ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

2
ਕੋਈ ਤਾਂ ਹੈ ਯਾਦਾਂ ਦਾ ਮੋਢਾ
ਜਿਸ ਉੱਤੇ ਸਿਰ ਰੱਖ ਕੇ
ਤੁਸੀਂ ਰੋ ਸਕਦੇ ਹੋ।
ਕੋਈ ਤਾਂ ਹੈ ਯਾਦਾਂ ਦਾ ਰਸਤਾ
ਜਿਸ ਉੱਤੇ ਚਲ ਕੇ
ਤੁਸੀਂ ਹੋ ਸਕਦੇ ਹੋ।
ਪਰ ਕੀ ਕਰੀਏ
ਹੁਣ ਕਿਸ ਨੂੰ ਕਹੀਏ?
ਨਾ ਕੋਈ ਰਸਤਾ ਨਾ ਕੋਈ ਮੋਢਾ
ਰੋਣਾ ਤਾਂ ਕੀ ਅਸੀਂ ਹੋ ਨਹੀਂ ਸਕਦੇ।

ਕਦੇ ਕਦਾਈਂ ਇੰਡੀਆ ਜਾਵਾਂ
ਕੋਈ ਨ ਜਾਣੇ ਕਿਸਦਾ ਜਾਇਆ।
ਉਹ ਤਾਂ ਆਖਣ ਹੋਈ ਕੀ 'ਗਰਬਰ'
ਕੌਣ ਅੰਗਰੇਜ਼ ਫ਼ਰੰਗੀ ਗੋਰਾ
ਗਿਟਮਿਟ ਕਰਦਾ
ਸਾਹਬ ਵਲੈਤੀ ਬਾਹਰੋਂ ਆਇਆ।

ਮੈਂ ਸਾਹਬ ਵਲੈਤੀ
ਉਸ ਪਿਉ ਦਾ ਜਾਇਆ
ਜੋ ਕੋਠੀ ਬੰਗਲ਼ਿਆਂ ਸੋਨੇ ਖ਼ਾਤਿਰ
ਬੇਵਤਨਾ ਬੇਗ਼ੈਰਤ ਹੋ ਕੇ
ਦੇਸ ਬੇਗਾਨੇ ਨੱਠਾ ਆਇਆ।

ਮੇਰੀ ਬੋਲੀ ਦਾ ਹੈਂ ਕਾਤਿਲ ਤੂੰ
ਮੇਰੇ ਸੁਪਨੇ ਦਾ ਹੈਂ ਕਾਤਿਲ ਤੂੰ
ਮੇਰੇ ਹਾਸੇ ਯਾਦਾਂ ਰੀਝਾਂ ਦਾ
ਮੇਰੀ ਖੁਸ਼ਬੂ ਦਾ ਹੈਂ ਕਾਤਿਲ ਤੂੰ।

ਮੈਂ ਵੀ ਤੇਰਾ ਸੁਪਨੇ ਜਾਇਆ
ਸਵੇਰ ਪਹਿਰ ਦਾ ਸੁਪਨਾ
ਮੈਂ ਵੀ ਚਾਹਵਾਂ ਪੂਰਾ ਕਰ ਲਾਂ
ਰੂਪ ਕਹਿਰ ਦਾ ਸੁਪਨਾ।

[37]