ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਂ, ਉਸ ਮਰਨ ਵਾਲੀ ਬੁਢੀ ਨੇ ਮੈਨੂੰ ਦਸਿਆ ਸੀ ਕਿ ਪਹਿਲੇ ਪਹਿਲ ਇਹ ਘਰ, ਜਦੋਂ ਨਵੀਂ ਵਿਆਹੀ ਆਈ ਸੀ ਤਾਂ ਕਿਰਾਏ ਤੇ ਲੈ ਕੇ ਰਹੀ ਸੀ ਤੇ ਏਸ ਗੱਲ ਨੂੰ ਕੋਈ ਚਾਲੀ ਕੁ ਵਰੇ ਹੋਏ ਹਨ। ਅਸਲ ਵਿਚ ਮੈਂ ਆਪਣੀ ਆਯੂ ਦਾ ਬਹੁਤਾ ਸਮਾਂ ਅਫ਼ਰੀਕਾ ਵਿਚ ਠੇਕੇਦਾਰੀ ਕਰਦਾ ਰਿਹਾ ਹਾਂ। ਮੈਂ ਤੇ ਕੇਵਲ ਪਿਛਲੇ ਵਰੇ ਹੀ ਉਥੋਂ ਮੁੜਿਆ ਹਾਂ । ਇਹ ਘਰ ਮੇਰੇ ਚਾਚੇ ਦਾ ਸੀ ਅਤੇ ਉਹਦੇ ਕੋਈ ਸੰਤਾਨ ਨਹੀਂ ਸੀ । ਉਹ ਦੇ ਮਰਨ ਦੇ ਬਾਹਦ ਮੈਨੂੰ ਹੀ ਏਹਦੀ ਵੇਖ ਭਾਲ ਕਰਨੀ ਪੈਂਦੀ ਹੈ । ਮੈਂ ਵੇਖਿਆ ਸੀ ਕਿ ਘਰ ਦਾ ਬੂਹਾ ਬਹੁਤੇ ਸਮੇਂ ਤਕ ਬੰਦ ਰਹਿਣ ਕਰਕੇ ਅੰਦਰੋਂ ਦੁਰਗੰਧ , ਆਉਂਦੀ ਸੀ । ਏਸ ਲਈ ਕੁਝ , ਖਰਚਾ ਕਰਕੇ ਸਫ਼ਾਈ ਕਰਾਈ ਤੇ ਨਵਾਂ ਫ਼ਰਨੀਚਰ ਰਖ ਕੇ ਕਿਰਾਏ ਲਈ ਅਖਬਾਰਾਂ ਵਿਚ ਛਪਵਾ ਦਿਤਾ | ਇਕ ਫੌਜੀ ਰੀਟਾਇਰਡ ਕਰਨੈਲ ਨੇ ਇਹਨੂੰ ਇਕ ਵਰੇ ਲਈ ਕਿਰਾਏ ਤੇ ਲੈ ਲਿਆ । ਉਹ ਆਪਣੀ ਸੁਪਤਨੀ, ਮੁੰਡੇ ਕੁੜੀ ਤੇ ਤਿੰਨ ਚਾਰ ਨੌਕਰ ਲੈ ਕੇ ਰਹਿਣ ਲਈ ਆਇਆ, ਪਰ ਇਕ ਰਾਤ ਹੀ ਰਹਿ ਕੇ ਦੂਜੇ ਦਿਨ ਖਾਲੀ ਕਰਕੇ ਚਲਾ ਗਿਆ । ਫੇਰ ਮੈਂ ਉਸ ਬੁਢੀ ਨੂੰ ਨੌਕਰ ਰਖਿਆ ਤੇ ਘਰ ਦੇ ਅੱਡ ਅੱਡ ਕਮਰੇ ਕਿਰਾਏ ਤੇ ਦੇਣ ਦਾ ਪ੍ਰਬੰਧ ਕੀਤਾ । ਪਰ ਕੋਈ ਵੀ ਕਿਰਾਏਦਾਰ ਦੋ ਦਿਨ ਤੋਂ ਵੱਧ ਨਹੀਂ ਸੀ ਰਹਿੰਦਾ। ਮੈਂ ਉਹਨਾਂ ਸਾਰਿਆਂ ਕਿਰਾਏਦਾਰਾਂ ਦੀਆਂ ਹੱਡ-ਬੀਤੀਆਂ, ਜੋ ਉਹਨਾਂ ਨਾਲ ਏਸ ਘਰ ਵਿਚ ਬੀਤੀਆਂ ਸਨ, ਦੱਸ ਕੇ ਆਪ ਜੀ ਦਾ ਸਮਾਂ ਐਵੇਂ ਨਹੀਂ ਗੁਆਉਣਾ ਚਾਹੁੰਦਾ, ਪਰ ਉਹਨਾਂ ਵਿਚੋਂ ਕਿਸੇ ਦੋ ਨੂੰ ਇਕ ਹੀ ਭਾਂਤ ਦੇ ਸਾਕੇ ਨਹੀਂ ਸੀ ਹੋਏ| ਇਹ ਮੈਂ ਤੁਹਾਡੇ ਆਪਣੇ ਆਪ ਤੇ ਛਡਦਾ ਹਾਂ ਕਿ ਤੁਸੀਂ ਕੋਈ ਸੁਣੀ ਸੁਣਾਈ ਗੱਲ ਲੈ ਕੇ ਉਸ ਘਰ ਨਾ ਜਾਉ ਸਗੋਂ ਆਪ ਆਪਣੀ ਅੱਖੀ ਜਾ ਕੇ ਵੇਖੋ ਕਿ ਉਥੇ ਕੀ ਹੁੰਦਾ ਹੈ।'

੧੪