ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/113


ਨਾਲ਼-ਦੀ ਤਸਵੀਰ ਗਹੁ ਨਾਲ਼ ਦੇਖੋ। ਇਹ ਹੱਥੀਂ ਬਣਾਈ ਤਸਵੀਰ ਦੀ ਤਸਵੀਰ ਹੈ। ਫ਼ੌਰਨ ਅੱਖਾਂ ਅੱਗੇ ਅੱਧਨੰਗੀ ਔਰਤ ਆਉਂਦੀ ਹੈ। ਇਹਦੇ ਹੱਥ ਦੱਸਦੇ ਨੇ ਕਿ ਇਨ੍ਹਾਂ ਇਹਦੀਆਂ ਛਾਤੀਆਂ ਨੂੰ ਕੱਜਿਆ ਹੋਇਆ ਹੈ। ਕੀ ਔਰਤ ਦੇ ਜਿਸਮ ਦਾ ਇਹ ਸੰਕੋਚ ਸਹਿਜ-ਸੁਭਾਅ ਹੈ? ਜਾਂ ਕਿਸੇ ਹੋਰ ਦੀ ਮੌਜੂਦਗੀ ਕਰਕੇ? ਤਸਵੀਰ ਵਿਚ ਹੋਰ ਕੋਈ ਜੀਅ ਨਹੀਂ। ਇਹ ਅਪਣੇ ਹੀ ਅੱਗੇ ਡਰੀ, ਸਹਿਮੀ ਤੇ ਝਿਜਕੀ ਖੜ੍ਹੀ ਹੈ।

ਇਹ ਤਸਵੀਰ ਆਮ ਤਸਵੀਰਾਂ ਵਾਂਙ ਦੋਪੱਖੀ ਨਹੀਂ, ਬਹੁਪੱਖੀ ਹੈ। ਹਰ ਤਸਵੀਰ ਅਪਣੇ ਆਪ ਚ ਚੌਖਟਾ (ਫ਼ਰੇਮ) ਹੁੰਦੀ ਹੈ। ਇਸ ਤਸਵੀਰ ਵਿਚ ਕਈ ਚੌਖਟੇ ਹਨ। ਇਹ ਫ਼ਰੇਮ ਵੀ ਹੈ ਤੇ ਬਾਰੀ ਵੀ। ਤੇ ਕੋਈ ਨੇੜਿਓਂ ਜਾਂ ਦੂਰੋਂ ਇਸ ਤੀਵੀਂ ਵਲ ਝਾਕ ਰਿਹਾ ਹੈ। ਇਹਨੇ ਜਾਂ ਤਾਂ ਜਾਣਦਿਆਂ ਹੋਇਆਂ ਝਾਕਣ ਵਾਲ਼ੇ ਵਲ ਪਿਠ ਕੀਤੀ ਹੋਈ ਹੈ; ਜਾਂ ਚੁਗਲਝਾਤ ਮਾਰਨ ਵਾਲ਼ੇ ਤੋਂ ਅਣਜਾਣਦਿਆਂ ਇਹ ਸ਼ੀਸ਼ੇ ਅੱਗੇ ਅਪਣਾ ਉਭਾਰ ਕੱਜ ਕੇ ਦੇਖ ਰਹੀ ਹੈ ਕਿ ਕਿਹੋ ਜਿਹਾ ਲਗਦਾ ਹੈ। ਸ਼ੀਸ਼ੇ ਅੱਗੇ 'ਕੱਲੀ ਤੀਵੀਂ ਕਿਹੋ ਜਿਹੀਆਂ ਹਰਕਤਾਂ ਕਰਦੀ ਹੋਏਗੀ? ਤਸਵੀਰ ਵਾਲ਼ੀ ਤੀਵੀਂ ਦੇ ਸਿਰ ਦੇ ਬਰਾਬਰ ਦਰੀ ਦਾ ਪੰਜਾਬੀ ਨਮੂਨਾ (ਰੁੱਖ ਜਾਂ ਤਾਰਾ) ਜਾਂ ਤਾਂ ਉਹਦੇ ਪਿਛਾੜੀ ਕੰਧ ਦਾ ਸ਼ੀਸ਼ੇ ਚ ਪੈਂਦਾ ਅਕਸ ਹੈ ਜਾਂ ਉਹਦੇ ਅੱਗੇ ਵਾਲ਼ੀ ਕੰਧ ਦਾ। ਤੁਰਕੀ ਵਿਚ ਇਸੇ ਨਮੂਨੇ ਦਾ ਮਤਲਬ ਹੋਣੀ ਤੋਂ ਹੁੰਦਾ ਹੈ। ਇਹ ਤੀਵੀਂ ਕੀ ਸੋਚਦੀ ਹੈ? ਇਹਦੇ ਦਿਲ ਚ ਕੀ ਹੈ? ਸਿਰ ਉੱਤੇ ਰਾਹ ਦਿੰਦੀਆਂ ਔਂਸੀਆਂ ਹਨ। ਕੀ ਇਹਦੇ ਭਾਣੇ ਇਹਦੀ ਉਡੀਕ ਮੁੱਕ ਗਈ ਹੈ? ਵੇਗਮੱਤੀਆਂ ਉਂਗਲ਼ਾਂ ਚ ਕਾਮ ਜਾਗਿਆ ਹੋਇਆ ਹੈ। ਕੀ ਇਹ ਅਪਣੇ ਪ੍ਰੇਮੀ ਜਾਂ ਪ੍ਰੇਮਣ ਦੇ ਪਿੰਡੇ ਨੂੰ ਇੰਜ ਹੀ ਟੋਂਹਦੀ ਹੁੰਦੀ ਹੈ?

ਇਸ ਤੀਵੀਂ ਦਾ ਪਿੰਡਾ ਰੱਬ ਦਾ ਵਿਹਲੇ ਵੇਲੇ ਬੈਠ ਕੇ ਬਣਾਇਆ ਵੀਨਸ ਜਾਂ ਪਾਰਵਤੀ ਦਾ ਪਿੰਡਾ ਨਹੀਂ। ਇਹ ਤਸਵੀਰ ਲੁੱਚੇ ਰਸਾਲਿਆਂ ਦੀਆਂ ਤਸਵੀਰਾਂ ਵਰਗੀ ਬੇਹਯਾ ਤੇ ਹੁਸ਼ਿਆਰੀ ਲਿਆਉਣ ਵਾਲ਼ੀ ਨਹੀਂ।