ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/122

ਇਹ ਸੁਆਣੀ ਅਪਣਾ ਆਪ ਸ਼ੀਸ਼ੇ ਵਿਚ ਇਸ ਤਰ੍ਹਾਂ ਨਹੀਂ ਦੇਖਦੀ ਹੋਣੀ। ਸ਼ੀਸ਼ੇ ਅੱਗੇ ਤੀਵੀਂ ਬੇਵਾਹਰੀ ਹੋ ਜਾਂਦੀ ਹੈ, ਬਸ਼ਰਤਿ ਕਿ ਉਹ ਇਕੱਲੀ ਹੋਵੇ।

ਸੁਆਣੀ ਦਾ ਮਰਦ ਸ਼ੂਕਾ ਲਗਦਾ ਹੈ। ਸ਼ੂਕਾ ਸ਼ਬਦ ਮੋਗੇ-ਫ਼ਰੀਦਕੋਟ ਵਲ ਵਰਤਿਆ ਜਾਂਦਾ ਹੈ। ਇਹਦਾ ਮਤਲਬ ਹੈ - ਸ਼ੁਕੀਨ ਤੇ ਆਸ਼ਕ- ਮਿਜ਼ਾਜ। ਇਹ ਸ਼ਬਦ ਕਿਸੇ ਮਿਹਨਤਕਸ਼ ਲਈ ਵਰਤਿਆ ਹੀ ਸੁਹਣਾ ਲਗਦਾ ਹੈ। ਸੰਨ 1929 ਵਿਚ ਹਾਲੇ ਕਿਸ਼ਤੀ ਵਰਗੀ ਤਹਿ ਵਾਲ਼ੀ ਚਿੱਟੀ ਪੱਗ ਬੰਨ੍ਹਣ ਦਾ ਰਿਵਾਜ ਨਹੀਂ ਸੀ ਪਿਆ। ਅਪਣੇ ਹੀ ਅੰਦਾਜ਼ ਦੀ ਇਹ ਪੱਗ ਜਣੇ ਨੇ ਅਪਣੇ ਵਿਆਹ ਵਾਲ਼ੇ ਦਿਨ ਵੀ ਇੰਜ ਦੀ ਹੀ ਬੰਨ੍ਹੀ ਹੋਏਗੀ। ਦਿਨ ਸੁਧ ਵੇਲੇ ਤੇ ਸ਼ੰਕਰ ਦੀ ਛਿੰਜ ਵੇਲੇ ਇਹ ਜਣਾ ਪੱਗ ਇਸ ਤਰ੍ਹਾਂ ਹੀ ਬੰਨ੍ਹਦਾ ਹੋਣਾ ਹੈ। ਡਬਲ-ਬ੍ਰੈਸਟ ਦੀ ਇਹ ਜੈਕਟ ਹੋ ਸਕਦੈ, ਇਹਨੇ ਵਿਆਹ ਵਾਸਤੇ ਸੰਵਾਈ ਹੋਏਗੀ ਜਾਂ ਕੀਨੀਆ ਜਾਣ ਵੇਲੇ। ਕੀ ਅਪਣਾ ਘਰ ਛੱਡਣਾ ਵੀ ਕੋਈ ਜਸ਼ਨ ਹੁੰਦਾ ਹੈ? ਜੈਕਟ ਵਿਚ ਰੇਸ਼ਮੀ ਰੁਮਾਲ ਵਿਚ ਪਏ ਵੱਟਾਂ ਤੋਂ ਲਗਦਾ ਹੈ ਕਿ ਇਹ ਇਹਨੇ ਤਸਵੀਰ ਖਿਚਵਾਣ ਵੇਲੇ ਹੀ ਜੇਬ ਵਿਚ ਰਖਿਆ ਹੋਏਗਾ। ਇਕ ਜੇਬ ਢਕੀ ਹੋਈ ਨਹੀਂ। ਇਹਦੀ ਕਮੀਜ਼ ਦੇ ਕਾਲਰ ਦੀਹਦੇ ਨਹੀਂ। ਫ਼ੋਟੋਗਰਾਫ਼ਰ ਨੇ ਨੈਕਟਾਈ ਲਾ ਲੈਣ ਨੂੰ ਕਿਹਾ ਹੋਣਾ ਹੈ, ਪਰ ਇਹਨੇ ਗਲ਼ ਚ ਫਾਹਾ ਪਾਉਣੋਂ ਨਾਂਹ ਕਰ ਦਿੱਤੀ। ਸੁਹਣੇ ਮੁੱਖੜੇ ਦੀਆਂ ਅੱਖਾਂ ਕੈਮਰੇ ਦੀ ਅੱਖ ਚ ਨਹੀਂ ਦੇਖ ਰਹੀਆਂ। ਕੀ ਇਸ ਬੰਦੇ ਨੂੰ ਜਾਗਦਿਆਂ ਸੁਫ਼ਨੇ ਦੇਖਣ ਦੀ ਆਦਤ ਸੀ? ਜਾਂ ਫ਼ੋਟੋਕਾਰ ਨੇ ਇਹਨੂੰ ਹੋਰ ਪਾਸੇ ਦੇਖਣ ਨੂੰ ਆਖਿਆ ਸੀ? ਬੇਰੰਗ ਪਰਦੇ ਨਾਲ਼ ਅਭੇਦ ਹੋ ਰਹੀਆਂ ਇਨ੍ਹਾਂ ਆਕ੍ਰਿਤੀਆਂ ਤੋਂ ਕਿਸੇ ਸੁਪਨ-ਮੰਡਲ ਦਾ ਝਉਲਾ ਪੈਂਦਾ ਹੈ। ਪਰਦੇ ਦੇ ਨਾਲ਼ ਢੋਅ ਲਾ ਕੇ ਖੜ੍ਹੇ ਏਸ ਬੰਦੇ ਦਾ ਅਪਣੀ ਤੀਵੀਂ ਦੇ ਖੱਬੇ ਪੱਟ ਤੋਂ ਰੀਣ ਕੁ ਪਰ੍ਹਾਂ ਟਿਕਿਆ ਹੱਥ ਇਹਦੀ ਭਰਪੂਰ ਜਵਾਨੀ ਤੇ ਮਿਹਨਤਕਸ਼ੀ ਦਾ ਚਿੰਨ੍ਹ ਹੈ। ਇਹਦੀਆਂ ਅੱਖਾਂ ਥੋਹੜੀਆਂ ਜਿਹੀਆਂ ਹੈਰਾਨ ਹਨ। ਪਰ ਸਾਰਾ ਵਜੂਦ ਜਿਵੇਂ ਆਖ ਰਿਹਾ ਹੈ - ਕੋਈ ਪਰਵਾਹ ਨਹੀਂ। -