ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਮੇਰੇ ਇਸ ਸੁਪਨੇ ਦੀ ਬੋਲੀ
ਤੈਨੂੰ ਸਮਝ ਨਾ ਆਏ
ਕਿੰਜ ਤੈਨੂੰ ਸਮਝਾਵਾਂ ਆਖ਼ਿਰ
ਮੈਨੂੰ ਸਮਝ ਨਾ ਆਏ।

ਛੋਕਰਵਾਧਾ ਗ੍ਹਾਲ਼ਾਂ ਕਢਦਾ:
ਪਾਕੀ, ਕਾਲ਼ਾ, ਕੰਜਰ
ਨ ਕਦੇ ਦਿਖਾਏ ਤੈਨੂੰ
ਮੈਂ ਸੀਨੇ ਵੱਜਦੇ ਖ਼ੰਜਰ।

ਪਾਕੀ ਤੋਂ ਫਿਰ ਪੰਕੀ ਬਣ ਕੇ
ਬਦਲੇ ਅਪਣੇ ਨੈਮ
ਗੁਰਪਾਲ ਤੋਂ ਗੈਰੀ ਬਣਗੇ
ਸਰਬਜੀਤ ਤੋਂ ਸੈਮ।

3
ਦੇਸੋਂ ਚਲ ਕੇ ਲੰਦਨ ਉਤਰੇ
ਜੇਬੀਂ ਸਨ ਤਿੰਨ ਖ਼ਾਬ-
ਪਹਿਲਾ ਖ਼ਾਬ ਸੀ ਘਰ ਦਾ ਮਿੱਠਾ
ਦੂਜਾ ਉੱਚੀ ਜਾਬ
ਤੀਜਾ ਖ਼ਾਬ ਸੀ ਪੁਤ ਧੀਆਂ ਦਾ
ਫਸਿਆ ਵਿਚ ਅਜ਼ਾਬ।

ਸ਼ੀਸ਼ੇ ਵਾਂਙੂੰ ਤਿਤਕੇ ਸੁਪਨੇ
ਖਿਲਰੇ ਬਣ ਕੇ ਕੰਡੇ
ਪਲਕਾਂ ਨਾ' ਇਹ ਚੁਗ ਨਹੀਂ ਹੋਣੇ
ਅੰਗ ਹੋਣਗੇ ਠੰਢੇ।

ਅੱਧੀ ਉਮਰ ਤਾਂ ਸ਼ਿਫ਼ਟਾਂ ਖਾ ਲਈ
ਬਾਕੀ ਖਾ ਲਈ ਕਿਸ਼ਤਾਂ
ਨਾ ਕੋਈ ਤੇਰੇ ਦਿਲ ਦਾ ਜਾਨੀ
ਰੋਵੇਂ ਜਾ ਕੇ ਕਿਸ ਥਾਂ।

[38]