70
ਇੱਕ ਫ਼ਾਲਤੂ ਆਦਮੀ ਦੀ ਡਾਇਰੀ
ਜਿਸ ਵਿਚੀਂ ਛਣ ਕੇ ਕਿਸਾਨ ਦੇ ਸੋਗੀ ਗੀਤ ਦੀ ਆਵਾਜ਼ ਅਤੇ ਕਦੇ-ਕਦੇ ਉਸ ਦੇ ਗੱਡੀ ਦੇ ਟੁੱਟੇ ਹੋਏ ਪਹੀਏ ਦੀ ਖੜ-ਖੜ ਪਿੰਡ ਦੀ ਸੜਕ ਤੋਂ ਆ ਰਹੀ ਸੀ। ਮੈਂ ਤੁਹਾਨੂੰ ਆਖ਼ਰੀ ਅਲਵਿਦਾ ਭੇਜ ਰਿਹਾ ਹਾਂ! ਜ਼ਿੰਦਗੀ ਤੋਂ ਛੁੱਟੀ ਲੈ ਰਿਹਾ। ਮੈਂ ਤੇਰੇ ਲਈ ਆਪਣੀਆਂ ਬਾਹਾਂ ਫੈਲਾਉਂਦਾ ਹਾਂ! ਸਿਰਫ਼ ਤੇਰੇ ਲਈ! ਓ, ਮੈਂ ਆਪਣੇ ਮੈਦਾਨਾਂ ਦੀ ਤੇਜ਼, ਤਾਜ਼ਾ ਹਵਾ ਵਿਚ ਇਕ ਵਾਰ ਫੇਰ ਸਾਹ ਲੈਣ ਦੀ ਇੱਛਾ ਰੱਖਦਾ ਹਾਂ। ਇਕ ਵਾਰ ਫਿਰ ਆਪਣੇ ਜੱਦੀ ਪੌਣ-ਪਾਣੀ ਦੇ ਖੇਤਾਂ ਵਿਚ ਸਿਆਹ ਕਣਕ ਦੀ ਮਿੱਠੀ ਮਹਿਕ ਲੈਣਾ ਚਾਹੁੰਦਾ ਹਾਂ! ਇਕ ਵਾਰ ਫਿਰ ਮੇਰੇ ਦਿਲ ਨੂੰ ਧੂਹ ਪੈਂਦੀ ਹੈ ਕਿ ਦੂਰੋਂ ਪਿੰਡ ਦੇ ਚਰਚ ਦੀ ਤਿੜਕੀ ਹੋਈ ਘੰਟੀ ਦੀ ਘਰੜਾਈ ਟਨ ਟਨ ਸੁਣਾਂ। ਇਕ ਵਾਰ ਹੋਰ ਜਾਣੂ ਢਲਾਣ ਦੇ ਨੇੜੇ ਬਲੂਤ ਦੀ ਠੰਢੀ ਛਾਂ ਵਿਚ ਲੇਟ ਜਾਣ ਨੂੰ ਮਨ ਕਰਦਾ ਹੈ। ਸਿਆਹ ਲਹਿਰ ਦੇ ਵਾਂਗ ਚਰਾਂਦ ਦੇ ਪੀਲੇ ਘਾਹ ਉੱਤੋਂ ਦੀ ਵਗਦੀ ਤੇਜ਼ ਹਵਾ ਨੂੰ ਦੇਖ ਲੈਣਾ ਲੋਚਦਾ ਹਾਂ!
ਆਹ, ਇਹ ਸਭ ਕਿਉਂ? ਪਰ ਅੱਜ ਤੋਂ ਅੱਗੇ ਨਹੀਂ ਝਾਕਦਾ। ਮੈਂ ਕੱਲ੍ਹ ਤਕ ਨਹੀਂ ਰਹਿਣਾ।
22 ਮਾਰਚ
ਅੱਜ ਦਿਨ ਠੰਢਾ ਹੈ ਅਤੇ ਬੱਦਲਵਾਈ ਹੈ। ਅਜਿਹਾ ਮੌਸਮ ਵਧੇਰੇ ਸੁਖਾਵਾਂ ਹੁੰਦਾ ਹੈ। ਇਹ ਮੇਰੇ ਕੰਮ ਦੇ ਸੁਭਾਅ ਨਾਲ ਵਧੀਆ ਮੇਲ ਖਾਂਦਾ ਹੈ। ਕੱਲ੍ਹ ਦੇ ਮੌਸਮ ਨੇ ਮੇਰੇ ਵਿਚ ਉੱਕਾ ਅਕਾਰਨ ਬਹੁਤ ਸਾਰੇ ਅਜੀਬ ਜਜ਼ਬਿਆਂ ਅਤੇ ਯਾਦਾਂ ਨੂੰ ਜਗਾ ਦਿੱਤਾ ਸੀ। ਇਹ ਦੁਬਾਰਾ ਕਦੇ ਨਹੀਂ ਵਾਪਰੇਗਾ। ਭਾਵਨਾਤਮਿਕ ਵਿਸਫੋਟ ਮਲੱਠੀ ਵਾਂਗ ਹੁੰਦੇ ਹਨ। ਇਹ ਪਹਿਲਾਂ ਤਾਂ ਸੁਆਦੀ ਲੱਗਦੇ ਹਨ ਅਤੇ ਬਾਅਦ ਵਿਚ ਲੰਬੇ ਸਮੇਂ ਤੱਕ ਕਚਿਆਣ ਪਿੱਛੇ ਰਹਿ ਜਾਂਦੀ ਹੈ। ਹੁਣ ਮੈਂ ਸ਼ਾਂਤ ਇਕਾਗਰ ਹੋ ਕੇ ਸਿਰਫ਼ ਆਪਣੀ ਜ਼ਿੰਦਗੀ ਦੀ ਕਹਾਣੀ ਅੱਗੇ ਤੋਰਾਂਗਾ।
ਇਸ ਤਰ੍ਹਾਂ ਅਸੀਂ ਮਾਸਕੋ ਜਾ ਰਹਿਣ ਲੱਗ ਪਏ ਪਰ ਮੇਰੇ ਲਈ ਸਵਾਲ ਪੈਦਾ ਹੁੰਦਾ ਹੈ, ਕੀ ਮੇਰੀ ਜੀਵਨੀ ਲਿਖਣ ਦੀ ਕੋਈ ਤੁਕ ਹੈ? ਨਹੀਂ। ਬਿਲਕੁਲ ਨਹੀਂ!
ਮੇਰੀ ਜ਼ਿੰਦਗੀ ਦੀ ਕਹਾਣੀ ਬਹੁਤ ਸਾਰੇ ਹੋਰਨਾਂ ਤੋਂ ਵੱਖਰੀ ਨਹੀਂ ਹੈ। ਪਿਤਾ ਦਾ ਘਰ ਹੈ, ਯੂਨੀਵਰਸਿਟੀ, ਨੀਵੇਂ ਦਫਤਰਾਂ ਵਿਚ ਸੇਵਾ, ਅਸਤੀਫ਼ੇ ਸੌਂਪਣਾ, ਜਾਣੂਆਂ ਦਾ ਇਕ ਛੋਟਾ ਜਿਹਾ ਘੇਰਾ, ਚਿੱਟੇ ਕੱਪੜਿਆਂ ਵਿਚ ਲੁਕੀ ਗ਼ਰੀਬੀ, ਸਾਧਾਰਨ ਖੁਸ਼ੀਆਂ, ਸਾਧਾਰਨ ਰੁਜ਼ਗਾਰ,