ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮਰ ਰਸ

ਸੁਹਣੇ ਹੱਥ ਸੁਰਾਹੀ ਪਿਆਲਾ
ਦੇਖ ਦੁਖੀ ਖੁਸ਼ ਹੋਈ,
ਖੁਸ਼ ਹੋਈ ਮੁਖ ਦੇਖ ਸਜਨ ਦਾ
ਦੇਖ ਸੁਰਾਹੀ ਰੋਈ।
ਰੋਂਦੀ ਵੇਖ ਸਜਨ ਹੱਸ ਆਖੇ,-
'ਕਉੜੀ ਸ਼੍ਰਾਬ ਨ ਲਯਾਯਾ,-
'ਅੰਮ੍ਰਿਤ ਏਸ ਸੁਰਾਹੀ ਭਰਿਆ,
'ਪੀਏ ਤੇ ਜੀਵੇ ਮੋਈ'।।੧੦।।
ਦਿਹ ਇਕ ਬੂੰਦ ਸੁਰਾਹੀਓਂ ਸਾਨੂੰ
ਸੋਚ ਸਮੁੰਦਰ ਬੋੜੇ,
ਬੇਖ਼ੁਦੀਆਂ ਦੇ ਚਾੜ੍ਹ ਅਰਸ਼ ਤੇ
ਆਸ ਅੰਦੇਸੇ ਤੋੜੇ,
ਰੰਗ ਸੁਹਾਵੇ ਤੇ ਨੌਰੰਗੀ
ਪੀਂਘ ਘੁਕੇ ਆਨੰਦੀ,
ਆਣ ਹੁਲਾਰੇ ਅਮਰ ਸੁਖਾਂ ਦੇ,
ਮੁੜਨ ਨ;-ਐਸਾ ਜੋੜੇ ।।੧੧।।