ਪੰਨਾ:Mumu and the Diary of a Superfluous Man.djvu/84

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

78

ਇੱਕ ਫ਼ਾਲਤੂ ਆਦਮੀ ਦੀ ਡਾਇਰੀ

ਹਾਲਾਂਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਵਿਚੋਂ ਕੋਈ ਵੀ ਸ਼ੁੱਧ ਲੇਖਣ-ਕਲਾ ਦਾ ਮਾਹਿਰ ਸੀ। ਵਿਚਾਰਾ ਸੇਰਗੇਈ ਸੇਰਗੇਈਵਿਚ ਖਸਿਆਣਾ ਜਿਹਾ ਮੁਸਕਰਾਉਂਦਾ ਹੋਇਆ ਖਾਮੋਸ਼ ਹੋ ਜਾਂਦਾ ਅਤੇ ਨੀਵੀਂ ਪਾ ਲੈਂਦਾ।

ਮੈਂ ਇਹ ਭੁੱਲ ਜਾਂਦਾ ਹਾਂ ਕਿ ਅਜਿਹੇ ਛੋਟੇ-ਛੋਟੇ ਵੇਰਵਿਆਂ ਲਈ ਮੇਰੇ ਕੋਲ ਸਮਾਂ ਬਹੁਤ ਸੀਮਿਤ ਹੈ। ਸੰਖੇਪ ਵਿਚ ਕਹਾਂ ਤਾਂ, ਓਜੋਗਿਨ ਇਕ ਵਿਆਹਿਆ ਹੋਇਆ ਆਦਮੀ ਸੀ। ਉਸ ਦੀ ਇਕ ਐਲਿਜ਼ਬੈਥ ਕਿਰੀਲੋਵਨਾ ਨਾਂ ਦੀ ਬੇਟੀ ਸੀ ਅਤੇ ਮੈਂਨੂੰ ਉਸ ਦੀ ਧੀ ਨਾਲ ਪਿਆਰ ਹੋ ਗਿਆ ਸੀ। ਓਜੋਗਿਨ ਖ਼ੁਦ ਇਕ ਆਮ ਜਿਹਾ ਬੰਦਾ ਸੀ, ਨਾ ਤਾਂ ਖ਼ੂਬਸੂਰਤ ਤੇ ਨਾ ਹੀ ਬਦਸੂਰਤ। ਉਸ ਦੀ ਪਤਨੀ ਕੁਝ ਹੱਦ ਤਕ ਬੁੱਢੀ ਕੁੱਕੜੀ ਦੀ ਤਰ੍ਹਾਂ ਸੀ ਪਰ ਉਨ੍ਹਾਂ ਦੀ ਬੇਟੀ ਉਨ੍ਹਾਂ ਵਿਚੋਂ ਕਿਸੇ 'ਤੇ ਨਹੀਂ ਸੀ, ਸਗੋਂ ਉਨ੍ਹਾਂ ਤੋਂ ਉਲਟ ਸੀ। ਉਹ ਬਹੁਤ ਹੀ ਸੁੰਦਰ, ਜੀਵੰਤ ਤੇ ਕੋਮਲ ਸੁਭਾਅ ਦੀ ਸੀ। ਉਸ ਦੀਆਂ ਚਮਕਦਾਰ ਭੂਰੀਆਂ ਅੱਖਾਂ ਵਿਚੋਂ ਪਿਆਰ ਝਲਕਦਾ ਸੀ ਅਤੇ ਕਮਾਨ ਨੁਮਾ ਭਵਾਂ ਦੇ ਹੇਠੋਂ ਨਿਰਛਲਤਾ ਨਜ਼ਰ ਆਉਂਦੀ ਸੀ। ਉਹ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਅਤੇ ਬਹੁਤ ਵਾਰ ਜ਼ੋਰ ਜ਼ੋਰ ਨਾਲ ਹੱਸਦੀ। ਉਸ ਦੀ ਤਾਜ਼ਾ, ਜਵਾਨੀ ਦੀ ਠਾਠਦਾਰ ਆਵਾਜ਼ ਬਹੁਤ ਪ੍ਰਭਾਵਸ਼ਾਲੀ ਸੀ। ਉਸ ਦੀ ਤੋਰ ਬੇਪਰਵਾਹ, ਛੁਹਲੀ ਅਤੇ ਫੁਰਤੀਲੀ ਸੀ ਜਦੋਂ ਉਹ ਸ਼ਰਮਾਉਂਦੀ ਤਾਂ ਉਹਦੇ ਮੁੱਖੜੇ ਦੀ ਲਾਲੀ ਵਿਚ ਖੁਸ਼ੀ ਘੁਲੀ ਹੁੰਦੀ। ਉਹ ਬਹੁਤੇ ਤੜਕ-ਭੜਕ ਵਾਲੇ ਕੱਪੜੇ ਨਹੀਂ ਪਹਿਨਦੀ ਸੀ। ਉਸ ਨੂੰ ਸਾਦੇ ਕੱਪੜੇ ਲੋਹੜੇ ਦੇ ਫੱਬਦੇ ਸਨ।

