ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਨੈਰੋਬੀ 1992

ਕਿਸ ਨੇ ਮੁੰਦਿਆ ਬਚਪਨ ਦਾ ਦਰਵਾਜ਼ਾ
ਲਾ ਕੇ ਚੁੱਪ ਦਾ ਜੰਦਰਾ
ਕੌਣ ਰਹਿੰਦਾ ਮੇਰੇ ਘੁਰਨੇ ਅੰਦਰ
ਸਾਰੀ ਦੁਨੀਆ ਜਿਸਦਾ ਵਿਹੜਾ
ਜਿਸ ਵਿਚ ਸਾਂਭ ਕੇ ਰੱਖੇ
ਬੰਟੇ ਪੈਨਸਲ ਸਿੱਕੇ
ਮੀਂਹ ਵਿਚ ਭਿੱਜੀ ਪੁਸਤਕ

ਸੈਕਲ ਤਿੰਨ ਪਹੀਆਂ 'ਤੇ ਨੱਸੇ
ਫੁੱਲ ਬਗ਼ੀਚੇ ਟਹਿਕਣ
ਭੈਣ ਦੀਆਂ ਕੱਢੀਆਂ ਚੱਦਰਾਂ ਉੱਤੇ

ਦੋ ਗੁੱਤਾਂ ਵਾਲਾ ਲੁਕਣਮੀਚੀ ਖੇਡਦਾ ਮੁੰਡਾ
ਲੁਕਿਆ ਹੋਇਆ ਜੱਗ ਵਿਚ ਭਾਉਂਦਾ
ਅਪਣੇ ਘਰ ਦਾ ਰਸਤਾ ਭੁੱਲਾ
ਨਾਲ਼ ਖਿਡੰਦੇ ਹਾਣੀ ਮਨੋਂ ਵਿਸਾਰਾ

ਭਿੜੇ ਦਰਵੱਜੇ ਪਿੱਛੋਂ ਘਰ ਨੇ ਪੁੱਛਿਆ:
ਅੱਜ ਕਿਵੇਂ ਤੈਨੂੰ ਚੇਤਾ ਆਇਆ?
ਕਿਥੇ ਨੇ ਉਹ ਜਿਨ੍ਹਾਂ ਦੀ ਬਰਕਤ ਮੈਂ ਹੋਇਆ ਸਾਂ
ਜੋ ਸਨ ਸਾਨੂੰ ਲਾਡ ਲਡਾਂਦੇ?
ਉਹ ਵੀ ਆ ਜਾਵਣਗੇ ਇਕ ਦਿਨ
ਜਿਵੇਂ ਰਸਤਾ ਭੁੱਲ ਕੇ ਤੂੰ ਆਇਆ ਹੈਂ
ਲੰਘ ਆ ਅੰਦਰ...

[51]