ਇਹ ਸਫ਼ਾ ਪ੍ਰਮਾਣਿਤ ਹੈ

ਇਸ ਤਵਾਰੀਖ਼ੀ ਚਿੱਠੀ ਦਾ ਭਾਖਾਸੰਜਮ ਪਰੇਸ਼ਾਨ ਕਰਨ ਵਾਲ਼ਾ ਹੈ। ਕੁੱਲ ਛੇ ਫ਼ਿਕਰੇ। ਕੋਠੀ ਲੱਗੇ ਬੰਦੇ ਨੇ ਪਾਏ ਵੀ ਤਾਂ ਚਾਰ ਅੱਖਰ ਪਾਏ। ਏਨੇ ਹੀ ਬਹੁਤ ਨੇ। ਇਹ ਚਾਰ ਅੱਖਰ ਭਗਤ ਸਿੰਘ ਦੇ ਲਿਖੇ ਹਜ਼ਾਰਾਂ ਅੱਖਰਾਂ ਦੇ ਤੁੱਲ ਹਨ। ਹਰਨਾਮ ਚੰਦ ਨੂੰ ਸ਼ੁਹਰਤ ਦੀ ਕੋਈ ਲਿਲ੍ਹ ਨਹੀਂ ਸੀ। ਇਹਦੇ ਲਿਖੇ ਵਿਚ ਕਿੰਨਾ ਕੁਝ ਅਣਲਿਖਿਆ ਹੈ। ਇਸ ਚਿੱਠੀ ਦੇ ਨਾਲ਼ ਉਹਦੇ ਘਰਦਿਆਂ ਦੇ ਸੀਨੇ ਨਾਲ਼ ਲਾ ਕੇ ਰੱਖੀ ਤਸਵੀਰ ਹੈ। ਇਹ ਤਸਵੀਰ ਤਾਂ ਅਸਲੋਂ ਹੀ ਚੁੱਪ ਹੈ। ਆਓ, ਇਹਦੀਆਂ ਗੱਲਾਂ ਕਰੀਏ।

ਜ੍ਹੌਨ ਬਰਜਰ ਨੇ ਕਿਤੇ ਲਿਖਿਆ ਹੈ: ਵਿਛੁੰਨੇ ਪਿਆਰ ਦੀ ਤਸਵੀਰ ਠੀਕਰੀਆਂ ਜੋੜ-ਜੋੜ ਬਣਾਇਆ ਭਾਂਡਾ ਹੁੰਦੀ ਹੈ।

ਹਰਨਾਮ ਚੰਦ ਦੀ ਇਹ ਥ੍ਰੀਪੀਸ ਸੂਟ ਪਾ ਕੇ ਚੋਪੜੇ ਬੋਦਿਆਂ ਵਾਲ਼ੀ ਖਿਚਵਾਈ ਤਸਵੀਰ ਮੁੱਢੋਂ ਹੀ ਵਿਛੋੜੇ ਦੀ ਸਨਦ ਹੈ; ਦੇਸ ਦੁਆਬਾ ਛੱਡ ਕੇ ਗਏ ਬੰਦੇ ਦੇ ਵਿਛੋੜੇ ਦੀ। ਲੋਕਗੀਤ ਵਿਚ ਸੁਆਣੀ ਕਹਿੰਦੀ ਹੈ- ਸ਼ਾਮਾ 'ਸ਼ਿਆਰਪੁਰ ਸੁਣੀਂਦਾ ਦੂਰ, ਬਛੋੜਾ ਨਾ ਪਾਈਓ...। ਮਿਰਕਣ ਤਾਂ ਹੁਸ਼ਿਆਰਪੁਰੋਂ ਬਹੁਤ ਹੀ ਦੂਰ ਹੈ। ਮੇਰੇ ਅੱਗੇ ਪਈ ਅਸਲ ਤਸਵੀਰ ਦੀ ਸਾਲ-ਕੁ ਪਹਿਲਾਂ ਦੀ ਪੁਰਾਣੀ ਪੈ ਰਹੀ ਨਕਲ ਹੈ। ਜ਼ਖਮ ਬੜਬੋਲਾ ਸ਼ਬਦ ਹੈ। ਘਰਦਿਆਂ ਕੋਲ਼ ਪਈ ਅਸਲ ਫ਼ੋਟੋ ਦਾ ਕੀ ਹਾਲ ਹੋਵੇਗਾ? ਉਹਨੂੰ ਕਿੰਨੇ ਹੱਥ ਛੂਹ ਚੁੱਕੇ ਹੋਣਗੇ। ਉਹਨੂੰ ਸਭ ਤੋਂ ਪਹਿਲਾਂ ਫ਼ੋਟੋਗਰਾਫ਼ਰ ਦੇ ਹੱਥ ਲਗੇ ਹੋਣਗੇ; ਫੇਰ ਹਰਨਾਮ ਚੰਦ ਦੇ; ਫੇਰ...। ਪੁਰਾਣੀ ਤਸਵੀਰ ਦਾ ਰੰਗ- ਕਾਲ਼ਾ ਮੈਲ਼ਾ ਗੁਲਾਬੀ ਜ਼ਰਦ- ਭਰਦੇ ਜ਼ਖ਼ਮ ਦੀ ਚਮੜੀ ਵਾਂਙ ਲਿਸ਼ਕਣ ਲਗਦਾ ਹੈ। ਇਹ ਏਨਾ ਅੱਲਾ ਹੁੰਦਾ ਹੈ ਕਿ ਇਹਨੂੰ ਨਿਰੀ ਤੱਕਣੀ ਨਾਲ਼ ਹੀ ਛੁਹਿਆ ਜਾ ਸਕਦਾ ਹੈ। ਪੀੜ ਭੁੱਲ ਜਾਂਦੀ ਹੈ; ਫੱਟ ਦਾ ਨਿਸ਼ਾਨ ਦੁੱਖ ਦਿੰਦਾ ਰਹਿੰਦਾ ਹੈ। ਫੇਰ ਸੋਚਾਂ ਵਿਚ ਪਿਆ ਚਿੱਬ ਹੀ ਬਾਕੀ ਰਹਿ ਜਾਂਦਾ ਹੈ। ਇਤਿਹਾਸ ਚ ਵਾਪਰੇ ਵੱਡੇ-ਵੱਡੇ ਸਾਕਿਆਂ ਦਾ ਸੇਕ ਘਟਦਾ-ਘਟਦਾ ਇੰਜ ਹੀ ਮੁੱਕ ਜਾਂਦਾ ਹੈ। ਅਪਣੇ ਆਪ ਨੂੰ ਧਰਵਾਸ ਦੇਣ ਲਈ ਅਸੀਂ ਉਨ੍ਹਾਂ ਨੂੰ ਔਖੇ ਵੇਲੇ ਧਿਆਉਂਦੇ ਹਾਂ।

