ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/152

ਜਾਂਦੀਆਂ ਸਾਡੀਆਂ ਬੀਬੀਆਂ ਇਸ ਪੁਲ਼ ਉੱਤੇ ਤੁਰਦਿਆਂ ਕੀ ਸੋਚਦੀਆਂ ਹੋਣਗੀਆਂ? ਮੈਂ ਇਹ ਪੁਲ਼ ਬੱਚਿਆਂ ਵਰਗੇ ਚਾਅ ਨਾਲ਼ ਪਾਰ ਕਰਦਾ ਹੁੰਦਾ ਹਾਂ। ਇਹ ਪਿਆਰਾ ਏਸ ਲਈ ਵੀ ਹੈ ਕਿ ਇਹਨੇ ਮੈਥੋਂ ਪਿਆਰੀ ਕਵਿਤਾ ਵੀ ਲਿਖਵਾਈ ਹੈ।

ਬਹੁਤ ਦਿਨਾਂ ਬਾਅਦ

ਬਹੁਤ ਦਿਨਾਂ ਬਾਅਦ
ਅਜ ਸੂਰਜ ਦਾ ਮੁੱਖ ਖਿੜਿਆ ਹੈ
ਉਹਦੀ ਮਹਿਕ ਆਖਦੀ ਹੈ
ਬਾਹਰ ਆਓ, ਬਾਹਰ ਨਿਕਲੋ।
ਅੱਜ ਅਸੀਂ ਰੇਲ ਦੇ ਪੁਰਾਣੇ ਪੁਲ 'ਤੇ ਜਾਵਾਂਗੇ
ਅੱਜ ਅਸੀਂ ਬਹੁਤ ਖ਼ੁਸ਼ ਹੋਵਾਂਗੇ
ਬਹੁਤ ਸਾਰੇ ਪੁਲ਼ਾਂ ਹੇਠੋਂ
ਲੰਘ ਕੇ ਆਈਆਂ ਗੱਡੀਆਂ ਨੂੰ ਦੇਖ ਕੇ
ਅਸੀਂ ਬੱਚਿਆਂ ਨਾਲ਼ ਬੱਚਿਆਂ ਵਾਂਙ ਹੈਰਾਨ ਹੋਵਾਂਗੇ
ਕਿਥੋਂ ਆਉਂਦੀਆਂ ਨੇ ਇਹ ਗੱਡੀਆਂ
ਤੇ ਜਾਂਦੀਆਂ ਕਿਥੇ ਹਨ
ਇਨ੍ਹਾਂ ਨੂੰ ਬਣਾਉਂਦਾ ਕੌਣ ਹੈ
ਇਨ੍ਹਾਂ ਨੂੰ ਚਲਾਉਂਦਾ ਕੌਣ ਹੈ
ਕੌਣ ਭਾਗਾਂਭਰੇ ਇਨ੍ਹਾਂ ਚ ਬੈਠਦੇ ਹਨ ਜੋ ਕੰਮਾਂ ਤੋਂ ਆਉਂਦੇ ਹਨ
ਘਰਾਂ ਨੂੰ ਜਾਂਦੇ ਹਨ
ਅਸੀਂ ਬਹੁਤ ਸਾਰੀਆਂ ਗੱਡੀਆਂ
ਤੇ ਬਹੁਤ ਸਾਰੇ ਪੁਲ਼ਾਂ ਲਈ ਦੁਆ ਕਰਾਂਗੇ
ਅੱਜ ਅਸੀਂ ਰੇਲ ਦੇ ਪੁਰਾਣੇ ਪੁਲ਼ 'ਤੇ ਜਾਵਾਂਗੇ
ਬਹੁਤ ਦਿਨਾਂ ਬਾਅਦ
ਅੱਜ ਸੂਰਜ ਦਾ ਮੁੱਖ ਖਿੜਿਆ ਹੈ
ਉਹਦੀ ਮਹਿਕ ਆਖਦੀ ਹੈ
ਬਾਹਰ ਆਓ, ਬਾਹਰ ਨਿਕਲੋ।।