ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕੋਈ ਦੋ ਕੁ ਮਹੀਨੇ ਬਾਦ ਇਕ ਦਿਨ ਮੈਂ ਤੇ ਸਰਦਾਰ ਜਗਤ ਸਿੰਘ ਜੀ ਹੋਰਾਂ ਦੇ ਕੋਲ ੪੨੦ ਚਾਵੜੀ ਬਾਜ਼ਾਰ ਵਾਲੇ ਕਹੇ ਜਾ ਰਹੇ ਭੂਤਾਂ ਵਾਲੇ ਘਰ ਖਲੋਤਾ ਗਲਾਂ ਕਹੇ ਰਿਹਾ ਸਾਂ ਅਤੇ ਆਪਣੇ ਵਲੋਂ ਉਧਾਰਣਾਂ ਦੇ ਕੇ ਸਮਝਾ ਰਿਹਾ ਸਾਂ ਕਿ ਕਿਦਾਂ ਅਸਾਂ ਜੰਤ੍ਰ ਮੰਤ੍ਰ ਦਾ ਸੰਬੰਧ ਤੋੜ ਕੇ ਉਸ ਸ਼ਕਤੀ ਦੇ ਕਰਤਾ ਨੂੰ ਨਿਰਬਲ ਕਰ ਦਿਤਾ ਹੈ ਤਾਂ ਕਿ ਉਹ ਆਪਣੀ ਸ਼ਕਤੀ ਦੇ ਕਰਤੱਵ ਵਿਖਾ ਹੀ ਨਾ ਸਕੇ ।

ਸ: ਜਗਤ ਸਿੰਘ ਜੀ ਹੋਰਾਂ ਨੇ ਮੇਰੇ ਕੋਲੋਂ ਪੁੱਛ ਕੀਤੀ ਕਿ "ਕੀ ਮੈਸਮੇਰਿਜ਼ਮ ਜਾਂ ਕੋਈ ਹੋਰ ਗੁਪਤ ਸ਼ਕਤੀ ਮਨੁਖੀ ਜੀਵ ਤੋਂ ਬਗੈਰ ਵੀ ਏਹੋ ਜਹੀਆਂ ਖੇਡਾਂ ਕਰਾ ਸਕਦੀ ਹੈ ਅਤੇ ਖਾਸ ਕਰਕੇ ਜਦੋਂ ਉਹ ਆਪ ਮਰ ਗਿਆ ਹੋਵੇ ਤਾਂ ਕੀ ਇਹ ਖੇਡਾਂ ਉਸੇ ਤਰਾਂ ਹੀ ਹੁੰਦੀਆਂ ਰਹਿ ਸਕਦੀਆਂ ਹਨ । ਜੇ ਸਵੀਕਾਰ ਕਰ ਲਈਏ ਕਿ ਇਹ ਜੰਤ੍ਰ ਮੰਤ੍ਰ ਦੀ ਸ਼ਕਤੀ ਸੀ ਤਾਂ ਕੀ ਇਹ ਹੋ ਸਕਦਾ ਹੈ ਕਿ ਜਿਸ ਜੰਤ੍ਰ ਮੰਤ੍ਰ ਬਣੇ ਨੂੰ ਦੋ ਤਿੰਨ ਸੌ ਵਰੇ ਹੋ ਚੁਕੇ ਹਨ; ਦੂਜੇ ਜੰਤ੍ਰ ਮੰਤ੍ਰ ਕਰਨ ਵਾਲੇ ਨੂੰ ਵੀ ਮਰਿਆਂ ਏਨਾਂ ਕੁ ਹੀ ਸਮਾਂ ਹੋ ਚੁਕਾ ਹੈ ਤੀਜੇ ਏਸ ਕਮਰੇ ਨੂੰ ਬੰਦ ਹੋਇਆਂ ਵੀ ੪੦-੫੦ ਵਰੇ ਹੋ ਚੁਕੇ ਹਨ । ਤਾਂ ਕੀ ਏਹਨਾਂ ਹਾਲਤਾਂ ਵਿਚ ਜੰਤ੍ਰ ਮੰਤ੍ਰ ਦੀ ਸ਼ਕਤੀ ਦਾ ਅਸਰ ਉਸੇ ਤਰ੍ਹਾਂ ਜਿਦਾਂ ਅਰੰਭ ਹੋਇਆ ਸੀ ਉਦਾਂ ਹੀ ਇਕਤਾਰ ਰਹਿ ਸਕਦਾ ਹੈ ਅਤੇ ਕੀ ਜੰਤ੍ਰ ਮੰਤ੍ਰ ਬਗੈਰ ਕਿਸੇ ਦੇ ਆਸਰੇ ਦੇ ਆਪਣੇ ਆਪ ਹੀ ਹੁੰਦਾ ਰਹਿੰਦਾ ਹੈ ?

੬੬