ਬਾਤਾਂ ਦੇਸ ਪੰਜਾਬ ਦੀਆਂ/ਕੀਤੇ ਦਾ ਫਲ
ਕੀਤੇ ਦਾ ਫਲ
ਇੱਕ ਰਾਜਾ ਸੀ। ਉਹਦੀ ਘਰਵਾਲੀ ਮਰ ਗਈ। ਲੋਕ ਉਹਨੂੰ ਕਿਹਾ ਕਰਨ, “ਹੈ ਰਾਜਾ ਤੂੰ ਹੱਥ ਮੂੰਹ ਕਿਉਂ ਫੂਕਦੈ, ਵਿਆਹ ਕਰਾ ਲੈ।”
ਰਾਜੇ ਦੇ ਪਹਿਲੇ ਵਿਆਹ ਤੋਂ ਇੱਕ ਮੁੰਡਾ ਸੀ। ਲੋਕਾਂ ਦੇ ਕਹਿਣ ਤੇ ਰਾਜੇ ਨੇ ਦੂਜਾ ਵਿਆਹ ਕਰਵਾ ਲਿਆ। ਮਤੇਈ ਆ ਗਈ। ਦਿਨ ਪਾ ਕੇ ਉਹਦੇ ਕੁੜੀ ਹੋਈ।
ਰਾਜੇ ਨੇ ਮੁੰਡਾ ਹੁਣ ਬਾਹਰ ਡੰਗਰ ਚਾਰਨ ਲਾ ਦਿੱਤਾ। ਉਹਦੀ ਮਤਰੇਈ ਮਾਂ ਉਹਨੂੰ ਕਦੇ ਰੋਟੀ ਭੇਜ ਦਿਆ ਕਰੇ ਕਦੇ ਨਾ ਭੇਜਿਆ ਕਰੇ। ਉਹ ਭੁੱਖਣ ਭਾਣਾ ਡੰਗਰਾਂ ਮਗਰ ਭੱਜਿਆ ਫਿਰਦਾ ਸੀ। ਇੱਕ ਦਿਨ ਉਹਨੇ ਭੁੱਖੇ ਨੇ ਰੱਬ ਅੱਗੇ ਹੱਥ ਜੋੜੋ, "ਯਾ ਰੱਬਾ ਮੈਨੂੰ ਚੱਕਲੈ ਯਾ ਮੈਨੂੰ ਅੰਨ ਦੇ।"
ਕਰਨੀ ਰੱਬ ਦੀ ਉਪਰੋਂ ਰੋਟੀਆਂ ਦਾ ਥਾਲ ਪਰੋਸਿਆ ਹੋਇਆ ਥੱਲੇ ਆ ਗਿਆ। ਜਿਹੜੀ ਖਾ ਹੋਈ ਉਹਨੇ ਖਾ ਲਈ ਬਾਕੀ ਦੀ ਝਾੜ ਥੱਲੇ ਦੱਬ ਦਿੱਤੀ। ਐਨੇ ਨੂੰ ਉਹਦੀ ਮਤਰੇਈ ਮਾਂ ਦੀ ਕੁੜੀ ਉਹਦੀ ਰੋਟੀ ਲੈ ਕੇ ਆ ਗਈ। ਉਹਨੂੰ ਕਹਿੰਦਾ, “ਭੈਣ ਰੋਟੀ ਕੀ ਕਰਨੀ ਸੀ।" ਫੇਰ ਉਹਨੇ ਕੁੜੀ ਨੂੰ ਇੱਕ ਲੱਡੂ ਦੇ ਦਿੱਤਾ ਤੇ ਆਖਿਆ, “ਭਾਈ ਐਸ ਨੂੰ ਰਾਹ ਵਿੱਚ ਹੀ ਖਾ ਲਈਂ।” ਪਰ ਉਹ ਘਰ ਜਾ ਕੇ ਦੇਹਲੀ ਵਿੱਚ ਖੜ ਕੇ ਖਾਣ ਲੱਗ ਪਈ। ਕੁੜੀ ਦੀ ਮਾਂ ਨੇ ਉਹਨੂੰ ਲੱਡੂ ਖਾਂਦੀ ਨੂੰ ਵੇਖ ਲਿਆ। ਕਹਿੰਦੀ, “ਕਿੱਥੋਂ ਲਿਐ ?"
