ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/158

ਮੈਨੂੰ ਜਿਸ ਖ਼ਤ ਦੀ ਉਡੀਕ ਹੈ, ਉਹ ਕਦੇ ਨਹੀਂ ਆਉਣਾ; ਤੇ ਜਿਸ ਨੂੰ ਮੇਰੇ ਖ਼ਤ ਦੀ ਉਡੀਕ ਹੈ, ਉਹਨੂੰ ਵੀ ਤਾਂ ਮੇਰਾ ਖ਼ਤ ਕਦੇ ਨਹੀਂ ਮਿਲਣਾ

ਐਵੇਂ ਐਵੇਂ ਖ਼ਤ ਆਉਂਦੇ
ਚਿਤ ਨੂੰ ਰਤਾ ਨਾ ਭਾਉਂਦੇ।
ਇਕ ਨਹੀਂ ਆਉਂਦਾ
ਜਿਹਦੀ ਨਿਤ ਦੀ ਉਡੀਕ ਹੈ।। -ਸੁਰਜੀਤ ਹਾਂਸ

ਯਾਰ ਹੋਣਗੇ ਮਿਲਣਗੇ ਆਪੇ, ਦਿਲ ਨੂੰ ਟਕਾਣੇ ਰਖੀਏ। ਉਮੀਦ ਸਭ ਤੋਂ ਅਖ਼ੀਰ ਚ ਮਰਦੀ ਹੈ। ਦਿਲ ਕਿਸ ਦਾਨੇ ਨੂੰ ਟਿਕਾਣੇ ਰਖਣਾ ਆਉਂਦਾ ਹੈ? ਪਰ ਤਾਂ ਵੀ ਕੋਈ ਉਮੀਦ ਹੈ। ਇਹ ਕਾਹਦੀ ਉਮੀਦ ਹੈ? ਇਹ ਕੈਸੀ ਉਡੀਕ ਹੈ?

ਮਾਹੀ ਮੈਂਡਾ ਦੂਰ ਸੁਣੀਂਦਾ
ਚਿੱਠੀਆਂ ਲਿਖ ਲਿਖ ਪਾ
ਹੋ ਤਾਰਿਆਂ ਭਰੀ ਹੈ ਰਾਤ
ਮਾਹੀ ਮੈਂਡਾ ਉੜਦਾ ਬਾਸ਼ਾ
ਹਿਕਮਤ ਨਾਲ਼ ਬੁਲਾ
ਹੋ ਤਾਰਿਆਂ ਭਰੀ ਹੈ ਰਾਤ -ਝੰਗ ਦਾ ਲੋਕਗੀਤ

ਤੁਰਕੀ ਕਵੀ ਨਾਜ਼ਮ ਹਿਕਮਤ ਨੇ ਅਪਣੀ ਅੱਧੀਓਂ ਵਧ ਉਮਰ ਮਾਸਕੋ ਵਿਚ ਜਲਾਵਤਨੀ ਚ ਗੁਜ਼ਾਰੀ ਸੀ। ਸਵੇਰੇ ਉਠਦਿਆਂ ਇਹਦੀ ਸਾਰੀ ਬਿਰਤੀ ਦਰਾਂ ਨਾਲ਼ ਜੁੜੀ ਰਹਿੰਦੀ। ਡਾਕੀਆ ਘੰਟੀ ਵਜਾਉਂਦਾ, ਇਹ ਧਾੱ ਕੇ ਦਰਾਂ ਵਲ ਜਾਂਦਾ।ਇਕ ਦਿਨ ਸਵੇਰੇ ਘੰਟੀ ਵੱਜੀ। ਇਹ ਦਰਵੱਜੇ ਵਲ ਭੱਜਾ ਗਿਆ ਤੇ ਕੁੰਡਾ ਖੋਲ੍ਹਣ ਤੋਂ ਪਹਿਲਾਂ ਹੀ ਇਹਦੇ ਦਿਲ ਦਾ ਰੁੱਗ ਭਰਿਆ ਗਿਆ; ਥਾਏਂ ਢੇਰੀ ਹੋ ਗਿਆ ਤੇ ਪ੍ਰਾਣ ਤਿਆਗ ਦਿੱਤੇ।