ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/157

ਆਉਣ ਵਾਲ਼ਾ ਵੇਲਾ। ਇਹ ਵਾਰੀ ਵੀ ਬਦਲਦੀ ਰਹਿੰਦੀ ਹੈ। ਸਮੇਂ ਦੇ ਤਿੰਨੇ ਰੂਪ ਹਮਸ਼ਕਲ ਹੋ ਜਾਂਦੇ ਹਨ। ਹੀਰੇ ਦੀ ਕਣੀ ਵਾਂਙ ਠੋਸ, ਜੋ ਹਮੇਸ਼ਾ ਮੌਜੂਦ ਦੇ ਸ਼ੀਸ਼ੇ ਨੂੰ ਕੱਟਦਾ ਰਹਿੰਦਾ ਹੈ। ਚਿੱਠੀਆਂ ਉੱਤੇ ਕੇਸਰ ਛਿੜਕ ਕੇ ਅਪਣੇ ਲੋਕ ਵਸਲ ਦਾ ਰੰਗ ਭਰਦੇ ਹੁੰਦੇ ਸਨ। ਖ਼ਤ ਨੂੰ ਤਾਰ ਸਮਝਣ ਦੀ ਤਕੀਦ ਕੀਤੀ ਹੁੰਦੀ ਸੀ। ਅੰਤਮ ਵਿਛੋੜੇ ਦਾ ਏਲਾਨ ਚਿੱਠੀ ਦੀ ਕੰਨੀ ਪਾੜ ਕੇ ਕੀਤਾ ਜਾਂਦਾ ਸੀ। ਜੌਨ੍ਹ ਬਰਜਰ ਆਖਦਾ ਹੈ ਕਿ ਸਮਾਂ ਦੋ ਤਰ੍ਹਾਂ ਦਾ ਹੁੰਦਾ ਹੈ, ਜਿਸਮਾਨੀ ਤੇ ਜ਼ਿਹਨੀ। ਜਿਸਮਾਨੀ ਸਮਾਂ ਤਾਂ ਕੁਦਰਤ ਨੇ ਪਹਿਲਾਂ ਹੀ ਤੈਅ ਕੀਤਾ ਹੁੰਦਾ ਹੈ। ਸਰੀਰ ਪੁਰਾਣਾ ਪੈਂਦਾ ਜਾਂਦਾ ਹੈ। ਸਰੀਰ ਮਰਨ ਦੀ ਤਿਆਰੀ ਕਰਦਾ ਰਹਿੰਦਾ ਹੈ। ਮੌਤ ਤੇ ਸਮੇਂ ਦਾ ਹਮੇਸ਼ਾ ਗੱਠਜੋੜ ਹੁੰਦਾ ਹੈ। ਸਮਾਂ ਹੌਲ਼ੀ-ਹੌਲ਼ੀ ਮਾਰ ਕਰਦਾ ਹੈ ਤੇ ਮੌਤ ਇਕਦਮ। ਜ਼ਿਹਨ ਸਮੇਂ ਨੂੰ ਜੀਉਂਦਾ ਹੈ, ਸ਼ਿੱਦਤ ਨਾਲ਼। ਜਿੰਨਾ ਇਕ ਪਲ ਦਾ ਤਜਰੁਬਾ ਡੂੰਘਾ ਹੋਵੇ, ਤਜਰੁਬਾ ਓਨਾ ਹੀ ਅਮੀਰ ਹੁੰਦਾ ਹੈ। ਇਸੇ ਸ਼ਿੱਦਤ ਨੂੰ ਸਮੇਂ ਦਾ ਚੌਥਾ ਪਾਸਾ (ਡਾਇਮੈਨਸ਼ਨ) ਆਖਦੇ ਹਨ। ਦਸਵਾਂ ਦੁਆਰ ਇਹੀ ਹੈ।

ਅਜ ਰਾਤ ਇਕ ਰਾਤ ਦੀ ਰਾਤ ਜੀਅ ਕੇ
ਅਸਾਂ ਜੀਉਣ ਤੋਂ ਵਧ ਕੇ ਜੀਉ ਲਿਆ ਏ।
ਅੱਜ ਰਾਤ ਅਮ੍ਰਿਤ ਦੇ ਜਾਮ ਵਾਂਙੂੰ
ਇਨ੍ਹਾਂ ਹੋਠਾਂ ਨੇ ਯਾਰ ਨੂੰ ਪੀ ਲਿਆ ਏ।

- ਫ਼ੈਜ਼

ਮੈਨੂੰ ਚਿੱਠੀ ਦੀ ਖੋਹ ਪੈਂਦੀ ਹੈ| ਭੋਲ਼ਾ ਗੁਰੂ ਮੱਤ ਦਿੰਦਾ ਹੈ - ਨਾ ਫਿਰ ਦਿਲਗੀਰੀ ਮੇਂ, ਇਹ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾ।

ਤੈਨੂੰ ਰੋਜ਼ ਉਡੀਕ ਖ਼ਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ।

- ਸੁਰਜੀਤ ਪਾਤਰ

ਇਹ ਉਡੀਕ ਛੇਤੀ ਮੁੱਕ ਜਾਣੀ ਹੈ ਜਾਂ ਘੱਟੋਘੱਟ ਏਸੇ ਜਨਮ ਵਿਚ। ਪਰ