ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਮੋਟਰਵੇਅ

ਰੀਲ ਲਾਉਂਦਾ ਹਾਂ ਕਾਰ ਵਿਚ
ਯਮਨ ਰਾਤ ਦਾ ਰਾਗ ਵੱਜਣ ਲਗਦਾ ਹੈ

ਇਥੇ ਹੈ ਦੂਜਾ ਪਹਿਰ
ਸੋਚਦਾ ਹਾਂ ਰਾਤ ਪਈ ਹੋਵੇਗੀ ਨਕੋਦਰ ਵਿਚ
ਸੁੰਞੀ ਸੜਕ ਕੰਢੇ ਸੁੱਤਾ ਹੋਵੇਗਾ ਘਰ
ਜਿਥੇ ਮੇਰੇ ਸੁਪਨੇ ਜਵਾਨ ਹੋਏ ਸਨ

ਰਾਤ ਦਾ ਰਾਗ ਦਿਨੇਂ ਵੱਜਦਾ ਹੈ ਪਰਦੇਸ ਵਿਚ
ਵੇਲੇ ਤੋਂ ਅੱਗੇ ਹੁੰਦਾ ਹੈ ਪਰਦੇਸੀ
ਉਹ ਦਿਨ ਨੂੰ ਰਾਤ ਕਰ ਲੈਂਦਾ ਹੈ ਪਰਦੇਸ ਵਿਚ

ਕਾਲ਼ ਤੋਂ ਖੁੰਝੀ ਸੁਰ ਅਲਾਪ ਕਰਦੀ ਹੈ
ਛਾਂ ਤੋਂ ਵਿਛੜੀ ਵਿਹੜੇ ਦੀ ਬੇਰੀ ਗਾਉਂਦੀ ਹੈ
ਹੁਣ ਹਉਕੇ ਨਹੀਂ ਆਉਂਦੇ

ਯਾਦਾਂ ਨਾਲ਼ ਲੱਦੀ ਕਾਰ ਨੱਸੀ ਜਾਂਦੀ ਹੈ
ਮੋਟਰਵੇਅ 'ਤੇ
ਨਾਲ਼ ਸੰਗਤ ਕਰਦੀ ਹੈ ਆਵਾਜ਼
ਕਾਸ਼ੀਨਾਥ ਬੋਦਾਸ ਦੀ

[26]