ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/149


ਬੰਦਾ ਭਾਵੇਂ ਕੈਦੀ ਹੋਵੇ, ਭਾਵੇਂ ਆਜ਼ਾਦ; ਉਹ ਜਿਥੇ ਕਿਤੇ ਵੀ ਹੋਵੇ, ਉਸ ਥਾਂ ਨਾਲ਼ ਕੋਈ ਰਿਸ਼ਤਾ ਬਣਾਏ ਬਗ਼ੈਰ ਜੀਉ ਨਹੀਂ ਸਕਦਾ। ਮੇਰੀ ਸਾਰੀ ਹੋਸ਼ਮੰਦ ਉਮਰ ਨਕੋਦਰ ਜਲੰਧਰ ਚ ਲੰਘੀ। ਉਸ ਥਾਂ ਬਾਰੇ ਲਿਖਣ ਚ ਮੈਨੂੰ ਤਕਲੀਫ਼ ਹੁੰਦੀ ਹੈ। ਮੇਰੇ ਦਿਲ ਦੇ ਵੈਦ ਨੇ ਮੈਨੂੰ ਦੱਸਿਆ ਸੀ - ਤੂੰ ਅਪਣੇ ਦਿਲ ਤੋਂ ਡਰਦੈਂ। ਇਸ ਤੋਂ ਢੱਕਣ ਚੁੱਕਣ ਦੀ ਤੇਰੇ ਚ ਹਿੰਮਤ ਨਹੀਂ ਹੈ।

ਮੈਂ ਸਾਊਥਾਲ ਬਾਰੇ ਲਿਖਣ ਲੱਗਾ ਹਾਂ। ਇਹਦੇ ਨਾਲ਼ ਮੇਰਾ ਰਿਸ਼ਤਾ ਘਟ ਦੁਖਾਵਾਂ ਹੈ।

ਸਾਉਥਾਲ ਨੂੰ ਮੈਂ ਜਾਣੇ-ਪਛਾਣੇ ਓਭੜ ਬੰਦਿਆਂਹਾਰ ਮਿਲ਼ਦਾ ਹਾਂ। ਪਾਰਕਾਂ ਵਿਚ ਬੈਠੇ ਝਟ ਲੰਘਾਉਂਦੇ ਸਾਡੇ ਬੁੜ੍ਹਿਆਂ ਨੂੰ ਸਾਉਥਾਲ ਕਿਹੋ ਜਿਹਾ ਲਗਦਾ ਹੋਏਗਾ? ਇਥੇ ਜੰਮੀ ਪਲ਼ੀ-ਸਾਡੀ ਔਲਾਦ ਕੀ ਸੋਚਦੀ ਹੈ? ਇਹ ਉਨ੍ਹਾਂ ਦੀ ਜੰਮਣ ਭੋਇੰ ਹੈ ਤੇ ਸਾਡੀ ਮਰਨ ਭੋਇੰ। ਅਸੀਂ ਸਾਊਥਾਲ ਦੀਆਂ ਸੜਕਾਂ, ਦੁਕਾਨਾਂ, ਘਰਾਂ ਤੇ ਗਲ਼ੀਆਂ ਨੂੰ ਉਨ੍ਹਾਂ ਦੀ ਨਜ਼ਰ ਨਾਲ਼ ਕਦੇ ਵੀ ਨਹੀਂ ਦੇਖ ਸਕਣਾ। ਮੈਂ ਸਾਊਥਾਲ ਨਹੀਂ ਰਹਿੰਦਾ, ਬਾਹਰੋਂ ਦੇਖਿਆਂ ਬੇਲਾਗ ਗੱਲ ਹੋ ਸਕਦੀ ਹੈ।

ਮੇਰਾ ਲਗਾਉ ਅਣਲੱਗ ਹੈ। ਹਰ ਸ਼ੈਅ ਬੜੀ ਪਿਆਰੀ ਲਗਦੀ ਹੈ ਤੇ ਡਰ ਝੋਰਾ ਵੀ ਨਾਲ਼ੋ ਨਾਲ਼ ਰਹਿੰਦਾ ਹੈ ਕਿ ਇਹਨੇ ਹੱਥੋਂ ਖੁੱਸ ਜਾਣਾ ਹੈ; ਅੱਖੋਂ ਓਹਲੇ ਹੋ ਜਾਣਾ ਹੈ। ਕਈ ਵਾਰ ਲਗਦਾ ਹੈ ਕਿ ਜਿਸ ਮੋਹ ਨੂੰ ਤੱਜਣ ਦੀ ਗੱਲ ਨਾਨਕ ਕਬੀਰ ਕਰਦੇ ਹਨ, ਉਹ ਮੇਰੇ ਵਿਚ ਵੀ ਨਹੀਂ। ਕੁਮਾਰ ਗੰਧਰਵ ਜਦ ਕਬੀਰ ਸਾਹਿਬ ਦਾ ਦੋਹਾ ਗਾਉਂਦਾ ਹੈ - ਸਾਧੋ ਜੁਗਨ ਜੁਗਨ ਹਮ ਜੋਗੀ - ਤਾਂ ਲਗਦਾ ਹੈ ਕਿ ਇਹ ਮੈਂ ਹੀ ਹਾਂ।

ਮਾਰਕਸ ਕਹਿੰਦਾ ਸੀ: ਮਜ਼ਦੂਰ ਦਾ ਕੋਈ ਦੇਸ ਨਹੀਂ ਹੁੰਦਾ। ਬਰੈਸ਼ਟ ਨੇ ਕਵਿਤਾ ਲਿਖੀ: ਅਸੀਂ ਮੁਲਕ ਏਸ ਤਰ੍ਹਾਂ ਬਦਲੇ, ਜਿਵੇਂ ਹੰਢਾਈਆਂ ਜੁੱਤੀਆਂ ਬਦਲੀਦੀਆਂ ਨੇ। ਮੈਂ ਮਾਰਕਸੀ ਮਜ਼ਦੂਰ ਨਹੀਂ ਤੇ ਨਾ ਹੀ ਬਹੁਤੇ ਮੁਲਕ ਬਦਲੇ। ਡਾਕ ਦਾ ਸਰਨਾਮਾ ਵੀ ਪੱਕਾ ਨਹੀਂ ਲਗਦਾ। ਕਾਗ਼ਜ਼ਾਂ ਚ