ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/144

ਸਵੇਰੇ ਸਵੱਖਤੇ ਉੱਠ ਕੇ ਕੰਮ 'ਤੇ ਜਾਣਾ ਨਿਰੀ ਜ਼ਹਿਮਤ ਹੈ। ਹਰ ਰੋਜ਼ ਤਿੰਨ ਘੰਟੇ ਗੱਡੀ ਦੇ ਸਫ਼ਰ ਚ ਹੀ ਲਗ ਜਾਂਦੇ ਹਨ। ਥਕ-ਬਕਾ ਕੇ ਘਰ ਆਓ। ਸੌਂ ਜਾਓ। ਦਿਨ ਚੜ੍ਹਦੇ ਨੂੰ ਉੱਠੋ ਤੇ ਸਾਰਾ ਹਫ਼ਤਾ ਘੜੀ ਦੀ ਸੂਈ ਵਾਂਙ ਘੁੰਮੀ ਜਾਓ। ਵੀਕਐਂਡ ਆਵੇ, ਤਾਂ ਬਿਨ-ਬੁਲਾਏ ਜਾਂ ਗਲ਼ ਪਏ ਘਰ ਆਏ ਰਿਸ਼ਤੇਦਾਰਾਂ ਜਾਂ ਵਾਕਫ਼ਾਂ ਦੀ ਮੂੰਹ ਰਖਣ ਦੇ ਮਾਰੇ ਆਉਭਗਤ ਕਰਦੇ ਰਹੋ। ਬੰਦਾ ਲਿਖੇ, ਤਾਂ ਕਦੋਂ ਲਿਖੇ?

ਆਮ ਲੋਕ ਸਮਝਦੇ ਹਨ ਕਿ ਸ਼ਾਇਰ ਲੋਕ ਸ਼ਰਾਬੀ ਹੋ ਕੇ ਸ਼ਾਇਰੀ ਕਰਦੇ ਹਨ। ਉਮਰ ਖ਼ਿਆਮ ਦੀ ਕੁਹਜੀ ਤਸਵੀਰ ਹੋਟਲਾਂ ਸ਼ਰਾਬਖ਼ਾਨਿਆਂ ਵਿਚ ਆਮ ਨਜ਼ਰ ਆਉਂਦੀ ਹੈ ਜਨਾਬ ਦੇ ਹੱਥ ਵਿਚ ਸ਼ਰਾਬ ਹੈ, ਬਗਲ ਵਿਚ ਸ਼ਬਾਬ ਤੇ ਪੈਰਾਂ ਵਿਚ ਕਿਤਾਬ। (ਇਕ ਐਸੀ ਤਸਵੀਰ ਪਲਮਸਟੈਂਡ, ਲੰਡਨ ਦੇ ਸ਼ਰਾਬਖ਼ਾਨੇ ਵਿਚ ਮੈਂ ਦੇਖੀ ਸੀ। ਇਹਦੇ ਪੰਜਾਬੀ ਮਾਲਕ ਨੇ ਮੈਨੂੰ ਦੱਸਿਆ ਸੀ ਕਿ ਇਹ ਸੋਭਾ ਸਿੰਘ ਦੀ ਬਣਾਈ 'ਆਖ਼ਰੀ ਪੇਂਟਿੰਗ ਹੈ। ਉਹਨੇ ਮੈਨੂੰ ਸੋਭਾ ਸਿੰਘ ਦੇ ਉਰਦੂ ਚ ਲਿਖੇ ਖ਼ਤ ਵੀ ਦਿਖਾਏ ਸਨ। ਸ਼ਰਾਬ ਤੇ ਸ਼ਬਾਬ ਨੂੰ ਤਾਂ ਕੋਈ ਅਖ਼ਲਾਕਪ੍ਰਸਤ ਹੀ ਮਾੜਾ ਆਖੇਗਾ; ਪਰ ਉਮਰ ਖ਼ਿਆਮੀਆਂ ਨੂੰ ਸਮਾਜ, ਲੋਕਾਈ ਦੀ ਕੋਈ ਚਿੰਤਾ ਨਹੀਂ ਹੁੰਦੀ। ਉਨ੍ਹਾਂ ਨੂੰ ਤਾਂ ਅਪਣੇ ਦੁੱਖ ਦਾ ਵੀ ਪੜ੍ਹਾ ਨਹੀਂ ਹੁੰਦਾ।

ਕੁਝ ਲੋਕ ਇਹ ਵੀ ਸਮਝੀ ਬੈਠੇ ਹਨ ਕਿ ਭੁੱਖ-ਨੰਗ ਦੇ ਮਾਰੇ ਲੇਖਕ ਵਧੀਆ ਸਾਹਿਤ ਰਚਦੇ ਹਨ। ਜੇ ਲਿਖਣ ਵਾਲ਼ਾ ਪ੍ਰਤਿਭਾਵਾਨ ਹੀ ਨਹੀਂ; ਤਾਂ ਭਾਵੇਂ ਉਹ ਭੁੱਖਾ ਮਰਦਾ ਹੋਵੇ ਜਾਂ ਪੈਸੇ ਚ ਖੇਲਦਾ ਹੋਵੇ, ਉਹਨੇ ਲਿਖਣਾ ਸਵਾਹ ਹੈ? ਪੰਜਾਬੀ ਕਵੀ ਗ਼ੁਲਾਮ ਫ਼ਰੀਦ ਵੱਡਾ ਜਗੀਰਦਾਰ ਸੀ। ਪੂਰਨ ਸਿੰਘ ਨੂੰ ਰੋਟੀ ਦਾ ਕੋਈ ਫ਼ਿਕਰ-ਫ਼ਾਕਾ ਨਹੀਂ ਸੀ। ਤੋਲਸਤੋਇ ਤੇ ਟੈਗੋਰ ਭੋਈਂ ਨਈਂ ਤੇ ਮਿਲਖਾਂ ਜੂਹਾਂ ਦੇ ਮਾਲਕ ਸਨ। ਲੇਨਿਨ ਨੇ ਤੋਲਸਤੋਇ ਨੂੰ ‘ਰੂਸੀ ਇਨਕਲਾਬ ਦਾ ਸ਼ੀਸ਼ਾ ਆਖਿਆ ਸੀ। ਪਾਬਲੋ ਨਰੂਦਾ ਕੋਈ ਭੁੱਖਾ ਨਹੀਂ ਸੀ ਮਰਦਾ, ਤਾਂ ਵੀ ਇਹ ਦੁਨੀਆ ਦੇ ਭੁੱਖਿਆਂ ਨੰਗਿਆਂ ਦਾ ਵੱਡਾ ਕਵੀ ਹੈ।