ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੈਲਸੂਫੀਆਂ/97


ਮੈਨੂੰ ਕਿਤਾਬਾਂ ਨਾਲ਼ ਇਸ਼ਕ ਹੈ। ਮੈਂ ਕਿਤਾਬ ਘੁਟ-ਘੁਟ ਕਰਕੇ ਪੜ੍ਹਦਾ ਹਾਂ, ਜਿਵੇਂ ਸਿਆਲ਼ ਦੀ ਨਿੱਘੀ ਰਾਤੇ ਸੱਜਣ ਨਾਲ਼ ਗੱਲਾਂ ਕਰਦਿਆਂ ਕਾਲ਼ੀ ਕੌਫ਼ੀ ਘੁਟ-ਘੁਟ ਕਰਕੇ ਪੀਵੀਦੀ ਹੈ। ਕਈ ਵਾਰ ਪੜ੍ਹਦਿਆਂ ਲਗਦਾ ਹੈ ਕਿ ਇਹ ਕਿਤਾਬ ਤਾਂ ਲਿਖਣ ਵਾਲ਼ੇ ਨੇ ਮੇਰੇ ਲਈ ਲਿਖੀ; ਮੇਰੇ ਲਈ ਛਾਪੀ ਤੇ ਕਿਸੇ ਦੇ ਹੱਥ ਮੈਨੂੰ ਘੱਲੀ ਹੈ। ਚਿੱਟੇ ਕਾਗ਼ਜ਼ 'ਤੇ ਨਿੱਕੀਆਂ-ਨਿੱਕੀਆਂ ਗੁਲ਼ਾਈਆਂ ਤੇ ਬਿੰਦੀਆਂ ਵਿਚ ਖਿਲਰੀ ਸਿਆਹੀ ਵਿਚ ਚਾਨਣ ਦੇ ਨਿੱਕੇ-ਨਿੱਕੇ ਚਸ਼ਮੇ ਫੁਟਦੇ ਨਜ਼ਰ ਆਉਂਦੇ ਹਨ। ਕਿਤਾਬਾਂ ਸਾਹ ਲੈਂਦੀਆਂ ਹਨ। ਚੰਗੀ ਕਿਤਾਬ ਪੜ੍ਹ ਕੇ ਦੁਨੀਆ ਹੋਰ ਹੋਰ ਨਜ਼ਰ ਆਉਂਦੀ ਹੈ - ਜੀਉਣ ਜੋਗੀ। ਕਿਤਾਬ ਤੇ ਕਾਰੀ (ਪਾਠਕ) ਦੀ ਵਫ਼ਾ ਤੋੜ ਤਕ ਨਿਭਣ ਵਾਲ਼ੀ ਵਫ਼ਾ ਹੈ। ਕਿਤਾਬ ਕਾਰੀ ਤੋਂ ਸਿਰਫ਼ ਸਤਿਕਾਰ ਮੰਗਦੀ ਹੈ, ਹੋਰ ਕੁਝ ਨਹੀਂ।

ਜੌਨ੍ਹ ਬਰਜਰ ਨੇ ਇਕ ਥਾਂ ਲਿਖਿਆ ਹੈ: "ਬੋਲੀ ਸਾਡੀ ਗੱਲ ਸੁਣਦੀ ਹੈ। ਬੋਲੀ ਕਵਿਤਾ ਨਾਲ਼ ਗੱਲੋੜੀਆਂ ਕਰਦੀ ਹੈ। " ਇਨਸਾਨ ਨੇ ਪਹਿਲਾਂ ਅਪਣਾ ਦਿਲ ਅਣਜੰਮਿਆਂ ਵਾਸਤੇ ਪੱਥਰਾਂ ਉੱਤੇ ਖੋਲ੍ਹਿਆ ਸੀ, ਫੇਰ ਪੱਤਰਾਂ ਉੱਤੇ ਅਤੇ ਫੇਰ ਕਾਗ਼ਜ਼ ਉੱਤੇ। ਹੁਣ ਇਹ ਪਲਾਸਟਿਕ ਉੱਤੇ ਵੀ ਖੋਲ੍ਹਦਾ ਹੈ, ਪਰ ਇਸ ਵਿਚ ਕਲਪਨਾ ਨਹੀਂ। ਕਾਗ਼ਜ਼ ਅੱਗੇ ਬੰਦੇ ਨੂੰ ਕੋਈ ਝਿਜਕ ਨਹੀਂ ਹੁੰਦੀ। ਇਸੇ ਲਈ ਟੈਲੀਫ਼ੋਨਾਂ ਨਾਲ਼ ਭਰੀ ਦੁਨੀਆ ਵਿਚ ਲੋਕ ਹਾਲੇ ਵੀ ਇਕ ਦੂਜੇ ਨੂੰ ਚਿੱਠੀਆਂ ਲਿਖਦੇ ਹਨ; ਹਾਲੇ ਵੀ ਇਕ ਦੂਜੇ ਦੀਆਂ ਚਿੱਠੀਆਂ ਉਡੀਕਦੇ ਹਨ।

ਕਿਸੇ ਸੁਹਣੇ ਲਿਖਾਰੀ ਦੀ ਸੁਹਣੇ ਕਾਗ਼ਜ਼ 'ਤੇ ਛਪੀ ਸੁਹਣੀ ਕਿਤਾਬ ਪੜ੍ਹ ਕੇ ਨਾਨਕ ਦੇ ਬੋਲ ਯਾਦ ਆਉਂਦੇ ਹਨ - ਧਨੁ ਸੁ ਕਾਗਦੁ ਕਲਮ ਧਨ/ਧਨੁ ਘੋਟਮਿ ਕਾਲੜੀ ਮਸੁ/ਧਨ ਲੇਖਾਰੀ ਨਾਨਕਾ/ਜਿਸ ਨਾਮ ਲਿਖਾਇਆ ਸਚੁ॥

ਟਰਾਟਸਕੀ ਨੇ ਮੇਰੀ ਜ਼ਿੰਦਗੀ ਵਿਚ ਲਿਖਿਆ ਹੈ: ਇਨਸਾਨ ਨੇ ਜੋ ਦੋ ਬਹੁਤ ਕਰੀਬੀ ਸ਼ੈਆਂ ਬਣਾਈਆਂ ਹਨ, ਉਹ ਹਨ - ਕਲਮ ਤੇ