ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/121


ਖ਼ਿਆਲ ਆਉਂਦਾ ਹੈ; ਜਿਹੜੀਆਂ ਕਿੰਨੇ ਕਿੰਨੇ ਸਾਲ ਅਪਣੇ ਮਰਦਾਂ ਤੋਂ ਵਾਂਝੀਆਂ ਰਹੀਆਂ ਸਨ ਤੇ ਫੇਰ ਅਪਣੀ ਮਾਂ ਦਾ। ਤਸਵੀਰ ਵਿਚਲਾ ਮਰਦ ਇਸ ਗੱਲੋਂ ਵੀ ਭਾਗਾਂ ਵਾਲ਼ਾ ਸੀ ਕਿ ਇਹਨੂੰ ਮਨੀਲੇ, ਮਲਾਇਆ, ਸਿਆਮ ਤੇ ਮਿਰਕਣ ਗਏ ਅਪਣੇ ਵਤਨੀਆਂ ਵਾਂਙ ਚੋਰੀ ਦਾ ਵਿਆਹ ਨਹੀਂ ਸੀ ਕਰਵਾਉਣਾ ਪਿਆ; ਨਹੀਂ ਤਾਂ ਪਿਛਲੀ ਉਮਰੇ ਇਹਨੂੰ ਚੋਰੀ ਸਹੇੜੇ ਟੱਬਰ ਨੂੰ ਦੱਸੇ ਬਿਨਾਂ ਛੱਡ ਕੇ ਨੱਸ ਆਉਣ ਦੀ ਨਮੋਸ਼ੀ ਨੇ ਮਾਰਨਾ ਸੀ। ਹੋ ਸਕਦੈ, ਸੁਆਣੀ ਕੁਝ ਚਿਰ ਪਹਿਲਾਂ ਹੀ ਕੀਨੀਆ ਪਹੁੰਚੀ ਹੋਏਗੀ। ਅਪਣੀ ਵਰ੍ਹਿਆਂ ਦੀ ਜਿਸਮਾਨੀ ਭੁੱਖ ਲਾਹੁਣ ਮਗਰੋਂ ਅਪਣੇ ਵਸਲ ਦੀ ਨਿਸ਼ਾਨੀ ਰਖਣ ਲਈ ਜਾਂ ਅਪਣੇ ਅੰਗ-ਸਾਕਾਂ ਨੂੰ ਰਾਜ਼ੀਖ਼ੁਸ਼ੀ ਦਾ ਦੱਸਣ ਲਈ ਇਨ੍ਹਾਂ ਦੋਹਵਾਂ ਨੇ ਸੋਚਿਆ ਹੋਏਗਾ ਕਿ ਚਲੋ ਚਲ ਕੇ ਨਕੋਦਰੀਏ ਗੋਪਾਲ ਸਿੰਘ ਕੋਲ਼ੋਂ ਫ਼ੋਟੋ ਲਹਾਉਂਦੇ ਹਾਂ। ਇਨ੍ਹਾਂ ਦਾ ਇਹ ਫ਼ੈਸਲਾ ਤੇ ਇਹ ਵਾਰਦਾਤ ਬਿਲਕੁਲ ਨਿਜੀ ਸੀ, ਇਸ ਲਈ ਇਹ ਤਸਵੀਰ ਇਤਿਹਾਸਕ ਨਹੀਂ ਹੈ। ਮਿਸਤਰੀਆਂ ਦੀ ਵਹੁਟੀ ਦੇਖਣ ਨੂੰ ਸਰਦਾਰਾਂ ਦੀ ਬੀਬੀ ਲਗਦੀ ਹੈ। ਜੇ ਕੀਨੀਆ ਦੇ ਹਵਾਲੇ ਨੂੰ ਇਸ ਫ਼ੋਟੋ ਚੋਂ ਖ਼ਾਰਜ ਕਰ ਦਿੱਤਾ ਜਾਏ, ਤਾਂ ਇਹ ਲਹੌਰ ਵਰਗੇ ਸ਼ਹਿਰ ਜਾ ਕੇ ਵੱਸੇ ਟੱਬਰ ਦੀ ਵੀ ਹੋ ਸਕਦੀ ਹੈ। ਕੈਮਰੇ ਦੀ ਅੱਖ ਵਿਚ ਝਾਕ ਰਹੀ ਸੁਆਣੀ ਦੇ ਅਣਕੱਜੇ ਮੁੱਖੜੇ, ਤੇਲ ਲਾ ਕੇ ਵਾਹੇ ਵਾਲ਼ਾਂ ਦੇ ਵਿੰਝੇ ਚੀਰ, ਲਟਕਦੀ ਵਾਲ਼ੀ, ਕੋਕੇ, ਮਾਮੂਲੀ-ਜਿਹੀ ਲਿਟ ਤੇ ਵਾਲ਼ ਸਾਂਭਣ ਲਈ ਲਾਈ ਸੂਈ ਵਿਚ ਪੂਰਾ ਹੌਸਲਾ ਝਲਕਦਾ ਹੈ; ਪਰ ਇਹਦੇ ਮਿਹਨਤੀ ਮਜ਼ਬੂਤ ਹੱਥ ‘ਸਰਦਾਰਾਂ’ ਦੀਆਂ ਤੀਵੀਂਆਂ ਵਰਗੇ ਸੁਹਲ ਨਹੀਂ। ਅਪਣੇ ਘਰ ਵਾਲ਼ੇ ਦੀ ਲਾਈ ਘੜੀ ਨੇ ਇਹਦੀ ਕਢਾਈ ਵਾਲ਼ੇ ਦੁਪੱਟੇ ਦੀ ਲੈਅ ਨੂੰ ਮਾਂਦ ਪਾਇਆ ਹੋਇਆ ਹੈ। ਇਸ ਤੀਵੀਂ ਦੇ ਸਾਰੇ ਵਜੂਦ ਦਾ ਜਬਾ ਇਸੇ ਦੁਪੱਟੇ ਸਦਕਾ ਹੈ। ਇਹਨੇ ਇਹਦੇ ਦੋ ਘੋੜਿਆਂ ਦੀ ਬੋਸਕੀ ਦੇ ਸੂਟ ਨੂੰ ਵੀ ਢਕਿਆ ਹੋਇਆ ਹੈ। ਜਿਵੇਂ ਇਹਨੇ ਅਪਣੇ ਹੱਥ ਅਪਣੇ ਪੱਟਾਂ ਵਿਚਾਲੇ ਰੱਖੇ ਹੋਏ ਹਨ, ਉਸ ਤੋਂ ਇਹਦਾ ਕੱਜਣ ਹੋਰ ਅਖ਼ਤਿਆਰੀ ਹੋ ਗਿਆ ਹੈ।