ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਉਂਕਿ ਡਾਕਟਰ ਨੇ ਸਰੀਰਾਂ ਦਾ ਵਟਾਂਦਰਾ ਤਾਂ ਕਰ ਲਿਆ ਹੋਇਆ ਹੈ ਪਰ ਸੋਚ ਵਿਚਾਰ ਦੀ ਅਦਲ ਬਦਲ ਨਹੀਂ ਕੀਤੀ । ਹੁਣ ਉਹ ਚੀਫ ਮਨਿਸਟਰ ਦਾ ਕੰਮ ਨਹੀਂ ਕਰ ਸਕੇਗਾ ਕਿਉਂਕਿ ਚੀਫ ਮਨਿਸਟਰ ਦੇ ਅਸਲੀ ਸਰੀਰ ਦੀ ਸੋਚ ਵਿਚਾਰ ਸ਼ਕਤੀ ਉਸ ਵਿਚ ਨਹੀਂ ਗਈ, ਏਸ ਲਈ ਉਹ ਸਾਰੇ ਕੰਮ ਜੋ ਮੈਂ ਅਰੰਭ ਕੀਤੇ ਸਨ ਸਿਰੇ ਨਹੀਂ ਚਾੜ੍ਹ ਸਕੇਗਾ । ਏਧਰ ਭਾਵੇਂ ਮੈਂ ਡਾਕਟਰ ਦਾ ਸਰੀਰ ਧਾਰਨ ਕਰ ਲਿਆ ਹੋਇਆ ਹੈ ਪਰ ਡਾਕਟਰ ਦੀ ਬੁਧੀ ਤੇ ਨੁਸਖੇ ਤੇ ਖੋਜ ਆਦਿ ਮੈਂ ਨਹੀਂ ਲਿਖ ਜਾਂ ਕਰ ਸਕਦਾ ! ਹਾਂ ਸੋਚ ਵਿਚਾਰ ਆਪਣੀ ਚੰਗੀ ਹੋਣ ਕਰਕੇ ਮੈਂ ਕਿਤਾਬਾਂ ਆਦਿ ਪੜ੍ਹ ਕੇ ਕੁਝ ਕਰ ਸਕਾਂ ਤਾਂ ਵਖਰੀ ਗਲ ਹੈ ।"

"ਪਰ ਹਾਂ ਡਾਕਟਰ ਬੜਾ ਚਾਲਬਾਜ਼ - ਤੇ ਚਾਲਾਕ ਜਾਪਦਾ ਹੈ। ਉਹਨੇ ਜਾਣ ਬੁਝ ਕੇ ਮੈਨੂੰ ਥੋੜੀ ਦੁਆਈ ਪਾਗਲ ਕਰਨ ਲਈ ਹੀ ਪਿਆਈ ਹੋਵੇ ਕਿਉਂਕਿ ਜੇ ਮੈਂ ਸਰੀਰ ਦੇ ਵਟਾਂਦਰੇ ਦੇ ਨਾਲ ਆਪਣੀ ਸੋਚ ਵਿਚਾਰ ਵੀ ਭੁਲ ਜਾਂਦਾ ਤਾਂ ਮੈਨੂੰ ਪਾਗਲ ਕਿਸੇ ਨੇ ਨਹੀਂ ਸੀ ਕਹਿਣਾ । ਹੁਣ ਮੈਂ ਆਪਣੇ ਆਪ ਨੂੰ ਚੀਫ ਮਨਿਸਟਰ ਕਹਿੰਦਾ ਹਾਂ ਪਰ ਮੇਰਾ ਸਰੀਰ ਡਾਕਟਰ ਵਰਗਾ ਹੈ, ਏਸ ਕਰਕੇ ਸਾਰੇ ਮੈਨੂੰ ਪਾਗਲ ਸਮਝਦੇ ਹਨ | ਇਹ ਕਿਸੇ ਨੇ ਨਹੀਂ ਪੁਛ ਕਰਨੀ ਕਿ ਅਸਲੀ ਚੀਫ ਮਨਿਸਟਰ ਨੂੰ ਕੀ ਹੋ ਗਿਆ ਹੈ । ਭਾਵੇਂ ਡਾਕਟਰ ਮੇਰਾ ਚੀਫ ਮਨਿਸਟਰ ਵਾਲਾ ਸਰੀਰ ਧਾਰਨ ਕਰਕੇ ਕਿਨੀਆਂ ਵੀ ਭੁਲਾਂ ਪਿਆ ਕਰਦਾ ਰਹੇ ਇਹ ਵੀ ਹੋ ਸਕਦਾ ਹੈ ਕਿ ਡਾਕਟਰ ਨੇ ਆਪ ਦੁਆਈ ਬਹੁਤੀ ਖਾ ਲਈ ਹੋਵੇ ਪਰ ਫੇਰ ਵੀ ਮੇਰੇ ਵਿਚਾਰ ਤਾਂ ਮੇਰੇ ਕੋਲ ਹੀ, ਜਿਨਾਂ ਚਿਰ ਮੈਂ ਜਿਉਂਦਾ ਹਾਂ, ਰਹਿਣਗੇ ਤਾਂ ਉਹ ਆਪਣੇ ਵਿਚਾਰ ਡਾਕਟਰੀ ਵਾਲੇ ਸਾਰੇ ਬਹੁਤੀ ਦੁਆਈ ਪੀਣ ਨਾਲ ਭੁਲ ਗਿਆ ਹੋਵੇਗਾ ! ਪਰ


੯੮