ਇਹ ਸਫ਼ਾ ਪ੍ਰਮਾਣਿਤ ਹੈ

ਪਰਦੇਸੀ ਢੋਲਾ

ਵਿਚ ਲਬੇੜ ਦਿੰਦਾ ਹੈ। ਕਵਿਤਾ ਵਿਚ ਅਚੇਤ ਹੀ ਮਾਂ ਦੀ ਮੌਤ ਦਾ ਸੋਗ, ਜੰਮਣਭੋਇੰ ਦਾ ਹੇਰਵਾ, ਮਾਂ ਬੋਲੀ ਦਾ ਕਾਤਿਲ, ਦੰਮਾਂ ਦਾ ਲੋਭ, ਮਿੱਠੀ ਕੈਦ, ਸਾਗਰੋਂ ਵਿਛੜੀ ਮੱਛਲੀ, ਡਾਰ ਵਿਛੁੰਨੀਆਂ ਕੁੰਜਾਂ ਵਰਗੇ ਹੰਢੇ-ਵਰਤੇ ਵਿਚਾਰ ਤੇ ਵਾਕੰਸ਼ (ਕਲੀਸ਼ੇ) ਸ਼ਾਮਿਲ ਹੋ ਜਾਂਦੇ ਹਨ। ਉੱਖੜੇ ਬੰਦੇ ਦਾ ਦੁੱਖ ਉਪਹਾਸ ਬਣ ਜਾਂਦਾ ਹੈ:

ਕਿਸ ਨੂੰ ਚੀਰ ਕੇ ਦਿਖਾਵਾਂਗੇ ਦਿਲ
ਜਦੋਂ ਜਾਗੀ ਨਾ ਵਰ੍ਹਿਆਂ ਤੋਂ ਸੁੱਤੀ ਪਈ ਮਾਂ

ਨਾ ਹੁਣ ਮੋਰ ਕਲਹਿਰੀ ਬੋਲੇ
ਨਾ ਚੰਨ ਚਾਨਣੀ ਖਿੜਦੀ
ਨਾ ਹੁਣ ਬੂਰ ਅੰਬਾਂ 'ਤੇ ਪੈਂਦਾ
ਹੁਣ ਨ੍ਹੀਂ ਜਵਾਨੀ ਭਿੜਦੀ
...
ਜੋ ਕੋਠੀ ਬੰਗਲਿਆਂ ਸੋਨੇ ਖ਼ਾਤਿਰ
ਬੇਵਤਨਾ ਬੇਗ਼ੈਰਤ ਹੋ ਕੇ
ਦੇਸ ਬੇਗਾਨੇ ਨੱਠਾ ਆਇਆ

