ਪੰਨਾ:ਪਾਪ ਪੁੰਨ ਤੋਂ ਪਰੇ.pdf/8

(ਪੰਨਾ:Paap Punn to Pare.pdf/8 ਤੋਂ ਮੋੜਿਆ ਗਿਆ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਵੀ, ਜਵਾਲਾ-ਮੁੱਖੀ ਦਾ ਲਾਵਾ ਉਸ ਦੇ ਅੰਦਰੋ-ਅੰਦਰ ਉਬਲਦਾ ਰਹਿੰਦਾ ਹੈ। ਗਰੀਬ ਮੰਗੂ ਹਰ ਸਾਲ ਵਾਂਗ ਆਪਣੀ ਫ਼ਸਲ ਬੀਜਦਾ,ਉਗਾਂਦਾ ਤੇ ਵਢਦਾ ਹੈ ਪਰ ਉਸ ਨੂੰ ਸੰਭਾਲਣੀ ਨਸੀਬ ਨਹੀਂ ਹੁੰਦੀ। ਆਖ਼ਰ ਕਿਉਂ? ਜ਼ਿੰਦਗੀ ਕਿਉਂ ਕਿਸੇ ਲਈ ਸੂਲਾਂ ਦੀ ਸੇਜ ਹੈ ਤੇ ਕਿਸੇ ਲਈ ਫੁੱਲਾਂ ਦੀ। ਮੈਂ ਇਨ੍ਹਾਂ ਕਹਾਣੀਆਂ ਵਿਚ ਇਸੇ ਖਲਾ ਦਾ ਵਰਨਨ ਕੀਤਾ ਹੈ । ਅੱਜ ਦੇ ਲਿਖਾਰੀ ਲਈ ਜ਼ਿੰਦਗੀ ਅਨਗਿਣਤ ਸਮੱਸਿਆਵਾਂ ਨਾਲ ਭਰੀ ਪਈ ਹੈ। ਉਸ ਦੀ ਸੂਝ ਦੇ ਅਕਾਸ਼-ਮੰਡਲ ਵਿਚ ਚਮਕ ਰਹੇ ਸਪਤ-ਰਿਸ਼ੀ ਦੀ ਪਛੋਕੜ "ਇਕ ਸੀ ਰਾਜਾ" ਹੀ ਨਹੀਂ ਤੇ ਨਾ ਹੀ ਉਸ ਦੀਆਂ ਸੱਤ ਰਾਣੀਆਂ ਹਨ, ਸਗੋਂ ਉਹ ਇਸ ਸਤ-ਰੰਗੀ ਪੀਂਘ ਵਿਚ ਜ਼ਿੰਦਗੀ ਦੇ ਵਖੋ ਵਖ ਰੰਗ ਝਾਕਦੇ ਵੇਖਦਾ ਹੈ। ਇਸ ਦੀ ਹਰਿਆਲੀ ਵਿਚ ਉਹ ਖੇਤਾਂ ਦੀ ਹਰਿਆਲੀ ਵੇਖਦਾ ਹੈ। ਸਫ਼ੈਦੀ ਉਸ ਦੀ ਜਾਚੇ ਨਿਰੀ ਸਵਰਗੀ ਅਪੱਛਰਾਵਾਂ ਦੀ ਪਵਿਤਰਤਾ ਹੀ ਨਹੀਂ, ਸਗੋਂ ਇਸ ਸਫ਼ੈਦੀ ਵਿਚ ਉਸ ਨੂੰ ਸਾਦਗੀ ਵੀ ਦਿਸਦੀ ਹੈ,ਕੰਮ ਕਰਨ ਵਾਲੇ ਗਰੀਬ ਕਿਸਾਨ ਤੇ ਮਜ਼ਦੂਰ ਦੇ ਜੀਵਨ ਦੀ ਸਾਦਗੀ। ਕਾਲੀ ਕਾਲੂਚ ਉਸ ਲਈ ਕੇਵਲ ਗੁਨਾਹ ਦੀ ਕਾਲਖ ਹੀ ਨਹੀਂ, ਸਗੋਂ ਇਸ ਵਿਚ ਸਾਡੀ ਜ਼ਿੰਦਗੀ ਦੇ ਉਸ ਘਿਣਾਉਣੇ ਪਹਿਲੂ ਦੀ ਝਲਕ ਹੈ, ਜਿਸ ਦਾ ਨਾਂ ਗਰੀਬੀ ਹੈ, ਗੁਲਾਮੀ ਹੈ। ਲਾਲ ਰੰਗ ਵਿਚ ਉਸ ਨੂੰ ਖੂਨ ਦੀ ਲਾਲੀ ਨਜ਼ਰ ਆਉਂਦੀ ਹੈ। ਇਹ ਰੰਗ ਉਸ ਨੂੰ ਅਹਿਰਨ ਤੇ ਪਏ ਲਾਲ ਲੋਹੇ ਦੀ ਚਿਤਾਉਣੀ