ਇਹ ਸਫ਼ਾ ਪ੍ਰਮਾਣਿਤ ਹੈ

(੩੩)


ਕੌਮਾਂ ਵਿਚ ਪ੍ਰੇਮ-ਭਾਵ ਪੈਦਾ ਕਰਨ ਦਾ ਜਤਨ ਕੀਤਾ। ਇਨ੍ਹਾਂ ਦਾ ਉਪਦੇਸ਼ ਸੀ ਕਿ ਰਾਮ ਤੇ ਰਹੀਮ ਵਿਚ ਕੋਈ ਭੇਦ ਨਹੀਂ। ਇਨ੍ਹਾਂ ਭਗਤਾਂ ਤੇ ਫ਼ਕੀਰਾਂ ਦੀ ਕਵਿਤਾ ਧਾਰਮਕ ਤੇ ਸੁਧਾਰਕ ਸੀ। ਇਨ੍ਹਾਂ ਨੇ ਉੱਚ ਚੋਟੀ ਦੀਆਂ ਦਿਲ-ਖਿੱਚਵੀਆਂ ਕਵਿਤਾਵਾਂ ਉਚਾਰੀਆਂ। ਇਸ ਲਈ ਅਸੀਂ ਇਸ ਲਹਿਰ ਨੂੰ ਭਗਤੀ ਲਹਿਰ ਕਹਿ ਸਕਦੇ ਹਾਂ।
ਸ਼ੇਖ਼ ਫ਼ਰੀਦ ਤੇ ਗੁਰੂ ਨਾਨਕ ਦੇਵ ਜੀ ਇਸ ਸਮੇਂ ਦੇ ਮੋਢੀ ਹਨ। ਇਨ੍ਹਾਂ ਦੀ ਕਵਿਤਾ ਧਰਮ, ਸੁਧਾਰ, ਏਕਤਾ, ਸਚਾਈ ਤੇ ਰੱਬੀ-ਪ੍ਰੇਮ ਵੱਲ ਲਿਜਾਣ ਵਾਲੀ ਸੀ। ਇਨ੍ਹਾਂ ਦੀ ਕਵਿਤਾ ਵਿੱਚ ਸਥਾਨਕ ਰੰਗਣ ਤੇ ਅਨੁਭਵ ਬਹੁਤ ਸੀ। ਸ਼ੇਖ਼ ਫ਼ਰੀਦ ਦੀ ਕਵਿਤਾ ਬੜੀ ਮਿੱਠੀ, ਧੂ ਪਾਉਣ ਵਾਲੀ ਤੇ ਸਾਦੀ ਹੁੰਦੀ ਸੀ। ਫ਼ਾਰਸੀ ਤੇ ਅਰਬੀ ਦਾ ਉਨ੍ਹਾਂ ਦੀ ਕਵਿਤਾ ਤੇ ਘੱਟ ਅਸਰ ਸੀ।


ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ।
ਫਰੀਦਾ ਕਿੰਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ।

ਗੁਰੂ ਸਾਹਿਬਾਨ ਨੇ ਪੰਜਾਬੀ ਵਿਚ ਘਰੋਗੀ ਗੱਲਾਂ, ਕਬਿੱਤ, ਸਵੱਯੇ, ਵਾਰਾਂ, ਸਦ, ਬਾਰਾਂ ਮਾਹ, ਘੋੜੀਆਂ ਆਦਿ ਲਿਖੀਆਂ। ਗੁਰੂ ਨਾਨਕ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ ਤੇ ਗੁਰੂ ਅਰਜਨ ਦੇਵ ਜੀ ਨੇ ਮਨੁਖੀ ਜੀਵਨ ਉੱਤੇ ਸਾਦੀਆਂ ਕਵਿਤਾਵਾਂ ਲਿਖੀਆਂ।


ਸੁਪਨੇ ਆਇਆ ਭੀ ਗਇਆ ਮੈਂ ਜਲੁ ਭਰਿਆ ਰੋਇ।
ਆਇ ਨ ਸਕਾ ਤੁਝ ਕਨਿ ਪਿਆਰੇ ਭੇਜਿ ਨ ਸਕਾ ਕੋਇ।
ਆਉ ਸੁਭਾਗੀ ਨੀਦੜੀਏ ਮਤੁ ਸਹੁ ਦੇਖਾ ਸੋਇ।

[ਗੁਰੂ ਨਾਨਕ]