ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/55

ਬੜਾ ਚਿਰ ਪਹਿਲਾਂ ਮੈਂ ਲਾਤੀਨੀ ਅਮਰੀਕਾ ਦੇ ਸਿਆਸੀ ਕੈਦੀਆਂ ਦੀ ਸਾਂਝੀ ਲਿਖੀ ਕਵਿਤਾ ਦਾ ਉਲਥਾ ਕੀਤਾ ਸੀ ਸਾਡੇ ਸੁਫ਼ਨੇ ਦਾ ਮੇਚ ਆਜ਼ਾਦੀ ਹੈ। ਹਲਵਾਰਵੀ ਦੀ ਕਿਸੇ ਕਵਿਤਾ ਦਾ ਮਿਸਰਾ ਹੈ ਕਿਸ ਕਵਿਤਾ ਦਾ ਮਿਸਰਾ ਹੈ - ਮੈਨੂੰ ਸੁਫ਼ਨੇ ਹਰ ਥਾਂ ਆਉਂਦੇ ਨੇ।

ਮਜ਼ਹਰ ਦੀ ਕਵਿਤਾ ਦਾ ਸੁਫ਼ਨਾ ਸਾਡਾ ਸਾਰਿਆਂ ਦਾ ਸਾਂਝਾ ਸੁਫ਼ਨਾ ਹੈ। ਇਹ ਮਾਸੂਮੀਅਤ, ਬਗ਼ਾਵਤ, ਆਜ਼ਾਦੀ, ਇਲਮ ਤੇ ਮੌਤ ਨੂੰ ਸਰ ਕਰਨ ਦਾ ਚਿੰਨ੍ਹ ਹੈ। ਇਹ ਸੁਫ਼ਨੇ ਦੇ ਵੈਰੀਆਂ ਨੂੰ ਵੰਗਾਰ ਰਿਹਾ ਹੈ। ਇਹ ਕਵਿਤਾ ਸੁਫ਼ਨਿਆਂ ਦਾ ਮੈਨੀਫ਼ੈਸਟੋ ਹੈ।

ਜੰਨ੍ਹ ਬਰਜਰ ਲਿਖਦਾ ਹੈ ਕਿ ਕਵਿਤਾ ਬੋਲੀ ਨਾਲ਼ ਗੱਲੋੜੀਆਂ ਕਰਦੀ ਹੈ। ਬੋਲੀ ਸਾਡੀ ਗੱਲ ਸੁਣਦੀ ਹੈ। ਬੋਲੀ ਸਾਡੇ ਏਨੇ ਨੇੜੇ ਹੈ, ਜਿੰਨੀ ਨੇੜੇ ਨਾ ਤਾਂ ਖ਼ਾਮੋਸ਼ੀ ਹੋ ਸਕਦੀ ਹੈ ਤੇ ਨਾ ਹੀ ਕੋਈ ਰੱਬ। ਕਵਿਤਾ ਸ਼ਾਹਰਗ ਤੋਂ ਵੀ ਵਧ ਕੇ ਸਾਡੇ ਨੇੜੇ ਹੈ। ਸਰਕਾਰੀ ਬਿਆਨਾਂ, ਖ਼ੁਸ਼ਕ ਰਿਪੋਰਟਾਂ ਵਿਚ ਜੋ ਬੇਵਾਸਤਗੀ ਹੁੰਦੀ ਹੈ, ਕਵਿਤਾ ਉਹਨੂੰ ਖ਼ਤਮ ਕਰਕੇ ‘ਕੇਅਰਿੰਗ’ (ਵਾਸਤਾ) ਪੈਦਾ ਕਰਦੀ ਹੈ। ਬਰਜਰ ਅਗਾਂਹ ਲਿਖਦਾ ਹੈ ਕਿ ਹਰ ਸ਼ਾਹਕਾਰ ਕਵਿਤਾ ਮੌਲਿਕ ਹੁੰਦੀ ਹੈ। ਇਹ ਅਪਣੇ ਮੂਲ ਵਲ ਜਾਂਦੀ ਹੈ, ਜਿਸ ਮੂਲ ਸਦਕਾ ਹੁਣ ਤਕ ਹਰ ਸ਼ੈਅ ਹੋਈ-ਥੀਵੀ ਹੈ। ਦੂਜਾ ਇਹ ਇੰਜ ਮੌਲਿਕ ਹੁੰਦੀ ਹੈ ਕਿ ਪਹਿਲਾਂ ਕਦੇ ਇਹ ਵਾਪਰੀ ਨਹੀਂ ਹੁੰਦੀ। ਸਿਰਫ਼ ਕਵਿਤਾ ਵਿਚ ਇਹ ਦੋਹਵੇਂ ਭਾਵ (ਹੋਣ ਤੇ ਪਹਿਲੀ ਵਾਰ ਹੋਣ ਦੇ) ਇਕਸੁਰ ਹੁੰਦੇ ਹਨ ਤੇ ਇਕ ਦੂਜੇ ਦੇ ਵਿਰੋਧੀ ਨਹੀਂ ਹੁੰਦੇ।

ਮਜ਼ਹਰ ਦੀ ਇਹ ਕਵਿਤਾ ਸਾਨੂੰ ਇਨਸਾਨ ਦੇ ਮੂਲ ਵਲ ਲਜਾਂਦੀ ਹੈ - ਇਨਸਾਨ ਦੀ ਆਦਿ-ਅਨੰਤ ਜਗਿਆਸਾ, ਜਿਹਦੇ ਸਦਕਾ ਹੀ ਉਹ ਅੱਜ ਤਾਈਂ ਅਪੜ ਸਕਿਆ ਹੈ। ਪਹਿਲਾਂ ਕਿਸੇ ਨੇ ਇੰਜ ਸੁਫ਼ਨਾ ਨਹੀਂ ਸੀ ਲਿਆ।

ਇਸ ਕਵਿਤਾ ਵਿਚ ਰਾਤ ਤੇ ਦਿਨ ਦਾ ਵਿਰੋਧਾਭਾਸ (ਪੈਰਾਡੌਕਸ) ਨਜ਼ਰ ਆਉਂਦਾ ਹੈ।