“ਵੀਰ ਨੇ ਦਿੱਤੈ। ਕੁੜੀ ਨੇ ਦੱਸ ਦਿੱਤਾ।"
ਰਾਣੀ ਫੇਰ ਮਹਿਲਾਂ ਵਿੱਚ ਖਣਪੱਟੀ ਲੈ ਕੇ ਪੈ ਗਈ। ਰਾਜਾ ਆ ਕੇ ਕਹਿੰਦਾ, “ਹੇ ਰਾਣੀ ਮਹਿਲ ਚ ਦੀਵਾ ਨਾ ਬੱਤੀ।"
ਰਾਣੀ ਕਹਿੰਦੀ, “ਦੀਵਾ ਤੇ ਬੱਤੀ ਤਾਂ ਲਾਊਂਗੀ ਪਹਿਲਾਂ ਆਪਣੇ ਪੁੱਤ ਦੀ ਰੁੱਤ ਪਲਾ।
ਰਾਜਾ ਕੁੜੀ ਨੂੰ ਕਹਿੰਦਾ, “ਭਾਈ ਜਾ ਆਪਣੇ ਭਰਾ ਨੂੰ ਸੱਦ ਕੇ ਲਿਆ। ਮੁੰਡਾ ਆ ਕੇ ਕਹਿੰਦਾ, ਹੇ ਪਿਤਾ ਜੀ ਕੀ ਗੱਲ ਐ।
ਰਾਜਾ ਕਹਿੰਦਾ, “ਗੱਲ ਗੁਲ ਤਾਂ ਕੋਈ ਨੀ ਦੇਹਲੀ ਤੇ ਗਾਟਾ ਧਰ ਲੈ।
ਉਹਨੇ ਧਰ ਲਿਆ। ਰਾਜੇ ਨੇ ਉਹਦਾ ਗਲ ਵੱਢ ਦਿੱਤਾ। ਰਾਣੀ ਨੇ ਰੱਤ ਪੀਤੀ ਤੇ ਕੁੜੀ ਵੀ ਰੋਣ ਲੱਗ ਪਈ।ਉਹਨਾਂ ਨੇ ਕੁੜੀ ਖਾਤਰ ਕੁਝ ਰੱਤ ਗੁਲਾਸੀ ਵਿੱਚ ਪਾ ਕੇ ਰੱਖ ਦਿੱਤੀ। ਉਹਨੇ ਪੀਤੀ ਨਾ। ਰਾਤ ਪੈ ਗਈ ਤੜਕਿਓਂ ਗਲਾਸੀ ਵਾਲੀ ਰੱਤ ਵਿੱਚੋਂ ਉਹ ਤੋਤਾ ਬਣ ਕੇ ਉਡ ਗਿਆ ਤੇ ਜਾ ਕੇ ਤਰਖਾਣਾਂ ਦੇ ਕੋਠੇ ਤੇ ਬਹਿ ਗਿਆ। ਕਹਿੰਦਾ :
ਮਾਂ ਸੀ ਰਾਣੀ
ਬਾਪ ਸੀ ਰਾਜਾ
ਭੈਣ ਭਾਈ ਲੋਚੇ
ਮੈਂ ਸਮਝਿਆ ਹੋਤਾ
ਉਥੋਂ ਉਡ ਕੇ ਦਰਵਾਜੇ ਜਾ ਕੇ ਬੋਲਿਆ-
ਮਾਂ ਸੀ ਰਾਣੀ
ਬਾਪ ਸੀ ਰਾਜਾ
ਭੈਣ ਭਾਈ ਲੋਚੇ
ਮੈਂ ਸਮਝਿਆ ਹੋਤਾ
ਲੋਕ ਕਹਿੰਦੇ, “ਦੁਬਾਰਾ ਫੇਰ ਆਖ` ਤੋਤਾ ਕਹਿੰਦਾ, “ਮੈਂ ਤਾਂ ਆਖੂੰਗਾ ਜੇ ਰਾਜਾ ਮੇਰੇ ਵੱਲ ਉੱਪਰ ਨੂੰ ਵੇਖੇ।"
ਜਦ ਰਾਜੇ ਨੇ ਉੱਪਰ ਨੂੰ ਵੇਖਿਆ ਤਾਂ ਉਸ ਨੇ ਝੜਪ ਮਾਰ ਕੇ ਰਾਜੇ ਦੀਆਂ ਅੱਖਾਂ ਕੱਢ ਦਿੱਤੀਆਂ। ਫੇਰ ਜਾ ਕੇ ਰਾਣੀ ਦੀਆਂ ਵੀ ਇਸੇ ਤਰ੍ਹਾਂ ਬੋਲ ਕੇ ਅੱਖਾਂ ਕੱਢ ਦਿੱਤੀਆਂ।