ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/133

ਸਾਈਕਲ ਚਲਾਉਂਦਿਆਂ
ਤੁਸੀਂ ਲੱਖ ਲੱਖ ਸ਼ੁਕਰ ਕਰਦੇ ਹੋ
ਤੁਹਾਡੀ ਕੀਮਤ ਇਕ ਸਕੂਟਰ ਜਮ੍ਹਾਂ
ਪੈਟਰੋਲ ਅਲਾਉਂਸ ਨਹੀਂ ਪਈ
ਜਾਂ ਸੈਂਕੜੇ ਅਖ਼ਬਾਰਾਂ ਦੀ ਰੱਦੀ ਦੇ ਬਰਾਬਰ
ਤੁਸੀਂ ਤੁਲੇ ਨਹੀਂ

ਸਾਈਕਲ ਚਲਾਉਂਦਿਆਂ
ਕਾਮਰੇਡ ਵਿਦਿਆ ਰਤਨ ਯਾਦ ਆਉਂਦਾ ਹੈ
ਜੋ ਕਮਿਉਨਿਸਟ ਪਾਰਟੀ ਦੀ ਸਟੇਜ 'ਤੇ
ਸਾਈਕਲ ਬਾਰੇ ਲਿਖੀ ਲੰਮੀ ਕਵਿਤਾ ਸੁਣਾਉਂਦਾ ਹੁੰਦਾ ਸੀ
ਉਹਦੇ ਦੋਹਵੇਂ ਹੱਥ ਨਹੀਂ ਸਨ
ਹੁਣ ਤਾਂ ਮੁੱਦਤ ਹੋ ਗਈ
ਵਿਦਿਆ ਰਤਨ ਬਾਰੇ ਵੀ ਕੁਝ ਸੁਣਿਆਂ
ਤੇ ਅਚਾਨਕ ਖਹਿਸਰ ਕੇ ਲੰਘੀ ਕਾਰ ਨੂੰ
ਤੁਸੀਂ ਗਾਲ਼੍ਹ ਕਢ ਸਕਦੇ ਹੋ
ਜਮਾਤੀ ਨਫ਼ਰਤ ਦੇ ਇਜ਼ਹਾਰ ਵਜੋਂ

ਸਾਈਕਲ ਚਲਾਉਂਦਿਆਂ ਤੁਸੀਂ ਮਹਿਸੂਸ ਕਰਦੇ ਹੋ -
ਤੁਸੀਂ ਇਕੱਲੇ ਨਹੀਂ ਹੋ
ਇਸ ਪਿਆਰੀ ਮਾਤਭੂਮੀ ਦੇ ਦੋ ਕਰੋੜ
ਸਾਈਕਲ ਸਵਾਰ ਤੁਹਾਡੇ ਨਾਲ਼ ਹਨ
ਫ਼ੈਕਟਰੀਆਂ ਦੇ ਮਜ਼ਦੂਰ
ਦਫ਼ਤਰਾਂ ਦੇ ਕਲਰਕ ਬਾਦਸ਼ਾਹ
ਫੇਰੀਆਂ ਵਾਲ਼ੇ
ਸਕੂਲਾਂ ਕਾਲਜਾਂ ਦੇ ਪਾੜ੍ਹੇ
ਹੋਰ ਤਾਂ ਹੋਰ
ਸਾਈਕਲ ਚੋਰ ਵੀ