ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਆਖਦਾ ਹੈ ਕਿ ਦੇਸ ਵਾਪਸੀ ਤਾਂ ਵਹਮ ਹੀ ਹੁੰਦੀ ਹੈ। ਮੈਨੂੰ ਹਾਲੇ ਵੀ ਪੰਜਾਬੀ ਦੇ ਕੁਝ ਲਫ਼ਜ਼ਾਂ ਨਾਲ` ਮੋਹ ਹੈ ਤੇ ਲਫ਼ਜ਼ ਮਾਂ-ਬੋਲੀ ਮੇਰੇ ਬਹੁਤ ਨੇੜੇ ਹੈ। ਮੇਰੀ ਕਵਿਤਾ ਗਵਾਹ ਹੈ ਕਿ ਵਾਪਸੀ ਵਹਿਮ ਨਹੀਂ ਤੇ ਮਾਂ-ਬੋਲੀ ਮੈਨੂੰ ਅਪਣੀ ਮਾਂ ਦੀ ਕੱਛ ਲਗਦੀ ਹੈ, ਜਿਥੇ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ। ਪਰ ਜਿਸ ਅੰਗਰੇਜ਼ੀ ਬੋਲੀ ਵਿਚ ਮੇਰੇ ਬੱਚੇ ਮੇਰੇ ਨਾਲ਼ ਗੱਲਾਂ ਕਰਦੇ ਹਨ; ਜਿਸ ਬੋਲੀ ਨਾਲ਼ ਮੇਰਾ ਰੁਜ਼ਗਾਰ ਚਲਦਾ ਹੈ, ਉਹਦਾ ਸਿਰਫ਼ ਇੱਕੋ ਲਫ਼ਜ਼ ਟੈਲੀਫ਼ੋਨ ਮੇਰੇ ਬਹੁਤ ਨੇੜੇ ਹੈ। ਇਹ ਜਾਣ ਕੇ ਮੈਨੂੰ ਬੜਾ ਦੁੱਖ ਹੋਇਆ। ਮੇਰੇ ਬੱਚੇ ਮੇਰੇ ਪਿਤਰਾਂ ਦੀ ਬੋਲੀ ਨਹੀਂ ਬੋਲਦੇ, ਇਸ ਤੋਂ ਵੱਡਾ ਕਹਿਰ ਹੋਰ ਕੀ ਵਾਪਰਨਾ ਹੈ। ਇਹ ਇਥੇ ਹੋਣ ਦਾ ਡੰਨ ਹੈ, ਜੋ ਮੈਂ ਤਾਰ ਰਿਹਾ ਹਾਂ। ਮੈਂ ਤਾਂ ਇਥੇ ਸੁੱਖ ਲਭਣ ਆਇਆ ਸੀ। ਮਾਂ ਬੋਲੀ ਦੀ ਗੱਲ ਵੀ ਕਿਹੜੀ ਐਨੀ ਸੌਖੀ ਹੈ। ਮੇਰੀਆਂ ਹੁਣ ਦੀਆਂ ਬਹੁਤੀਆਂ ਕਵਿਤਾਵਾਂ ਯਾਦਾਂ ਬਾਰੇ ਹਨ। ਪਰ ਯਾਦ ਕੀ ਹੁੰਦੀ ਹੈ? ਹੌਲ਼ੀ-ਹੌਲ਼ੀ ਹਿੱਲਦੀ ਜਾਂਦੀ ਤਸਵੀਰ, ਜੋ ਅਪਣੇ ਆਪ ਅੱਖਾਂ ਅੱਗੇ ਆ ਜਾਂਦੀ ਹੈ, ਜਾਂ ਅਸੀਂ ਕਰ ਲੈਂਦੇ ਹਾਂ। ਹਰ ਸ਼ੈਅ ਯਾਦ ਵਿਚ ਬੱਝੀ ਹੋਈ ਹੈ, ਭਾਸ਼ਾ ਵੀ। ਧ੍ਵਨੀ ਯਾਨੀ ਭਾਸ਼ਕ ਸੰਕੇਤਾਂ ਨਾਲ਼ ਯਾਦ ਬਣਦੀ ਹੈ। ਜੇ ਮੈਨੂੰ ਅਪਣੀਆਂ ਯਾਦਾਂ ਦਾ ਕੋਈ ਸੁੱਖ ਨਹੀਂ, ਤਾਂ ਮਾਂ ਬੋਲੀ ਦਾ ਵੀ ਮੈਨੂੰ ਕੀ ਆਸਰਾ ਹੈ? ਮੇਰੀ ਕੋਈ ਨਵੀਂ ਕਵਿਤਾ ਹੈ ਕਿ ਮੈਂ ਬੋਲੀ ਤੋਂ ਪਾਰ ਚਲਿਆ ਜਾਵਾਂ ਤੇ ਮੁਕਤ ਹੋ ਕੇ ਸਦਾ-ਸਦਾ ਲਈ ਚੁੱਪ ਕਰ ਜਾਵਾਂ। ਪਰ ਇੰਜ ਤਾਂ ਹੋਣਾ ਨਹੀਂ। ਯਾਦਾਂ ਤੋਂ ਮੁਕਤੀ ਨਹੀਂ ਮਿਲ਼ ਸਕਦੀ। ਇਥੇ ਵੀ ਮੇਰੀ ਮਰਜ਼ੀ ਨਹੀਂ ਚਲਣੀ।

(1993 ਵਿਚ ਲੰਦਨ ਵਿਚ ਅੰਗਰੇਜ਼ੀ ਚ ਛਪੇ ਮੇਰੇ ਕਾਵਿ-ਸੰਗ੍ਰਹਿ Being Here ਦੀ ਅੰਤਿਕਾ)

[75]