ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/143

 ਮੈਂ ਜਦ ਫੈਲਸੂਫੀਆਂ ਲਿਖਣ ਲੱਗਾ ਸੀ, ਤਾਂ ਤੱਤੇ ਘਾਉ ਪਹਿਲਾਂ ਤਾਂ ਲਿਖੀ ਗਿਆ। ਫਿਰ ਲੜੀ ਟੁੱਟ ਗਈ। ਲਿਖਣ ਨੂੰ ਕਿਸੇ ਵੀ ਸ਼ੈਅ ਬਾਰੇ ਲਿਖਿਆ ਜਾ ਸਕਦਾ ਹੈ,ਪਰ ਕਈ ਵਾਰ ਸੁੱਝਦਾ ਨਹੀਂ ਕਿ ਕੀ ਲਿਖਿਆ ਜਾਏ।

ਕਾਲਮਨਵੀਸੀ ਤੇ ਤਖ਼ਲੀਕੀ ਅਦਬ ਵਿਚ ਬੁਨਿਆਦੀ ਫ਼ਰਕ ਹੈ। ਫੈਲਸੂਫੀਆਂ ਵਿਚ ਹਰ ਕਿਸਮ ਦੀ ਛੋਟ ਲਈ ਜਾ ਸਕਦੀ ਹੈ, ਪਰ ਕਿਸੇ ਕਵਿਤਾ ਜਾਂ ਕਹਾਣੀ ਚ ਨਹੀਂ। ਤੁਸੀਂ ਇਹ ਬਹਾਨਾ ਨਹੀਂ ਲਾ ਸਕਦੇ ਕਿ ਜੀ ਮੇਰੇ ਕੋਲ਼ ਟਾਈਮ ਨਹੀਂ ਸੀ, ਮੂਡ ਨਹੀਂ ਸੀ, ਮਿਹਨਤ ਨਹੀਂ ਕਰ ਹੋਈ। ਸਾਡੇ ਇੱਕੋ ਮਿਆਰੀ ਕਾਲਮ ਪਿਆਜ਼ ਕੇ ਛਿਲਕੇ ਹੁੰਦਾ ਸੀ, ਜਿਹੜਾ ਫ਼ਿਕਰ ਤੌਸਵੀ ਮਿਲਾਪ ਵਿਚ ਲਿਖਦਾ ਹੁੰਦਾ ਸੀ। ਇਨ੍ਹਾਂ ਪਿਆਜ਼ਾਂ ਨਾਲ਼ ਫ਼ਿਕਰ ਸਾਹਿਬ ਦਾ ਤੋਰੀ ਫੁਲਕਾ ਤੁਰਦਾ ਸੀ। ਜੇ ਮੇਰੀ ਰੋਟੀ ਫੈਲਸੂਫੀਆਂ ਨਾਲ਼ ਚਲਦੀ ਹੁੰਦੀ, ਤਾਂ ਮੈਨੂੰ ਵੀ ਕੋਈ ਹੀਲਾ ਕਰਨਾ ਹੀ ਪੈਣਾ ਸੀ।

ਉਂਜ ਜੇ ਕਾਲਮਨਵੀਸੀ ਕਰਨੀ ਹੋਵੇ ਜਾਂ ਕਵਿਤਾ ਲਿਖਣੀ ਹੋਵੇ, ਤਾਂ ਟਾਈਮ ਤੇ ਮੂਡ ਵਾਲ਼ੀ ਗੱਲ ਜ਼ਰੂਰ ਸੱਚੀ ਹੈ। ਮੂਡ ਦਾ ਕੀ ਹੈ! ਇਹ ਤਾਂ ਕਿਤੇ ਵੀ ਕਦੇ ਵੀ ਚੰਗਾ ਹੋ ਸਕਦਾ ਹੈ। ਕੋਈ ਚੰਗੀ ਲਿਖਤ ਪੜ੍ਹ ਕੇ, ਕੋਈ ਚੰਗਾ ਸੰਗੀਤ ਸੁਣ ਕੇ, ਕਿਸੇ ਨੇਕ ਬੰਦੇ ਨੂੰ ਮਿਲ਼ ਕੇ ਜਾਂ ਚੰਗਾ ਮੌਸਮ ਹੋਣ 'ਤੇ ਕਾਟੋ ਫੁੱਲਾਂ 'ਤੇ ਖੇਲਣ ਲਗਦੀ ਹੈ। ਆਕਾਸ਼ ਗੁਬਾਰਿਆਂ ਨਾਲ਼ ਭਰ ਜਾਂਦਾ ਹੈ। ਪਰ ਮੂਡ ਵਿਗੜਨ ਨੂੰ ਕਿਹੜੀ ਦੇਰ ਲਗਦੀ ਹੈ! ਘਰਵਾਲ਼ੀ ਜਾਂ ਦਫ਼ਤਰਵਾਲ਼ੀ ਦੀ ਇੱਕੋ ਕੈੜੀ ਨਜ਼ਰ ਨਾਲ਼ ਕਾਟੋ ਮਸੋਸ ਕੇ ਰਹਿ ਜਾਂਦੀ ਹੈ ਤੇ ਉਡਦੇ ਗੁਬਾਰੇ ਠਾਹ ਕਰ ਕੇ ਫਟ ਜਾਂਦੇ ਹਨ ਤੇ ਕਈ ਦਿਨ ਮੂਡ ਟਿਕਾਣੇ ਨਹੀਂ ਆਉਂਦਾ। ਤੇ ਟਾਈਮ? ਟਾਈਮ ਕਿਹਦੇ ਕੋਲ਼ ਹੈ? ਮਜ਼ਹਰ ਤਿਰਮਜ਼ੀ ਦੀ ਕਵਿਤਾ ਹੈ - ਕਿਸ ਨੂੰ ਏਨਾ ਵਿਹਲ ਜੋ ਸੋਚੇ / ਰਾਤ / ਸਮੁੰਦਰ / ਅੰਬਰ/ ਧਰਤੀ/ ਚੰਨ ਹਵਾ ਤੇ ਤਾਰਿਆਂ ਬਾਰੇ/ਗ਼ਮ ਦੇ ਮਾਰਿਆਂ ਬਾਰੇ?