ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/86

ਪੰਜਾਬੀ ਮਾਨਸਿਕਤਾ ਬਹੁਧਾਰਮਿਕ ਹੈ। ਇਸ ਲਈ ਇਹਦਾ ਮਾਨਵੀ ਤੱਤ ਬਾਕੀ ਕੌਮਾਂ ਨਾਲ਼ੋਂ ਮਜ਼ਬੂਤ ਹੈ। ਪਰ ਸੰਕਟ ਵੇਲੇ ਇਹ ਤੱਤ ਦਬ ਜਾਂਦਾ ਹੈ। ਸੂਫ਼ੀ ਕਵੀ ਵੀ ਅਪਣੇ ਵੇਲੇ ਦੀ ਹਕੂਮਤ ਦੀ ਧਾਰਮਿਕ ਕੱਟੜਪ੍ਰਸਤੀ ਤੇ ਮੁਲਾਣਿਆਂ ਤੋਂ ਨਾਬਰ ਸਨ, ਪਰ ਉਨ੍ਹਾਂ ਨੂੰ ਇਸਲਾਮ ਦੇ ਘੇਰੇ ਚ ਹੀ ਰਖਿਆ ਜਾਂਦਾ ਹੈ। ਪਾਕਿਸਤਾਨ ਬਣਨ ਮਗਰੋਂ ਓਥੇ ਸਿਰਫ਼ ਸੂਫ਼ੀਬਾਣੀ ਦਾ ਹੀ ਜ਼ਿਕਰ ਹੁੰਦਾ ਹੈ, ਗੁਰਬਾਣੀ ਦਾ ਨਹੀਂ। ਸਿੱਖ ਧਰਮ ਦੇ ਸ਼ੁਰੂ ਹੋਣ ਤੋਂ ਲੈ ਕੇ ਅੰਗਰੇਜ਼ ਸਾਮਰਾਜ ਵਿਰੁਧ ਚੱਲੀ ਇਨਕਲਾਬੀ ਲਹਿਰ ਵਿਚ ਸਿੱਖ ਪੇਸ਼ ਪੇਸ਼ ਰਹੇ। ਸੰਨ ਸੰਤਾਲੀ ਮਗਰੋਂ ਪੰਜਾਬੀ ਮੁਸਲਮਾਨਾਂ ਦੀ ਬਹੁਗਿਣਤੀ ਦੇ ਹਿਸਾਬ ਪੰਜਾਬ ਦਾ ਵੱਡਾ ਰਕਬਾ (60 ਫ਼ੀਸਦੀ) ਪਾਕਿਸਤਾਨ ਵਿਚ ਚਲੇ ਜਾਣ ਕਰਕੇ ਇਸ ਪਿੱਛੋਂ ਜੰਮੀ ਤੇ ਪਰਵਾਨ ਚੜ੍ਹੀ ਪੀੜ੍ਹੀ ਉੱਤੇ ਇਸਲਾਮ ਦਾ ਅਸਰ ਨਹੀਂ ਪਿਆ। ਤੇ ਇਹ ਵੀ ਸਾਨੂੰ ਪਤਾ ਹੈ ਕਿ ਪੰਜਾਬੀ ਬੋਲੀ ਤੇ ਸਾਹਿਤ ਦੀ ਬਹੁਤੀ ਚਿੰਤਾ ਸਿੱਖ ਮਾਰਕਸਵਾਦੀਆਂ ਨੂੰ ਹੀ ਰਹੀ ਹੈ। ਇਹ ਗੱਲ ਬਹਿਸਤਲਬ ਹੈ ਕਿ ਸਾਹਿਤ ਵਿਚ ਧਾਰਮਿਕ ਰੀਤ ਤੇ ਵਿਰਸੇ ਦੀ ਵਰਤੋਂ ਕਿਥੋਂ ਤਕ ਜਾਇਜ਼ ਹੈ, ਜਦ ਕਿ ਪੂਰਬੀ ਪੰਜਾਬ ਵਿਚ ਸਿਰਫ਼ ਸਿੱਖ ਹੀ ਨਹੀਂ ਵਸਦੇ।

ਸਿੱਖੀ ਵਿਰਸੇ ਨੂੰ ਫ਼ਲਸਫ਼ੇ ਵਜੋਂ ਨਕਸਲੀ ਕਵਿਤਾ ਵਿਚ ਦਰਸ਼ਨ ਖਟਕੜ ਨੇ ਅਪਣੀ ਪਹਿਲੀ ਮਿਸਾਲੀ ਕਵਿਤਾ ਵਿਚ ਪੇਸ਼ ਕੀਤਾ ਸੀ, ਜਦ ਇਹਨੇ ਗੁਰੂ ਗੋਬਿੰਦ ਸਿੰਘ ਤੋਂ ਥਾਪੀ ਲੈ ਕੇ ਸ਼ਹੀਦ ਦੀਪ ਸਿੰਘ ਨੂੰ ‘ਅਪਣਾ ਯਾਰ’ ਆਖ ਕੇ ਸਿਰ ਤਲੀ 'ਤੇ ਟਿਕਾਣ ਦਾ ਵੱਲ ਪੁੱਛਿਆ ਸੀ:

ਗੋਬਿੰਦ ਸਿੰਘ ਥਾਪਨਾ ਦੇ
ਕੱਚੀ ਗੜ੍ਹੀ ਚਮਕੌਰ ਨੂੰ ਜਾਣ ਦੀ ਹਿੰਮਤ ਵੀ
ਸਾਡੀ ਇਹ ਮਿੱਟੀ ਵਰਦਾਨ ਮੰਗਦੀ ਹੈ
ਕਿ ਸਾਡੇ ਵਿਚ ਤੂੰ ਸਲਾਮਤ ਰਹੇਂ