ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਜੰਮਣ-ਭੋਂ

ਅਮੀਨ ਮੁਗਲ਼ ਦੇ ਨਾਂ

ਜੰਮਣ-ਭੋਂ ਛੱਡ ਗਏ ਬੰਦੇ ਨੂੰ ਕਦੇ ਗ਼ੈਰਹਾਜ਼ਿਰ ਨਹੀਂ ਸਮਝਦੀ।
ਛੱਡ ਕੇ ਆਏ ਬੰਦੇ ਨੂੰ ਕਦੇ ਪਤਾ ਨਹੀਂ ਲਗਦਾ
ਕਿ ਉਹ ਕਿਤੇ ਆਇਆ ਜਾਂ ਗਇਆ ਨਹੀਂ
ਉਹ ਕਿਤੇ ਛੱਡ ਕੇ ਨਹੀਂ ਜਾਣ ਜੋਗਾ
ਉਹ ਓਤੇ ਹੀ ਕਿਤੇ ਹੁੰਦਾ ਹੈ ਅਪਣੇ ਹੋਣ ਦੀ ਖੇਡ ਵਿਚ ਲੱਗਾ
ਜੰਮਣ-ਭੋਂ ਇਹਾ ਸੋਚਦੀ ਹੈ

ਪਰ ਜੰਮਣ-ਭੋਂ ਛੱਡ ਕੇ ਆਇਆ ਬੰਦਾ
ਨਾਸਮਝੀ ਚ ਅਪਣੇ ਆਪ ਨੂੰ ਕੋਸਦਾ ਰਹਿੰਦਾ ਹੈ
ਔਂਸੀਆਂ ਉਹਨੂੰ ਰਾਹ ਦੇਣੋਂ ਹਟ ਜਾਂਦੀਆਂ ਹਨ
ਈਦ ਦੇ ਚੰਨ ਨੂੰ ਅਪਣੇ ਘਰ ਦਾ ਰਸਤਾ ਭੁੱਲਣ ਲਗਦਾ ਹੈ
ਤੇ ਕਿਸੇ ਰੇਲ ਅਸਟੇਸ਼ਨ ਦੀ ਬੈਂਚ 'ਤੇ ਬੈਠੇ ਗੱਡੀ ਉਡੀਕਦਿਆਂ
ਆਖ਼ਿਰ ਇਕ ਦਿਨ ਉਹਦਾ ਦਿਲ ਵੀ ਉਹਦਾ ਸਾਥ ਛੱਡ ਜਾਂਦਾ ਹੈ

ਜੰਮਣ-ਭੋਂ ਛੱਡ ਕੇ ਆਏ ਬੰਦੇ ਦਾ ਇਹੀ ਹਸ਼ਰ ਹੁੰਦਾ ਹੈ
ਪਰ ਜੰਮਣ-ਭੋਂ ਛੱਡ ਕੇ ਚਲੇ ਗਏ ਬੰਦੇ ਨੂੰ ਕਦੇ ਗ਼ੈਰਹਾਜ਼ਿਰ ਨਹੀਂ ਸਮਝਦੀ।

[28]