ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/159

ਓਸ ਮਨਹੂਸ ਦਿਨ ਇਹਨੂੰ ਕਿਹੜੇ ਖ਼ਤ ਆਏ ਹੋਣਗੇ? ਕੀ ਉਹ ਖ਼ਤ ਵੀ ਆਇਆ ਹੋਏਗਾ, ਜਿਹਦੀ ਉਡੀਕ ਇਹ ਜ਼ਿੰਦਗੀ ਭਰ ਕਰਦਾ ਰਿਹਾ? ਨਾਜ਼ਮ ਦੀ ਰੁਬਾਈ ਹੈ:

ਇਕ ਦਿਨ ਆਖੇਗੀ ਕੁਦਰਤ ਮਾਂ:
ਬਸ ਕਰ ਬੱਚੇ
ਤੇਰਾ ਹਾਸਾ ਵੀ ਮੁੱਕਾ ਤੇ ਰੋਣਾ ਵੀ।
ਫੇਰ ਅਨੰਤ ਜ਼ਿੰਦਗੀ ਸ਼ੁਰੂ ਹੋਵੇਗੀ
ਨਾ ਦੇਖਣ, ਨਾ ਬੋਲਣ, ਨਾ ਸੋਚਣ ਦੀ ਜ਼ਿੰਦਗੀ।

ਕੀ ਮਾਂ ਕੁਦਰਤ ਹਾਸੇ ਤੇ ਰੋਣ ਦੇ ਨਾਲ਼ ਉਡੀਕ ਵੀ ਮੁਕਾ ਦਿੰਦੀ ਹੈ ਜਾਂ ਅਨੰਤ ਜ਼ਿੰਦਗੀ ਵਿਚ ਉਡੀਕ ਵੀ ਅਨੰਤ ਹੋ ਜਾਂਦੀ ਹੈ? ਇਸ ਵੇਲੇ ਮੈਨੂੰ ਕਿਤੇ ਹੋਰ ਹੋਣਾ ਚਾਹੀਦਾ ਸੀ/ਜਿਥੇ ਮੈਨੂੰ ਕਿਸੇ ਚੀਜ਼ ਦੀ ਉਡੀਕ ਨਾ ਹੁੰਦੀ/ਖ਼ਤ ਦੀ/ਟੈਲੀਫ਼ੋਨ ਦੀ/ਮੌਤ ਦੀ...

ਸੌਣ ਦੇ ਮਹੀਨੇ ਨੀ ਮੈਂ ਗੁੱਡਾਂ ਛੱਲੀਆਂ
ਦੁੱਖਾਂ ਦੀਆਂ ਚਿੱਠੀਆਂ ਮੈਂ ਤੈਨੂੰ ਘੱਲੀਆਂ।

ਚਿੱਠੀ ਇਨਸਾਨ ਦੀ ਜਿਸਮਾਨੀ ਦੂਰੀ, ਵਿਛੋੜੇ ਤੇ ਉਡੀਕ ਦੀ ਨਿਸ਼ਾਨੀ ਹੁੰਦੀ ਹੈ ਅਤੇ ਅਣਲਿਖਿਆ ਤਰਲਾ ਤੇ ਤੌਖ਼ਲਾ ਵੀ ਕਿ ਇਹ ਵਿਬ ਤੇ ਵਿਛੋੜਾ ਦਿਨੋਂ-ਦਿਨ ਹੋਰ ਨਾ ਵਧਦਾ ਜਾਏ। ਇਹ ਸ਼ਕਾਇਤ ਆਮ ਹੁੰਦੀ ਹੈ ਕਿ ਸੁੱਖ ਵਿਚ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ। ਮਿਤ੍ਰ ਪਿਆਰਾ ਤਾਂ ਉਠੰਦਿਆਂ, ਬਹਿੰਦਿਆਂ, ਹਸੰਦਿਆਂ ਯਾਦ ਆਉਂਦਾ ਹੈ | ਤੇ ਚਿੱਠੀ ਪਾਏ ਦੋ ਅੱਖਰਾਂ ਦੀ ਖੇਚਲ਼ ਹੁੰਦੀ ਹੈ ਤੇ ਲਿਖਤੀ ਏਲਾਨ ਵੀ ਕਿ ਦੇਖ ਯਾਰ ਸੱਜਣ ਮੈਂ ਤੈਨੂੰ ਭੁਲਾਇਆ ਨਹੀਂ, ਤੂੰ ਭਾਵੇਂ ਮੈਨੂੰ ਵਿਸਾਰ ਦਏਂ।