ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੬)

ਕੰਘੀ ਵਿੱਚੋਂ ਨਿਕਲੇ ਤੇ ਕੰਡਲਾਂ ਦੇ ਵਿਚ ਫਸੇ,
ਮੇਰੇ ਵਾਂਗ ਚੱਕਰਾਂ `ਚ ਪਏ ਦੁਖਿਆਰੇ ਕੇਸ।
ਮੇਚਾ ਉਹਦੇ ਕੱਦ ਦਾ ਸੀ ਪਿਛੋਂ ਕੰਡੀ ਲੈਣ ਲੱਗੇ,
ਇਸੇ ਹੀ ਖ਼ੁਨਾਮੀ ਵਿਚ ਬਣ ਗਏ ਵਿਚਾਰੇ ਕੇਸ।

[ਸ਼ਰਫ਼]

ਇਸ ਤੋਂ ਮਗਰੋਂ ਅਸਲੀ ਨਵੀਨ ਕਵਿਤਾ ਦਾ ਸਮਾਂ ਆਇਆ, ਜਿਸ ਤੇ ਅੰਗ੍ਰੇਜ਼ੀ, ਫ਼ਾਰਸੀ, ਉਰਦੂ ਤੇ ਹਿੰਦੀ ਆਦਿ ਸਾਹਿੱਤਾਂ ਦਾ ਬੜਾ ਰਲਵਾਂ ਮਿਲਵਾਂ ਅਸਰ ਪਿਆ। ਚਾਤ੍ਰਿਕ, ਪ੍ਰੋਫ਼ੈਸਰ ਮੋਹਨ ਸਿੰਘ, ਡਾਕਟਰ ਮੋਹਨ ਸਿੰਘ, ਕਿਰਪਾ ਸਾਗਰ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ, 'ਅਜ਼ਾਦ', 'ਸਫ਼ੀਰ', 'ਰੂਪ' ਆਦਿ ਇਸ ਸਮੇਂ ਦੇ ਮਸ਼ਹੂਰ ਕਵੀ ਹਨ। ਕਵਿਤਾ ਦੇ ਨਮੂਨੇ ਇਹ ਹਨ-

ਆ ਦਿਲਾ ਹੋਸ਼ ਕਰੀਂ, ਨਿਹੰ ਨਾ ਲਗਾਈਂ ਵੇ।
ਇਸ਼ਕ ਦੇ ਪੇਚ ਬੁਰੇ, ਜੀ ਨਾ ਫਸਾਈਂ ਵੇਖੀਂ।
ਤੂੰ ਹੈ ਅਣਜਾਣ ਜਿਹਾ, ਲੋਕ ਬੜੇ ਵਲਛਲੀਏ।
ਖੋਟੇ ਬਾਜ਼ਾਰ ਕਿਤੇ, ਭਰਮ ਨਾ ਜਾਈਂ ਵੇਖੀਂ।
ਲੈ ਕੇ ਦਿਲ ਆਖ ਛੱਡਣ, "ਜਾਓ ਜੀ ਹੁਣ ਮੌਜ ਕਰੋ",
ਧੋਖੇਬਾਜ਼ਾਂ ਦੇ ਬੂਹੇ ਪੈਰ ਨਾ ਪਾਈਂ, ਵੇਖੀਂ।
ਤੈਨੂੰ ਵਾਦੀ ਹੈ ਬੁਰੀ, ਵੇਖ ਕੇ ਵਿਛ ਜਾਵਣ ਦੀ,
ਚਾਤ੍ਰਿਕ ਵਾਂਗ ਕਿਤੇ ਧੋਖਾ ਨਾ ਖਾਈਂ, ਵੇਖੀਂ

[ਚਾਤ੍ਰਿਕ]