ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/128

ਦੀ ਪੈਰਿਸ ਦੀ ਅਜ਼ੀਮ ਨੁਮਾਇਸ਼ ਵਿਚ ਵੀਲੋਸੀਪੀਦ Velocipedas ਦੀ ਬੜੀ ਮਸ਼ਹੂਰੀ ਹੋਈ। ਇਹਦੀ ਧੁੰਮ ਅਮਰੀਕਾ ਇੰਗਲੈਂਡ ਤਾਈਂ ਪੁੱਜ ਗਈ। ਸੰਨ 1888 ਵਿਚ ਆਇਰਲੈਂਡ ਦੇ ਸਲੋਤਰੀਏ ਜੰਨ੍ਹ ਡਨਲਪ ਨੇ ਸਾਈਕਲ ਦੇ ਪਹੀਆਂ ਨੂੰ ਰਬੜ ਦੇ ਟਾਇਰ ਲਾ ਦਿੱਤੇ। ਫੇਰ ਹਰ ਬੰਦਾ ਰਾਹਵਾਂ ਦਾ ਬਾਦਸ਼ਾਹ ਤੇ ਹਰ ਔਰਤ ਰਾਣੀ ਬਣ ਗਈ।

ਇਹ ਸਤਰਾਂ ਲਿਖਦਿਆਂ ਮੈਨੂੰ ਉਹ ਸਾਰੇ ਸਾਈਕਲ ਯਾਦ ਆ ਰਹੇ ਹਨ, ਜਿਨ੍ਹਾਂ ਨੂੰ ਮੈਂ ਕਦੇ ਚਲਾਇਆ ਸੀ। ਉਹ ਸਾਈਕਲ ਹੁਣ ਕਿਤੇ ਹੋਣਗੇ? ਸੱਜਣਾਂ ਵਾਂਙ ਸਾਈਕਲ ਵੀ ਅਲੋਪ ਹੋ ਜਾਂਦੇ ਹਨ। ਅਪਣੇ ਬਚਪਨ ਦੇ ਤਿੰਨ ਪਹੀਆਂ ਵਾਲ਼ੇ ਸਾਈਕਲ ਦੀ ਤਸਵੀਰ ਮੇਰੇ ਕੋਲ਼ ਹੈ। ਮੈਨੂੰ ਕਾਰ ਚਲਾਉਣੀ ਨਹੀਂ ਆਉਂਦੀ। ਕਦੇ ਸਿੱਖਣ ਦੀ ਲੋੜ ਹੀ ਨਹੀਂ ਪਈ। ਜੇ ਕਿਤੇ ਚਲਾਈ, ਤਾਂ ਸਾਈਕਲ ਸਿੱਖਣ ਵੇਲੇ ਜੋ ਚਾਅ ਤੇ ਘਬਰਾਹਟ ਸੀ, ਉਹ ਤਾਂ ਹੁਣ ਨਹੀਂ ਹੋਣ ਲੱਗੀ। ਮੈਂ ਪਹਿਲੀ ਵਾਰ ਕੈਂਚੀ ਮਾਰ ਕੇ ਸਾਈਕਲ ਚਲਾਉਣ ਲੱਗਾ ਚੁਫਾਲ਼ ਡਿਗ ਪਿਆ ਸੀ। ਹੱਥ ਗੋਡੇ ਛਿੱਲੇ ਗਏ ਸੀ। ਮੈਨੂੰ ਇਕੱਲੇ ਰਹਿਣ ਦੀ ਆਦਤ ਪਹਿਲਾਂ ਤੋਂ ਹੀ ਹੈ। ਅੱਕ ਕੇ ਮੈਂ ਸਾਈਕਲ ਚੁੱਕਦਾ ਤੇ ਨਕੋਦਰ ਸ਼ਹਿਰ ਵਿਚ ਤੇ ਆਲ਼ੇਦੁਆਲ਼ੇ ਦੇ ਪਿੰਡਾਂ ਨੂੰ ਜਾਂਦੀਆਂ ਸੜਕਾਂ 'ਤੇ ਇਕੱਲਾ ਭਉਂਦਾ ਰਹਿੰਦਾ, ਜਿਨ੍ਹਾਂ ਸੜਕਾਂ ਉੱਤੇ ਕਦੇ ਮੇਰੇ ਪਿਤਾ ਨੇ ਮਿਹਨਤ-ਮਜੂਰੀ ਕਰਨ ਜਾਂਦਿਆਂ ਸਾਈਕਲ ਚਲਾਇਆ ਹੋਏਗਾ। ਇਹ ਬੜੇ ਮਾਣ ਨਾਲ਼ ਦੱਸਦੇ ਹੁੰਦੇ ਸੀ: ਸਾਰੇ ਨਕੋਦਰ ਦੇ ਇਲਾਕੇ 'ਚ ਪਹਿਲਾ ਸਾਈਕਲ ਰੈਲੇ ਮੈਂ ਖ਼ਰੀਦਿਆ ਸੀ। -ਏਨਾ ਹੀ ਸਾਈਕਲ ਚਲਾਉਣ ਵਾਲ਼ੀ ਪਹਿਲੀ ਪੰਜਾਬਣ ਹੁੱਬਦੀ ਹੋਣੀ ਹੈ। ਨਿੱਕੇ ਹੁੰਦੇ ਅਸੀਂ ਮਾਂ ਦੀ ਉਮਰ ਦੀ ਤੀਵੀਂ ਨੂੰ ਸ਼ੰਕਰ ਦੀ ਸੜਕ 'ਤੇ ਸਾਈਕਲ ਚਲਾਉਂਦੀ ਜਾਂਦੀ ਨੂੰ ਦੇਖਦੇ ਹੁੰਦੇ ਸੀ। ਹਰ ਜ਼ਮਾਨੇ ਦੇ ਅਪਣੇ ਅਜੂਬੇ ਹੁੰਦੇ ਹਨ। ਕੁਲਵੰਤ ਸਿੰਘ ਵਿਰਕ ਨੇ ਅਪਣੇ ਵੇਲੇ ਦੀਆਂ ਸਾਈਕਲ ਚਲਾਉਂਦੀਆਂ ਕੁੜੀਆਂ ਨੂੰ ਸ਼ੇਰਨੀਆਂ ਆਖ ਕੇ ਉਨ੍ਹਾਂ ਦੀ ਕਹਾਣੀ ਲਿਖੀ ਸੀ।