ਪੰਨਾ:Mumu and the Diary of a Superfluous Man.djvu/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

92

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਉਸ ਦੇ ਗੁਣ ਭਾਵੇਂ ਜਿੰਨੇ ਵੀ ਵੱਡੇ ਹੋਣ ਸਿਰਫ ਉਸ ਦੀ ਦਿੱਖ ਮੇਰੇ ਪ੍ਰਤੀ ਲੀਜ਼ਾ ਦੇ ਚੰਗੇ ਵਤੀਰੇ ਨੂੰ ਨਸ਼ਟ ਕਰਨ ਲਈ ਕਾਫ਼ੀ ਨਹੀਂ ਸੀ ਪਰ ਕੀ ਅਜਿਹਾ ਚੰਗਾ ਵਤੀਰਾ ਕਦੇ ਹੈ ਵੀ ਸੀ? ਮੈਂ ਬੀਤੇ ਸਮੇਂ ਦੀਆਂ ਘਟਨਾਵਾਂ ਨੂੰ ਯਾਦ ਕੀਤਾ।

"ਤੇ ਜੰਗਲ ਵਿਚ ਸੈਰ?" ਮੈਂ ਆਪਣੇ ਆਪ ਨੂੰ ਪੁੱਛਿਆ।

"ਤੇ ਸ਼ੀਸ਼ੇ ਵਿਚ ਝਲਕ? ਮੈਂ ਜਵਾਬ ਦਿੱਤਾ।

"ਪਰ ਉਹ ਸ਼ਾਮ, ਇਹ ਜਾਪਦਾ ਹੈ -"

ਮੈਂ ਜਾਰੀ ਨਾ ਰੱਖ ਸਕਿਆ।

"ਮੇਰਿਆ ਰੱਬਾ!" ਮੈਂ ਆਖ਼ਿਰ ਚਿਲਾਇਆ; "ਖ਼ੈਰ, ਮੈਂ ਵੀ ਕਿੰਨਾ ਬੇਕਾਰ ਪ੍ਰਾਣੀ ਹਾਂ!"

ਅਜਿਹੇ ਅਧੂਰੇ ਵਿਚਾਰ ਅਤੇ ਭਾਵਨਾਵਾਂ ਮੇਰੇ ਸਿਰ ਵਿਚ ਘੁੰਮ ਰਹੀਆਂ ਸਨ। ਸੰਖੇਪ ਵਿਚ, ਮੈਂ ਓਜੋਗਿਨ ਦੇ ਘਰ ਵਿਚ ਉਹੀ ਚਿੜਚਿੜਾ, ਸ਼ੱਕੀ ਅਤੇ ਅੜੀਅਲ ਵਿਅਕਤੀ ਵਜੋਂ ਦਾਖ਼ਲ ਹੋਇਆ ਸੀ ਜੋ ਮੈਂ ਆਪਣੇ ਬਚਪਨ ਤੋਂ ਸੀ।

ਦਲਾਨ ਵਿਚ ਮਿਲ ਬੈਠਾ ਪੂਰਾ ਪਰਿਵਾਰ ਮੈਨੂੰ ਮਿਲਿਆ ਅਤੇ ਬਿਜ਼ਮਨਕੋਫ ਵੀ ਇਕ ਕੋਨੇ ਵਿਚ ਬੈਠਾ ਸੀ। ਉਹ ਸਾਰੇ ਚੜ੍ਹਦੀ ਕਲਾ ਵਿਚ ਸਨ। ਖ਼ਾਸ ਤੌਰ 'ਤੇ ਓਜੋਗਿਨ ਜੋ ਖੁਸ਼ੀ ਨਾਲ ਟਹਿਕ ਰਿਹਾ ਸੀ ਅਤੇ ਜਲਦੀ ਹੀ ਰਵਾਇਤੀ ਦੁਆ ਸਲਾਮ ਕਰਨ ਤੋਂ ਬਾਅਦ ਮੈਨੂੰ ਦੱਸਿਆ ਕਿ ਪ੍ਰਿੰਸ ਐੱਨ--- ਨੇ ਬੀਤੀ ਸ਼ਾਮ ਉਸ ਦੇ ਘਰ ਵਿਚ ਬਿਤਾਈ ਸੀ। ਲੀਜ਼ਾ ਨੇ ਬੜੇ ਸ਼ਾਂਤ ਲਹਿਜ਼ੇ ਵਿਚ ਮੈਨੂੰ ਸਲਾਮ ਕੀਤੀ।

"ਠੀਕ," ਮੈਂ ਸੋਚਿਆ, "ਮੈਨੂੰ ਪਤਾ ਹੈ ਕਿ ਤੁਸੀਂ ਚੜ੍ਹਦੀਕਲਾ ਵਿਚ ਕਿਉਂ ਹੋ।"

ਮੈਨੂੰ ਮੰਨਣਾ ਚਾਹੀਦਾ ਹੈ ਕਿ ਪ੍ਰਿੰਸ ਦੀ ਦੂਜੀ ਫੇਰੀ ਮੈਨੂੰ ਬਹੁਤ ਸ਼ੱਕੀ ਨਜ਼ਰ ਆਈ। ਮੈਨੂੰ ਉਮੀਦ ਨਹੀਂ ਸੀ ਕਿ ਉਹ ਓਜੋਗਿਨਾਂ ਨੂੰ ਦੂਜੀ ਵਾਰ ਮਿਲਣ ਆਵੇਗਾ। ਮੇਰੇ ਵਰਗੇ ਵਿਅਕਤੀ ਆਮ ਤੌਰ 'ਤੇ ਦੁਨੀਆਂ ਵਿਚ ਹਰ ਚੀਜ਼ ਦੀ ਉਮੀਦ ਕਰਦੇ ਹਨ ਪਰ ਉਸ ਨੂੰ ਛੱਡ ਕੇ ਜੋ ਸਭ ਤੋਂ ਵੱਧ ਕੁਦਰਤੀ ਹੁੰਦੀ ਹੈ। ਮੈਂ ਬੁੱਲ੍ਹ ਮੀਚ ਲਏ ਅਤੇ ਇਕ ਨਾਰਾਜ਼ ਪਰ ਖੁੱਲ੍ਹ-ਦਿਲੇ ਵਿਅਕਤੀ ਵਰਗਾ ਲਹਿਜ਼ਾ ਧਾਰਨ ਕਰ ਲਿਆ। ਆਪਣੀ ਨਰਾਜ਼ਗੀ ਨਾਲ ਲੀਜ਼ਾ ਨੂੰ ਸਜ਼ਾ ਦੇਣ ਦੀ ਮੇਰੀ ਇੱਛਾ ਸੀ। ਇਹ ਦਰਸਾਉਂਦਾ ਸੀ ਕਿ ਮੈਂ ਨਿਰਾਸ਼ ਨਹੀਂ ਸੀ। ਕਿਹਾ ਜਾਂਦਾ ਹੈ ਕਿ ਕੁਝ ਮਾਮਲਿਆਂ ਵਿਚ ਜਦੋਂ ਕਿਸੇ ਵਿਅਕਤੀ ਨੂੰ ਸੱਚਮੁਚ ਕੋਈ ਪਿਆਰ ਕਰਦਾ ਹੁੰਦਾ ਹੈ ਤਾਂ ਇਹ ਠੀਕ ਹੁੰਦਾ ਹੈ ਕਿ ਉਹ ਉਸ ਨੂੰ ਜਿਸ ਨੂੰ ਉਹ ਪਿਆਰ ਕਰਦਾ ਹੈ ਥੋੜ੍ਹਾ ਜਿਹਾ ਸਤਾਏ।