ਇਕ ਫ਼ਾਲਤੂ ਆਦਮੀ ਦੀ ਡਾਇਰੀ
ਪਿੰਡ ਓਵਚੱਟ-ਵੋਡਾ, 20 ਮਾਰਚ
ਡਾਕਟਰ ਹੁਣੇ ਘਰੋਂ ਗਿਆ ਹੈ। ਆਖ਼ਿਰਕਾਰ ਮੈਂ ਉਸ ਤੋਂ ਸੱਚਾਈ ਕੱਢਵਾ ਹੀ ਲਈ ਚਾਹੇ ਉਸ ਨੇ ਇਸ ਨੂੰ ਛੁਪਾਉਣ ਦੀ ਕਿੰਨੀ ਵੀ ਕੋਸ਼ਿਸ਼ ਕੀਤੀ। ਆਖ਼ਿਰ ਉਸ ਨੂੰ ਇਹ ਦੱਸਣੀ ਹੀ ਪਈ। ਹਾਂ, ਮੈਂ ਛੇਤੀ ਹੀ ਮਰ ਜਾਵਾਂਗਾ - ਬਹੁਤ ਛੇਤੀ। ਨਦੀਆਂ ਆਪਣੀ ਬਰਫ਼ ਦੀ ਚਾਦਰ ਲਾਹ ਸੁੱਟਣਗੀਆਂ ਅਤੇ ਮੈਂ ਆਖ਼ਰੀ ਬਰਫ਼ ਦੀ ਪਰਤ ਨਾਲ ਅਲੋਪ ਜਾਵਾਂਗਾ। ਮੈਂ ਜ਼ਰੂਰ ਚਲੇ ਜਾਵਾਂਗਾ। ਕਿਧਰ ਨੂੰ? ਰੱਬ ਜਾਣਦਾ ਹੈ। ਮੈਂ ਸਮੁੰਦਰ ਵਿਚ ਵੀ ਡੁੱਬ ਸਕਦਾ ਹਾਂ। ਠੀਕ ਹੈ, ਇਸ ਵਿਚ ਕਿਹੜੀ ਮਾੜੀ ਗੱਲ ਹੈ? ਜੇ ਮੌਤ ਅਟੱਲ ਹੈ, ਤਾਂ ਬਸੰਤ ਵਿਚ ਮਰਨਾ ਚੰਗਾ ਹੈ।
ਪਰ ਕੀ ਮੌਤ ਤੋਂ ਲਗਪਗ ਪੰਦਰਵਾੜਾ ਪਹਿਲਾਂ ਡਾਇਰੀ ਲਿਖਣੀ ਸ਼ੁਰੂ ਕਰਨਾ ਹਾਸੋ-ਹੀਣਾ ਨਹੀਂ? ਇਸ ਬਾਰੇ ਕੀ ਕਹੀਏ? ਕੀ ਸਦੀਵਤਾ ਦੀ ਨਜ਼ਰ ਤੋਂ ਚੌਦਾਂ ਦਿਨ, ਚੌਦਾਂ ਵਰ੍ਹੇ ਜਾਂ ਚੌਦਾਂ ਸਦੀਆਂ ਨਾਲੋਂ ਘੱਟ ਮਹੱਤਵਪੂਰਨ ਹਨ? ਪਰ ਕੀ ਸਦੀਵਤਾ ਦਾ ਵਿਚਾਰ ਨਿਰੀ ਮੂਰਖਤਾ ਨਹੀਂ ਹੈ? ਮੇਰਾ ਮਨ ਕਿਆਸਰਾਈਆਂ ਦੇ ਭੰਵਰਜਾਲ ਵਿਚ ਭਟਕ ਰਿਹਾ ਜਾਪਦਾ ਹੈ। ਇਹ ਇਕ ਬਦਸ਼ਗਨੀ ਹੈ। ਇੰਜ ਜਾਪਦਾ ਹੈ ਕਿ ਮੈਂ ਹਿੰਮਤ ਹਾਰ ਰਿਹਾ ਹਾਂ। ਇਹ ਬਿਹਤਰ ਹੋਵੇਗਾ ਜੇ ਮੈਂ ਕਹਿ ਦੇਵਾਂ ਕਿ ਬਾਹਰ ਹਵਾ ਸਿੱਲ੍ਹੀ ਅਤੇ ਠੰਢੀ ਹੈ ਅਤੇ ਚੰਗਾ ਹੈ ਕਿ ਮੈਂ ਬਾਹਰ ਨਹੀਂ ਜਾ ਸਕਦਾ। ਮੈਂ ਕੀ ਬਿਆਨ ਕਰਾਂ? ਆਪਣੀ ਬੀਮਾਰੀ ਬਾਰੇ ਕੁਝ ਲਿਖਾਂ? ਕੋਈ ਚੰਗਾ ਵਿਅਕਤੀ ਆਪਣੇ ਦੁੱਖਾਂ ਬਾਰੇ ਨਹੀਂ ਲਿਖਦਾ। ਕੀ ਮੈਂ ਇਕ ਕਹਾਣੀ ਦੀ ਰਚਨਾ ਕਰਾਂ? ਇਹ ਮੇਰੇ ਵੱਸ ਵਿਚ ਨਹੀਂ ਹੈ। ਕੀ ਮੈਂ ਕਿਸੇ ਦਾਰਸ਼ਨਿਕ ਵਿਸ਼ੇ 'ਤੇ ਲਿਖਾਂ? ਮੈਂ ਅਜਿਹੇ ਕੰਮ ਦੇ ਹਾਣ ਦਾ ਨਹੀਂ ਹਾਂ। ਕੀ ਮੈਂ ਆਪਣੇ ਆਲੇ-ਦੁਆਲੇ ਦਾ ਵਰਣਨ ਕਰਾਂਗਾ? ਇਹ ਮੇਰੇ ਲਈ ਥਕਾਊ ਹੋਵੇਗਾ ਤੇ ਪਾਠਕ ਲਈ ਤਾਂ ਹੋਰ ਵੀ ਜ਼ਿਆਦਾ। ਮੈਂ ਵਿਹਲੜਪੁਣੇ ਨਾਲ ਥੱਕ ਗਿਆ ਹਾਂ ਅਤੇ ਆਲਸੀ ਵੀ ਏਨਾ ਕਿ ਕੁਝ ਪੜ੍ਹ ਵੀ ਨਹੀਂ ਸਕਦਾ।