ਜਾਣ-ਪਛਾਣ
65
ਆਪਣੀ ਸ਼ਾਂਤ, ਅਧੀਨਗੀ ਅਤੇ ਨਿਮਰਤਾ ਨਾਲ ਪਤਨੀ ਨੂੰ ਖ਼ੁਸ਼ ਰੱਖਣ ਦੀ ਵਧੀਆਂ ਕੋਸ਼ਿਸ਼ ਕੀਤੀ।
ਮੇਰੀ ਮਾਂ ਨੇ ਬੁਲੰਦ ਅਤੇ ਅਣਖੀਲੇ ਸਬਰ ਨਾਲ ਆਪਣੇ ਦੁੱਖ ਕੱਟੇ ਅਤੇ ਜਿਸ ਦਾ ਉਸ ਨੂੰ ਬਹੁਤ ਜ਼ਿਆਦਾ ਘਮੰਡ ਸੀ। ਉਸ ਨੇ ਮੇਰੇ ਪਿਤਾ ਨੂੰ ਉਸ ਦੀ ਕਰਨੀ ਲਈ ਕਦੇ ਜ਼ਲੀਲ ਨਹੀਂ ਕੀਤਾ। ਉਸ ਨੇ ਆਪਣਾ ਸਾਰਾ ਪੈਸਾ ਦੇ ਦਿੱਤਾ ਅਤੇ ਬਿਨਾਂ ਕਿਸੇ ਤਿੜ-ਫ਼ਿੜ ਤੋਂ ਉਸ ਦੇ ਕਰਜ਼ ਲਾਹੁੰਦੀ ਰਹੀ। ਉਹ ਹਮੇਸ਼ਾ ਉਸ ਦੀ ਖ਼ੂਬ ਪ੍ਰਸ਼ੰਸਾ ਕਰਦਾ ਪਰ ਘਰ ਰਹਿਣਾ ਉਸ ਨੂੰ ਪਸੰਦ ਨਹੀਂ ਸੀ। ਉਹ ਮੈਨੂੰ ਤ੍ਰਹਿੰਦੇ-ਤ੍ਰਹਿੰਦੇ ਪਿਆਰ ਕਰਦਾ, ਜਿਵੇਂ ਕਿ ਉਹ ਡਰਦਾ ਹੋਵੇ ਕਿ ਉਸ ਵਾਲੀ ਨੈਤਿਕ ਬਿਮਾਰੀ ਮੈਨੂੰ ਵੀ ਨਾ ਲੱਗ ਜਾਵੇ ਪਰ ਜਦ ਵੀ ਉਹ ਮੈਨੂੰ ਘੁੱਟ ਕੇ ਆਪਣੇ ਨਾਲ ਲਾਉਂਦਾ। ਉਸ ਦੇ ਕਰੂਪ ਨੈਣ-ਨਕਸ਼ ਨਿਰੀ ਕੋਮਲਤਾ ਦੇ ਹਾਵ-ਭਾਵ ਧਾਰਨ ਕਰ ਲੈਂਦੇ। ਉਸ ਦੇ ਬੁੱਲ੍ਹਾਂ ਦੇ ਆਲੇ-ਦੁਆਲੇ ਘਬਰਾਹਟ ਦੇ ਚਿੰਨ੍ਹ ਮੋਹ ਭਰੀ ਮੁਸਕਰਾਹਟ ਸਰੂਪ ਹੋ ਜਾਂਦੇ ਅਤੇ ਝੁਰੜੀਆਂ ਦੇ ਘੜਮੱਸ ਵਿਚ ਘਿਰੀਆਂ ਉਸ ਦੀਆਂ ਹਲਕੇ ਨੀਲੇ ਰੰਗ ਦੀਆਂ ਅੱਖਾਂ ਏਨੇ ਪਿਆਰ ਨਾਲ ਭਰੀਆਂ ਹੁੰਦੀਆਂ ਕਿ ਮੈਂ ਆਪਣੀ ਗੱਲ੍ਹ ਉਸ ਦੇ ਚਿਹਰੇ ਨਾਲ ਦਬਾਏ ਬਿਨਾਂ ਨਾ ਰਹਿ ਸਕਦਾ। ਉਸ ਦਾ ਚਿਹਰਾ ਪਿਆਰ-ਭਾਵ ਦੇ ਨਾਲ ਚਮਕ ਰਿਹਾ ਹੁੰਦਾ ਅਤੇ ਹੰਝੂਆਂ ਨਾਲ ਭਿੱਜਿਆ ਹੁੰਦਾ। ਮੈਂ ਆਪਣੇ ਰੁਮਾਲ ਨਾਲ ਉਸ ਦੇ ਹੰਝੂ ਪੂੰਝਦਾ ਰਿਹਾ ਪਰ ਇਹ ਆਪ ਮੁਹਾਰੇ ਮੁੜ ਵਗ ਤੁਰਦੇ, ਭਰੇ ਹੋਏ ਗਲਾਸ ਦੇ ਕਿਨਾਰਿਆਂ ਤੋਂ ਡੁੱਲ੍ਹਦੇ ਪਾਣੀ ਦੀ ਤਰ੍ਹਾਂ। ਫਿਰ ਮੈਂ ਵੀ ਰੋਣ ਲੱਗ ਪੈਂਦਾ। ਉਹ ਮੇਰੇ ਮੋਢੇ ਥਾਪੜਦਾ ਅਤੇ ਮੇਰੇ ਮੂੰਹ ਨੂੰ ਕੰਬਦੇ ਬੁੱਲ੍ਹਾਂ ਨਾਲ ਵਾਰ-ਵਾਰ ਚੁੰਮਣ ਲੱਗਦਾ, ਮੈਨੂੰ ਦਿਲਾਸਾ ਦਿੰਦਾ। ਹੁਣ ਵੀ ਜਦੋਂ ਮੈਂ ਆਪਣੇ ਵਿਚਾਰੇ ਪਿਤਾ ਬਾਰੇ ਸੋਚਦਾ ਹਾਂ ਜਿਸ ਨੂੰ ਮਰਿਆਂ 20 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਹੈ ਤਾਂ ਮੇਰਾ ਗਲਾ ਭਰ ਆਉਂਦਾ ਹੈ। ਮੇਰਾ ਦਿਲ ਤੇਜ਼-ਤੇਜ਼ ਧੜਕਣ ਲੱਗਦਾ ਹੈ ਅਤੇ ਇਸ ਤਰ੍ਹਾਂ ਹਮਦਰਦੀ ਭਰੇ ਦਰਦ ਨਾਲ ਭਾਰਾ ਮਹਿਸੂਸ ਹੁੰਦਾ ਹਾਂ; ਜਿਵੇਂ ਉਹ ਅਜੇ ਦੇਰ ਤਕ ਧੜਕਣਾ ਚਾਹੁੰਦਾ ਹੋਵੇ, ਜਿਵੇਂ ਅਜੇ ਵੀ ਢੇਰ ਹਮਦਰਦੀ ਕਰਨਾ ਬਾਕੀ ਹੋਵੇ।
ਦੂਜੇ ਪਾਸੇ, ਮੇਰੀ ਮਾਂ ਹਮੇਸ਼ਾ ਮੇਰੇ ਨਾਲ ਇਕਸਾਰ ਸਲੂਕ ਕਰਦੀ ਸੀ - ਦਿਆਲੂ ਪਰ ਗ਼ੈਰ ਜਜ਼ਬਾਤੀ। "ਸਾਨੂੰ ਅਕਸਰ ਅਜਿਹੀਆਂ ਮਾਵਾਂ ਬੱਚਿਆਂ ਦੀਆਂ ਕਿਤਾਬਾਂ ਵਿਚ ਮਿਲ ਜਾਦੀਆਂ ਹਨ - ਆਲੀਸ਼ਾਨ ਨੈਤਿਕਤਾ ਅਤੇ ਇਨਸਾਫ਼ ਦੀਆਂ ਮੂਰਤਾਂ। ਮੇਰੀ ਮਾਂ ਮੈਨੂੰ ਪਿਆਰ ਕਰਦੀ ਸੀ ਪਰ ਮੈਨੂੰ ਉਸ ਨਾਲ ਪਿਆਰ ਨਹੀਂ ਸੀ। ਹਾਂ, ਮੈਂ ਆਪਣੀ ਨੇਕ ਮਾਂ ਤੋਂ ਦੂਰ ਰਿਹਾ ਪਰ ਆਪਣੇ ਦੁਰਾਚਾਰੀ ਬਾਪ ਨੂੰ ਜਜ਼ਬਾਤੀ ਤੌਰ 'ਤੇ ਪਿਆਰ ਕਰਦਾ ਸੀ।
ਪਰ ਅੱਜ ਦੇ ਲਈ ਇਹ ਕਾਫੀ ਹੋਵੇਗਾ।