ਇਹ ਅੱਤਭਾਵੁਕਤਾ ਚੰਦਨ ਦੀ ਕਵਿਤਾ ਦਾ ਸੁਭਾਅ ਨਹੀਂ ਹੈ; ਨਾ ਇਹਦੀ ਭਾਸ਼ਾ ਦਾ ਸਲੀਕਾ। ਇਹ ਪੰਜਾਬੀ ਦਾ ਵਿਰਲਾ ਕਵੀ ਹੈ, ਜਿਹੜਾ ਸ਼ਬਦਾਂ ਨੂੰ ਭੀਲਣੀ ਵਾਂਙ ਚਖ-ਚਖ ਕੇ ਵਰਤਦਾ ਹੈ। ਇਹਦੀ ਕਵਿਤਾ ਬਾਬ੍ਹੜ ਕੇ ਨਹੀਂ ਬੋਲਦੀ, ਜਿਵੇਂ ਉਪਰਲੀਆਂ ਟੂਕਾਂ ਤੋਂ ਭੁਲੇਖਾ ਪੈਂਦਾ ਹੈ। ਇਹਦੀ ਆਵਾਜ਼ ਦੇ ਦੋ ਉਘੜਵੇਂ ਲੱਛਣ ਹਨ: ਸੰਜਮ ਤੇ ਸੈਨਤ। ਜਦੋਂ ਬੋਲ ਲੋੜ ਨਹੀਂ ਸਾਰਦਾ, ਇਹ ਸੈਨਤ ਵਰਤਦਾ ਹੈ; ਪੱਲਾ ਮਾਰ ਕੇ ਦੀਵਾ ਬੁਝਾਉਣ ਵੇਲੇ ਅੱਖ ਨਾਲ਼ ਗੱਲ ਕਰਨ ਵਾਂਙੂੰ। ਚੰਦਨ ਸ਼ਬਦ ਤੇ ਅੱਖ ਦੋਹਾਂ ਨਾਲ਼ ਕਵਿਤਾ ਲਿਖਦਾ ਹੈ। ਕਈ ਵਾਰ ਅੱਖ-ਲਿਖਿਤ, ਸ਼ਬਦ-ਲਿਖਿਤ ਕਵਿਤਾ ਦਾ ਸਮਰਥਨ ਕਰਦੀ ਹੈ; ਕਈ ਵਾਰ ਉਹਨੂੰ ਕਟਦੀ ਜਾਪਦੀ ਹੈ। ਜਦੋਂ ਪਰਦੇਸ ਨੂੰ 'ਚਲੋ-ਚਲੀ ਦੇ ਵੇਲੇ ਜਹਾਜ਼ ਦਾ ਘੁੱਗੂ ਪਰਲੋ ਦੀ ਨੌਬਤ ਵਾਂਙ ਵੱਜਦਾ' ਹੈ, ਤਾਂ ਚੰਦਨ ਦੀ ਕਵਿਤਾ ਸੈਨਤ ਕਰਦੀ ਹੈ: 'ਘਰ ਦਾ ਰਸਤਾ ਪਰਦੇਸ ਦੇ ਥਾਣੀਂ ਹੀ ਹੈ।' ਪਰਦੇਸ ਨੂੰ ਜਾਣ ਵਾਲਾ ਜਹਾਜ਼ ਘਰ ਨੂੰ ਜਾਂਦਾ ਦਿਸਦਾ ਹੈ। ਦੇਸ ਪਰਦੇਸ ਵਿਚਲੀ ਸਰਹੱਦ ਮਿਟ ਜਾਂਦੀ ਹੈ। ਏਹੋ ਜਿਹਾ ਯਥਾਰਥ ਜਦੋਂ ਦੇਸ/ਪਰਦੇਸ ਦੇ ਖਾਨੇ ਵਿਚ ਪੈਂਦਾ ਹੈ, ਉਪਹਾਸ ਬਣ ਜਾਂਦਾ ਹੈ।

ਚੰਦਨ ਦੀ ਵਡਿਆਈ ਇਸ ਖ਼ਾਨਾਬੰਦੀ ਨੂੰ ਨਕਾਰਨ ਵਿਚ ਹੈ। ਇਹ ਹੱਥਾਂ ਨਾਲ਼ ਬਣਾ ਕੇ ਪੈਰਾਂ ਨਾਲ ਢਾਹੁਣ ਵਰਗੀ ਖੇਡ ਖੇਡਦਾ ਹੈ। ਕੁਝ ਕਵਿਤਾਵਾਂ ਵਿਚ ਉਹ ਇਹ ਖਾਨੇ ਵਰਤਦਾ ਹੈ; ਬਹੁਤੀਆਂ ਵਿਚ ਢਾਹੁੰਦਾ ਹੈ। ਜੋ ਇਕ ਕਵਿਤਾ ਵਿਚ ਕਹਿੰਦਾ ਹੈ; ਦੁਜੀ ਵਿਚ ਅਣਕਿਹਾ ਕਰ ਦਿੰਦਾ ਹੈ। ਇਕ ਵਿਚ ਮਾਂ ਦੇਸ ਚ ਹੈ, ਵਰ੍ਹਿਆਂ ਤੋਂ ਸੁੱਤੀ ਪਈ, 'ਪਰਦੇਸੀਂ' ਪੁੱਤ ਉਹਨੂੰ ਅਪਣਾ ਦਿਲ ਚੀਰ ਕੇ ਨਹੀਂ ਵਿਖਾ ਸਕਦਾ। ਦੂਜੀ ਕਵਿਤਾ ਵਿਚ ਮਾਂ ਓਥੇ ਹੀ ਹੈ, ਜਿਥੇ ਉਹ ਆਪ ਹੈ: 'ਮੈਂ ਜਿਥੇ ਵੀ ਹੁੰਦਾ ਹਾਂ/ ਓਥੇ ਹੀ ਹੁੰਦੀ

[10]