ
ਧੂਪ ਪਉ ਸੜ ਜਾਣ ਗੇ
ਲਕ ਟੁਣੂੰ ਟੁਣੂੰ
ਮੀਂਹ ਪਊ ਭਿੱਜ ਜਾਣਗੇ
ਲਕ ਟੁਣੂੰ ਟੁਣੂੰ

ਰਾਜੇ ਨੇ ਜੱਟ ਦੀ ਇੱਕ ਨਾ ਸੁਣੀ। ਉਹਨੇ ਸਪਾਹੀਆਂ ਨੂੰ ਕਿਹਾ, "ਲਿਆਓ ਬੇੜੀਆਂ ਤੇ ਝਾਂਜਰਾਂ।"

ਰਾਜੇ ਨੇ ਜੱਟ ਦੇ ਬੇੜੀਆਂ ਪਾ ਦਿੱਤੀਆਂ ਤੇ ਘੁੱਗੀ ਦੇ ਪੈਰਾਂ ਵਿੱਚ ਝਾਂਜਰਾਂ।

ਘੱਗੀ ਝਾਂਜਰਾਂ ਛਣਕਾਉਂਦੀ ਹੋਈ ਹਵਾ ਵਿੱਚ ਉਡਦੀ ਗਾ ਰਹੀ ਸੀ।

ਜੱਟ ਬੇੜੀਆਂ ਬਜਾਵੇ
ਘੁੱਗੀ ਝਾਂਜਰਾਂ ਬਜਾਵੇ