ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/120

ਦੀਆਂ ਹੁੰਦੀਆਂ ਹਨ। ਇਸ ਲਿਹਾਜ਼ ਨਾਲ਼ ਕੈਮਰੇ ਦਾ ਮੂੰਹ ਹਮੇਸ਼ਾਂ ਪਿੱਛੇ ਵਲ ਹੁੰਦਾ ਹੈ। ਕੈਮਰੇ ਤੇ ਕਹਾਣੀ ਦੀ ਕਲਾ ਉਸ ਬਿੰਦੂ ਤੋਂ ਸ਼ੁਰੂ ਹੁੰਦੀ ਹੈ, ਜੋ ਲੰਘ ਗਿਆ ਹੈ ਜਾਂ ਪਿੱਛੇ ਰਹਿ ਗਿਆ ਹੈ। ਕੈਮਰੇ ਦੀ ਕਲਿਕ ਸਮੇਂ ਦੇ ਅਨੰਤ ਵਹਿਣ ਨੂੰ ਤੋੜ ਕੇ ਉਹਨੂੰ ਦਰਜ ਕਰ ਲੈਂਦੀ ਹੈ। (ਸਾਡੀ ਨਜ਼ਰ ਸਮੇਂ ਦੇ ਵਹਿਣ ਨੂੰ ਕੈਮਰੇ ਵਾਂਙ ਤੋੜਦੀ ਨਹੀਂ, ਸਮੇਂ ਦੇ ਨਾਲ਼ ਨਾਲ਼ ਚਲਦੀ ਹੈ। ਇਸੇ ਲਈ ਯਾਦ ਅਕਸਾਂ ਦਾ ਵਹਿਣ ਹੁੰਦੀ ਹੈ) ਹਰ ਤਸਵੀਰ ਦਸਦੀ ਹੈ ਕਿ ਤਸਵੀਰ ਖਿੱਚੇ ਜਾਣ ਦੇ ਵੇਲੇ ਤੇ ਹੁਣ-ਖਿਣ ਵਿਚਾਲ਼ੇ ਖਾਈ ਹੈ ਛੋਟੀ ਜਾਂ ਬਹੁਤ ਵੱਡੀ।

ਹਰ ਤਸਵੀਰ ਵਾਂਙ ਇਸ ਤਸਵੀਰ ਦਾ ਵੀ ਇਤਿਹਾਸ ਹੈ। ਇਹ ਪੰਜਾਬੀਆਂ ਦੇ ਪਰਵਾਸ ਦੀ ਕਿਤਾਬ ਦਾ ਵਰਕਾ ਹੈ। ਇਹ ਮੈਨੂੰ ਚੰਗੀ ਲਗਦੀ ਹੈ, ਕਿਉਂਕਿ ਇਹ ਮੇਰੇ ਬਾਪ ਦੀ ਖਿੱਚੀ ਹੋਈ ਹੈ ਤੇ ਤਸਵੀਰ ਵਿਚਲੇ ਤੀਵੀਂ ਆਦਮੀ ਬਾਰੇ ਮੈਨੂੰ ਏਨਾ ਹੀ ਪਤਾ ਹੈ ਕਿ ਇਹ ਸਾਡੇ ਨਗਰ ਨਕੋਦਰ ਦੇ ਗੁਆਂਢ ਪਿੰਡ ਚੱਕ ਮੁਗ਼ਲਾਣੀ ਦੇ ਸੀ। ਇਹ ਤਸਵੀਰ ਸੰਨ 1929 ਦੀ ਹੈ। ਇਹ ਨੈਰੋਬੀ (ਕੀਨੀਆ) ਵਿਚ ਖਿੱਚੀ ਗਈ ਸੀ। ਇਹਦੇ ਖਿੱਚੇ ਜਾਣ ਤੇ ਹੁਣ ਵਿਚਾਲ਼ੇ ਵਰ੍ਹਿਆਂ ਦੀ ਖਾਈ ਹੈ। ਇਹ ਸੋਚ ਕੇ ਦਿਲ ਡੁੱਬਦਾ ਹੈ ਕਿ ਅਜ ਇਸ ਜਹਾਨ ਵਿਚ ਨਾ ਤਸਵੀਰ ਵਿਚ ਬੈਠਾ ਜੋੜਾ ਹੈ ਤੇ ਨਾ ਤਸਵੀਰ ਖਿੱਚਣ ਵਾਲ਼ਾ ਮੇਰਾ ਬਾਪ। ਇਹ ਤਸਵੀਰ ਦਸਦੀ ਹੈ ਕਿ ਜ਼ਿੰਦਗੀ ਕਿੰਨੀ ਭਰਪੂਰ ਹੈ। ਇਹ ਤਸਵੀਰ ਇਹ ਵੀ ਚਤਾਰਦੀ ਹੈ ਕਿ ਬੰਦਿਆ ਤੂੰ ਨਾਸ਼ਵਾਨ ਏਂ।

ਇਹ ਤਸਵੀਰ ਔਰਤ ਮਰਦ ਦੇ ਵਸਲ ਦੀ ਨਿਸ਼ਾਨੀ ਹੈ। ਇਹ ਜਣੇ ਬੜੇ ਭਾਗਾਂਵਾਲ਼ੇ ਸਨ ਕਿ ਇਹ ਇਕੱਠੇ ਸਨ; ਭਾਵੇਂ ਕੀਨੀਆ ਚ ਮਿਲਣ ਤੋਂ ਪਹਿਲਾਂ ਕੀ ਪਤਾ ਇਨ੍ਹਾਂ ਨੂੰ ਕਿੰਨਾ ਵਿਛੋੜਾ ਝੱਲਣਾ ਪਿਆ ਹੋਏਗਾ। ਇਸ ਸਦੀ ਦੇ ਸ਼ੁਰੂ ਚ ਮਰਦ ਪਰਦੇਸੀਂ ਕਮਾਈਆਂ ਕਰਨ ਨਿਕਲ਼ੇ ਅਪਣੀਆਂ ਘਰਵਾਲ਼ੀਆਂ ਨੂੰ ਪਿੱਛੇ ਛੱਡ ਜਾਂਦੇ ਸਨ।

ਮੈਨੂੰ ਅਪਣੀ ਦਾਦੀ ਤੇ ਉਹਦੀਆਂ ਦਰਾਣੀਆਂ ਜਠਾਣੀਆਂ ਦਾ