ਮੈਂ ਆਮ ਤੌਰ 'ਤੇ ਜਲਦੀ ਕਿਸੇ ਨਾਲ ਦੋਸਤੀ ਨਹੀਂ ਪਾਉਂਦਾ ਸੀ ਜੇ ਮੈਂ ਸ਼ੁਰੂ ਤੋਂ ਕਿਸੇ ਨਾਲ ਘੁਲਮਿਲ ਜਾਂਦਾ ਸਾਂ - ਜੋ ਹਾਲੇ ਤਕ ਬਹੁਤ ਘੱਟ ਹੀ ਕਦੇ ਹੋਇਆ ਸੀ - ਤਾਂ ਮੈਨੂੰ ਮੰਨਣ ਵਿਚ ਕੋਈ ਗੁਰੇਜ਼ ਨਹੀਂ ਕਿ ਇਹ ਚਮਤਕਾਰ ਨਵੇਂ ਜਾਣੂ ਦੀ ਲਿਆਕਤ ਕਰਕੇ ਹੁੰਦਾ ਸੀ। ਮੈਂ ਕਦੇ ਵੀ ਔਰਤਾਂ ਨਾਲ ਵਰਤਣ ਦੇ ਗੁਰ ਨਹੀਂ ਸੀ ਜਾਣਦਾ ਅਤੇ ਉਨ੍ਹਾਂ ਦੀ ਹਾਜ਼ਰੀ ਵਿਚ ਮੇਰਾ ਚਿਹਰਾ ਜਾਂ ਤਾਂ ਅਜੀਬ ਤਲਖ਼ੀ ਅਖਤਿਆਰ ਕਰ ਲੈਂਦਾ ਜਾਂ ਅਤਿ ਮੂਰਖ਼ਤਾ ਭਰੇ ਢੰਗ ਨਾਲ ਹੱਸਣ ਲੱਗਦਾ ਸੀ। ਮੇਰੇ ਮੂੰਹ ਵਿਚ ਜੀਭ ਪਲਸੇਟੇ ਜਿਹੇ ਲੈਣ ਲੱਗਦੀ ਪਰ ਐਲਿਜ਼ਬੈਥ ਕਿਰੀਲੋਵਨਾ ਨੂੰ ਜਦੋਂ ਮੈਂ ਪਹਿਲੀ ਵਾਰ ਮਿਲਿਆ ਤਾਂ ਮੈਨੂੰ ਉੱਕਾ ਓਪਰਾ ਨਾ ਲੱਗਿਆ। ਇਹ ਮੁਲਾਕਾਤ ਇਸ ਤਰਾਂ ਹੋਈ:

ਇਕ ਵਾਰ ਮੈਂ ਓਜੋਗਿਨ ਨੂੰ ਖਾਸੇ ਦਿਨ ਚੜ੍ਹੇ ਬੁਲਾਇਆ। ਮੈਂ ਪੁੱਛਿਆ ਕਿ, ਕੀ ਉਹ ਘਰ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਕੱਪੜੇ ਪਹਿਨ ਰਿਹਾ ਤੇ ਨਾਲ ਹੀ ਬੇਨਤੀ ਕੀਤੀ ਕਿ ਮੈਂ ਉਸ ਦੀ ਬੈਠਕ ਵਿਚ ਉਡੀਕ ਕਰਾਂ। ਮੈਂ ਬੈਠਕ ਵਿਚ ਦਾਖ਼ਲ ਹੋਇਆ ਅਤੇ ਖਿੜਕੀ ਵੱਲ ਮੂੰਹ ਕਰਕੇ ਖੜ੍ਹੀ ਚਿੱਟੇ ਕੱਪੜਿਆਂ ਵਾਲੀ ਇਕ ਭਰ ਜਵਾਨ ਕੁੜੀ ਨੂੰ ਵੇਖਿਆ।