ਵੀਹਵੀਂ ਸਦੀ ਦੇ ਸ਼ੁਰੂ ਦੀ ਕਿਸੇ ਵੀ ਤਸਵੀਰ ਵਿਚ ਕੋਈ ਵੀ ਪੰਜਾਬੀ ਖ਼ੁਸ਼ ਨਜ਼ਰ ਨਹੀਂ ਆਉਂਦਾ; ਭਾਵੇਂ ਫ਼ਰੰਗੀਆਂ ਦਾ ਫ਼ੌਜੀ ਹੋਵੇ ਜਾਂ ਪਰਦੇਸੀਂ ਕਮਾਈ ਕਰਨ ਗਿਆ ਕਾਮਾ- ਨੀਉਯੌਰਕ ਦੇ ਐਲਿਸ ਆਈਲੈਂਡ ਦੇ ਮਾਈਗਰੇਸ਼ਨ ਮੀਉਜ਼ਮ ਵਿਚ ਲੱਗੀ ਤਸਵੀਰ ਵਿਚਲੇ ਬਾਰਾਂ ਸਿੰਘ; ਵੈਨਕੂਵਰ ਦੀ ਵੱਡੀ ਲਾਇਬ੍ਰੇਰੀ ਵਿਚ ਡੁੱਬੇ ਚ ਬੰਦ ਪਈਆਂ ਤਸਵੀਰਾਂ ਵਿਚਲੇ ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫ਼ਿਰ; ਲੰਦਨ ਦੇ ਇੰਪੀਰੀਅਲ ਵਾਰ ਮਿਉਜ਼ੀਅਮ ਦੀ ਲਾਇਬ੍ਰੇਰੀ ਵਿਚ ਸੰਨ 1914 ਵਿਚ ਬੰਬਈ ਵਿਚ ਲਾਮ 'ਤੇ ਚੱਲੇ ਫ਼ੌਜੀਆਂ ਨਾਲ਼ ਭਰੇ ਜਹਾਜ਼ ਦੀ ਤਸਵੀਰ। ਹਰ ਕੋਈ ਚੁੱਪ-ਗੜੁੱਪ ਡੁੰਨਵੱਟਾ ਦਿਸਦਾ ਹੈ; ਪਹੁੰਚਿਆ-ਹੋਇਆ ਫੈਲਸੂਫ, ਜੋ ਆਖਦਾ ਹੈ- ਖ਼ੁਸ਼ ਹੋਣ ਵਾਲ਼ੀ ਕਿਹੜੀ ਗੱਲ ਹੈ? - ਹਰਨਾਮ ਚੰਦ ਨੂੰ ਕਾਹਦਾ ਗ਼ਮ ਹੈ? ਇਹਦੀ ਤਸਵੀਰ ਨੂੰ ਸਾਡੇ ਤਾਈਂ ਅਪੜਦਿਆਂ ਪੂਰੀ ਸਦੀ ਲਗ ਗਈ। ਏਨਾ ਪੰਧ ਕਰ ਕੇ ਆਈ ਇਸ ਮੂਰਤ ਨੇ ਬੜੇ ਰੰਗ ਦੇਖੇ ਹਨ। ਇਸ ਵਿਚ ਉਨ੍ਹੀਵੀਂ ਸਦੀ ਦਾ ਪੰਜਾਬੀ ਬੈਠਾ ਹੈ, ਜਿਵੇਂ ਅੱਜ ਇੱਕੀਵੀਂ ਸਦੀ ਵਿਚ ਵੀ ਆਪਾਂ ਵੀਹਵੀਂ ਸਦੀ ਦੇ ਜੀਅ ਹਾਂ।

36