ਪੰਨਾ:Mumu and the Diary of a Superfluous Man.djvu/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

54

ਮੂਮੂ

ਗਰਾਸੀਮ ਵਿਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਸੀ। ਉਨ੍ਹਾਂ ਨੇ ਉਨ੍ਹਾਂ ਦੀ "ਪਿਆਰੀ ਮਾਂ ਦੇ" ਘਰੇਲੂ ਨੌਕਰ, ਸਾਰੇ ਭੋਂ-ਗ਼ੁਲਾਮਾਂ ਨੂੰ ਕੁਝ ਸਾਲਾਨਾ ਨਜ਼ਰਾਨੇ ਬਦਲੇ ਜਿੱਥੇ ਜੀ ਕਰੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।

ਗਰਾਸੀਮ ਅਜੇ ਵੀ ਆਪਣੀ ਸੁੰਨੀ ਕੁੱਲੀ ਵਿੱਚ ਅਲੱਗ-ਥਲੱਗ ਰਹਿੰਦਾ ਹੈ। ਉਹ ਪਹਿਲਾਂ ਜਿੰਨਾ ਹੀ ਤੰਦਰੁਸਤ ਅਤੇ ਮਜ਼ਬੂਤ ਹੈ ਅਤੇ ਚਾਰ ਆਮ ਆਦਮੀਆਂ ਜਿੰਨਾ ਕੰਮ ਕਰਦਾ ਹੈ, ਜਿਵੇਂ ਉਹ ਪਹਿਲਾਂ ਕਰਦਾ ਹੁੰਦਾ ਸੀ। ਉਹ ਪਹਿਲਾਂ ਦੀ ਤਰ੍ਹਾਂ ਹੀ ਗੰਭੀਰ ਅਤੇ ਅਡੋਲ-ਚਿੱਤ ਹੈ। ਉਸ ਦੇ ਗੁਆਂਢੀਆਂ ਨੇ ਦੇਖਿਆ ਹੈ ਕਿ ਜਦੋਂ ਤੋਂ ਉਹ ਮਾਸਕੋ ਤੋਂ ਵਾਪਸ ਆਇਆ ਹੈ ਉਸ ਨੇ ਕਦੇ ਵੀ ਔਰਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਸ ਨੇ ਕੋਈ ਕੁੱਤਾ ਨਹੀਂ ਪਾਲਿਆ।

"ਇਹ ਉਸ ਦੇ ਲਈ ਚੰਗਾ ਹੀ ਹੈ" ਉਹ ਅਕਸਰ ਟਿੱਪਣੀ ਕਰਦੇ ਹਨ, "ਕਿ ਉਹ ਔਰਤ ਕੋਲੋਂ ਪ੍ਰੇਸ਼ਾਨ ਹੋਣ ਦੇ ਦੁੱਖ ਤੋਂ ਤਾਂ ਬਚਿਆ ਹੋਇਆ ਹੈ।" ਜਿਥੋਂ ਤੱਕ ਕੁੱਤੇ ਦਾ ਸਵਾਲ ਹੈ - ਉਸ ਨੇ ਕੁੱਤੇ ਤੋਂ ਕੀ ਲੈਣਾ ਹੈ? ਬੈਲਾਂ ਦੀ ਜੋੜੀ ਨਾਲ ਖਿੱਚ ਕੇ ਵੀ ਕੋਈ ਚੋਰ ਉਸ ਦੀ ਕੁੱਲੀ ਤਕ ਨਹੀਂ ਲਿਆਂਦਾ ਜਾ ਸਕਦਾ।"

ਇਸ ਪ੍ਰਕਾਰ ਇਹ ਕਹਾਣੀ ਦਿਓਕੱਦ ਅਤੇ ਸ਼ਕਤੀਸ਼ਾਲੀ ਬੋਲ਼ੇ-ਗੂੰਗੇ ਭੋਂ-ਗ਼ੁਲਾਮ ਬਾਰੇ ਸੁਣਾਈ ਜਾਂਦੀ ਹੈ।

ਸਮਾਪਤ