ਇਹ ਸਫ਼ਾ ਪ੍ਰਮਾਣਿਤ ਹੈ



( ੪੨ )

ਸ਼ਾਮ ਸਿੰਘ ਸਰਦਾਰ ਅਟਾਰੀ ਵਾਲ,
ਬੰਨ੍ਹ ਸ਼ਸਤ੍ਰੀਂ ਜੋੜ ਵਿਛੋੜ ਦਿਤੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,
ਵਾਂਗ ਨਿੰਬੂਆਂ ਲਹੂ ਨਿਚੋੜ ਦਿਤੇ।

(੩) ਅੰਗ੍ਰੇਜ਼ੀ ਸਮਾਂ——

ਇਸ ਸਮੇਂ ਨੂੰ ਅਗੇ ਦੋ ਹਿਸਿਆਂ ਵਿਚ ਵੰਡਿਆ ਗਿਆ ਹੈ-ਮੁਢਲਾ ਤੇ ਨਵੀਨ।

(ੳ) ਮੁੱਢਲਾ-ਅੰਗ੍ਰੇਜ਼ੀ ਰਾਜ ਦੇ ਮੁਢ ਵਿਚ ਅਜੇ ਪੰਜਾਬੀ ਸਾਹਿੱਤ ਤੇ ਪੱਛਮੀ ਅਸਰ ਨਹੀਂ ਸੀ ਪਿਆ। ਉਸ ਸਮੇਂ ਦੇ ਲਗ ਪਗ ਸਾਰੇ ਦੇ ਸਾਰੇ ਕਿੱਸਾ-ਕਵੀ ਹੋਏ। ਫ਼ਜ਼ਲ ਸ਼ਾਹ, ਗ਼ੁਲਾਮ ਰਸੂਲ, ਹਦਾਇਤ ਉੱਲਾ, ਬੂਟਾ ਗੁਜਰਾਤੀ, ਜੋਗਾ ਸਿੰਘ, ਈਸ਼ਰ ਦਾਸ, ਅਰੂੜਾ, ਭਗਵਾਨ ਸਿੰਘ, ਕਿਸ਼ਨ ਸਿੰਘ ਆਰਫ਼, ਕਾਲੀ ਦਾਸ ਆਦਿ ਕਵੀ ਹੋਏ। ਇਨ੍ਹਾਂ ਨੇ ਫ਼ਾਰਸੀ ਢੰਗ ਦੇ ਬੈਂਤਾਂ ਦੇ ਕਿੱਸੇ ਲਿਖੇ ਅਤੇ ਮੁੜ ਮੁੜ ਹੀਰ, ਸੱਸੀ, ਸੋਹਣੀ, ਪੂਰਨ ਭਗਤ, ਗੋਪੀ ਚੰਦ, ਰੂਪ ਬਸੰਤ ਆਦਿ ਕਿੱਸੇ ਲਿਖੇ। ਖਿਆਲਾਂ, ਬੰਦਸ਼ਾਂ ਤੇ ਵਿਚਾਰਾਂ ਵਿਚ ਕੋਈ ਨਵੀਨਤਾ ਨਹੀਂ ਸੀ। ਇਸ ਸਮੇਂ ਦੇ ਕਵੀਆਂ ਨੂੰ ਅਸੀਂ ਰਵਾਇਤੀ (classical) ਕਵੀ ਕਹਿ ਸਕਦੇ ਹਾਂ ਤੇ ਪੰਜਾਬੀ ਕਵਿਤਾ ਦਾ ਰਵਾਇਤੀ ਸਮਾਂ ਇਹੋ ਹੈ।

ਅੱਖ ਖ਼ਾਬ ਗੁਵਾਇਆ ਆਸ਼ਕਾਂ ਦਾ,
ਨੀਮ ਖ਼ਾਬ ਦੋਵੇਂ ਨਰਗਸ ਵਾਰ ਪਿਆਰੇ।