ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/161

ਹੁੰਦੀ ਸੀ? ਮਹਾਪ੍ਰਾਣ ਪੂਰਨ ਸਿੰਘ ਦੇ ਵਲਵਲਿਆਂ ਨੂੰ ਚਿੱਠੀਆਂ ਕਿਵੇਂ ਸਮੋਦੀਆਂ ਹੋਣਗੀਆਂ ਤੇ ਮਾਇਆ ਕਿਹੜੇ ਦਿਲ ਨਾਲ਼ ਪੜ੍ਹਦੀ ਹੋਏਗੀ? ਮੇਰੀ ਮਾਂ ਅਣਪੜ੍ਹ ਸੀ। ਅਣਪੜ੍ਹ ਤੀਵੀਂਆਂ ਨੂੰ ਪਰਦੇਸਾਂ ਨੂੰ ਚਿੱਠੀਆਂ ਲਿਖਣ ਤੇ ਰੋ ਰੋ ਹਰਫ਼ ਪਛਾਣਨ ਦੀ ਵੀ ਤੌਫ਼ੀਕ ਨਹੀਂ ਸੀ

ਅਪਣੇ ਸੱਜਣ ਨੂੰ ਲਿਖੀ ਚਿੱਠੀ ਕਿਸੇ ਨੂੰ ਪੜ੍ਹ ਕੇ ਨਹੀਂ ਸੁਣਾਈ ਜਾ ਸਕਦੀ। ਮੈਂ ਜਦ ਫੈਲਸੂਫੀਆਂ ਕਿਸੇ ਨੂੰ ਪੜ੍ਹ ਕੇ ਸੁਣਾਣ ਲੱਗਾਂ, ਤਾਂ ਮੈਨੂੰ ਸੰਙ ਆ ਜਾਂਦੀ ਹੈ ਤੇ ਲੇਖ ਵਿੱਚੇ ਛੱਡ ਦਿੰਦਾ ਹਾਂ।

ਕੁਝ ਚਿੱਠੀਆਂ ਅਣਪਾਈਆਂ ਰਹਿ ਜਾਂਦੀਆਂ ਹਨ। ਕਾਫ਼ਕੇ ਦਾ ਅਪਣੇ ਬਾਪ ਨੂੰ ਲਿਖਿਆ ਖ਼ਤ ਸਾਰੀ ਦੁਨੀਆ ਪੜ੍ਹ ਚੁੱਕੀ ਹੈ, ਪਰ ਇਹਦੇ ਬਾਪ ਨੇ ਨਹੀਂ ਸੀ ਪੜ੍ਹਿਆ। ਉਹਨੂੰ ਇਹ ਖ਼ਤ ਮਿਲ਼ਿਆ ਨਹੀਂ ਸੀ। ਕੁਝ ਚਿੱਠੀਆਂ ਖੁੰਝ ਜਾਂਦੀਆਂ ਹਨ ਤੇ ਕੁਝ ਅਪੜ ਕੇ ਵੀ ਅਣਖੋਲ੍ਹੀਆਂ ਰਹਿ ਜਾਂਦੀਆਂ ਹਨ। ਮੋਹਨ ਸਿੰਘ ਨੇ ਪੰਜਾਹਾਂ ਦੇ ਸ਼ੁਰੂ ਵਿਚ ਅਮਰੀਕਾ ਦੇ ਮੌਤ ਦੇ ਘਾਟ ਉਤਾਰੇ ਗਏ ਰੋਜ਼ਨਬਰਗ ਜੋੜੇ ਦੀ ਕਵਿਤਾ ਲਿਖੀ ਸੀ। ਇਹਦਾ ਆਖ਼ਰੀ ਮਿਸਰਾ ਹੈ:

ਇਕ ਸਹਿਕ ਸਿਕੰਦੜਾ ਖ਼ਤ ਆਇਆ
ਅੱਜ ਏਸ ਨੂੰ ਕੌਣ ਖੋਲ੍ਹੇ ਪਿਆ

ਬੜੀਆਂ ਉਡੀਕਾਂ ਮਗਰੋਂ ਸੱਜਣ ਦਾ ਸਹਿਕਦਾ ਸਿੱਕਦਾ ਖ਼ਤ ਆਇਆ ਹੈ ਅਤੇ ਨਾਲ਼ ਹੀ ਅਮਨ ਦੇ ਯੋਧਿਆਂ ਦੀ ਮੌਤ ਦੀ ਖ਼ਬਰ ਆਈ ਹੈ।

ਅਠਾਰਵੀਂ ਸਦੀ ਦੇ ਰਾਜਸਥਾਨੀ ਕਵੀ ਬਿਹਾਰੀ ਦਾ ਦੋਹਾ ਹੈ:

ਕਰ ਲੈ ਚੂਮਿ ਚੜ੍ਹਾਏ ਸਿਰ, ਉਰ ਲਗਾਏ ਭੁਜ ਭੇਂਟਿ।
ਲਹਿ ਪਾਤੀ ਪਿਯ ਕੀ ਤਿਯਾ, ਬਾਂਟਤ ਧਰਤਿ ਸਮੇਟਿ।